ਲੰਡਨ: ਪੰਜਾਬ ਪੁਲਿਸ ਵਲੋਂ ਪਿਛਲੇ ਸਾਲ 4 ਨਵੰਬਰ ਨੂੰ ਗ੍ਰਿਫਤਾਰ ਕੀਤੇ ਗਏ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਦੇ ਹੱਕ ਵਿੱਚ ਇੰਗਲੈਂਡ ਦੇ ਸ਼ਹਿਰ ਬ੍ਰਮਿੰਘਮ ਅਤੇ ਸਕਾਟਲੈਂਡ ਦੇ ਸਹਿਰ ਐਡਨਬਰਾ ਸਥਿਤ ਭਾਰਤੀ ਦੂਤ ਘਰਾਂ ਮੂਹਰੇ ਇੱਕੋ ਵਕਤ, ਇੱਕੋ ਦਿਨ ਭਾਰੀ ਰੋਸ ਮੁਜ਼ਾਹਰੇ ਕੀਤੇ ਗਏ । ਸਿੱਖ ਯੂਥ ਯੂ,ਕੇ, ਸਿੱਖ ਜਥੇਬੰਦੀਆਂ ਦੇ ਸਾਝੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਾਈਜੇਸ਼ਨਜ਼ ਯੂ,ਕੇ ਅਤੇ ਜੱਗੀ ਜੌਹਲ ਦੇ ਪਰਿਵਾਰ ਵਲੋਂ ਕੀਤੇ ਗਏ ਇਹਨਾਂ ਰੋਸ ਮੁਜ਼ਾਹਰਿਆਂ ਵਿੱਚ ਸੈਂਕੜੇ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ ।
ਜਗਤਾਰ ਸਿੰਘ ਜੌਹਲ ਦੇ ਭਰਾ ਭਾਈ ਗੁਰਪ੍ਰੀਤ ਸਿੰਘ ਜੌਹਲ , ਸਿੱਖ ਫੈਡਰੇਸ਼ਨ ਯੂ,ਕੇ ਦੇ ਮੁਖੀ ਭਾਈ ਅਮਰੀਕ ਸਿੰਘ ਗਿੱਲ, ਭਾਈ ਕੁਲਦੀਪ ਸਿੰਘ ਚਹੇੜੂ, ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਭਾਈ ਲਵਸਿ਼ੰਦਰ ਸਿੰਘ ਡੱਲੇਵਾਲ, ਧਰਮਯੁੱਧ ਜਥਾ ਦਮਦਮੀ ਟਕਸਾਲ ਦੇ ਮੁਖੀ ਭਾਈ ਚਰਨ ਸਿੰਘ , ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ,ਕੇ ਦੇ ਮੁਖੀ ਭਾਈ ਜਸਪਾਲ ਸਿੰਘ ਬੈਂਸ, ਸਿੱਖ ਯੂਥ ਯੂ,ਕੇ ਦੇ ਮੁਖੀ ਭਾਈ ਕੀਪਾ ਸਿੰਘ, ਬੱਬਰ ਅਕਾਲੀ ਜਥੇਬੰਦੀ ਦੇ ਭਾਈ ਜੋਗਾ ਸਿੰਘ, ਭਾਈ ਸਮਸ਼ੇਰ ਸਿੰਘ , ਭਾਈ ਮੰਗਲ ਸਿੰਘ, ਭਾਈ ਰਜਿੰਦਰ ਸਿੰਘ ਚਿੱਟੀ, ਭਾਈ ਸਤਵਿੰਦਰ ਸਿੰਘ ਜਾਗੋਵਾਲਾ, ਭਾਈ ਬੌਬੀ ਸਿੰਘ ਸਮੇਤ ਅਨੇਕਾਂ ਪੰਥਕ ਬੁਲਾਰਿਆਂ ਨੇ ਸਿੱਖ ਸੰਗਤਾਂ ਨੂੰ ਸੰਬੋਧਨ ਕਰਦਿਆਂ ਭਾਈ ਜਗਤਾਰ ਸਿੰਘ ਜੌਹਲ ਦੇ ਹੱਕ ਵਿੱਚ ਅਵਾਜ ਬੁਲੰਦ ਕੀਤੀ ।
ਭਾਰਤ ਦੀ ਕੌਮੀ ਜਾਂਚ ਏਜੰਸੀ ਅਤੇ ਪੰਜਾਬ ਪੁਲਿਸ ਵਲੋਂ ਜਗਤਾਰ ਸਿੰਘ ਜੱਗੀ ਜੌਹਲ ‘ਤੇ ਕੀਤੇ ਗਏ ਅਣਮਨੁੱਖੀ ਤਸ਼ੱਦਦਾਂ ਨੂੰ ਬੇਨਕਾਬ ਕਰਦਿਆਂ ਉਸਦੀ ਯੂ.ਕੇ ਵਾਪਸੀ ਦੀ ਅਵਾਜ ਚੁੱਕੀ ਗਈ । ਇਹਨਾਂ ਰੋਸ ਮੁਜ਼ਾਹਰਿਆਂ ਵਿੱਚ ਸਿੱਖ ਸੰਗਤਾਂ ਦੂਰ ਦਰਾਡੇ ਸ਼ਹਿਰਾਂ ਤੋਂ ਪੂਰੇ ਉਤਸ਼ਾਹ ਨਾਲ ਪੁੱਜੀਆਂ। ਬ੍ਰਮਿੰਘਮ ਅਤੇ ਐਡਨਬਰਾ ਵਿੱਚ ਇੱਕ ਤਰਾਂ ਨਾਲ ਫਰੀ ਜੱਗੀ, ਖਾਲਿਸਤਾਨ ਜਿੰਦਾਬਾਦ ਦੇ ਨਾਹਰਿਆਂ ਨਾਲ ਗੂੰਜਾਂ ਪੈ ਗਈਆਂ।
ਜੱਗੀ ਦੀ ਘਰ ਵਾਪਸੀ ਲਈ ਬਰਤਾਨੀਆ ਸਰਕਾਰ ਨੂੰ ਕੂਟਨੀਤਕ ਦਬਾਅ ਬਣਾਉਣ ਵਸਤੇ ਆਖਿਆ ਗਿਆ। ਇਸਦੇ ਨਾਲ ਹੀ ਭਾਰਤੀ ਦੂਤਾਵਾਸ ਦੇ ਅਫਸਰਾਂ ਨੂੰ ਸਪੱਸ਼ਟ ਸੁਨੇਹਾ ਦਿੰਦਿਆਂ ਪ੍ਰਬੰਧਕਾਂ ਨੇ ਕਿਹਾ ਕਿ, “ਅਸੀਂ ਤੁਹਾਡੇ ਪਾਸੋਂ ਕੋਈ ਭੀਖ ਮੰਗਣ ਨਹੀਂ ਆਏ, ਬਲਕਿ ਆਪਣੇ ਹੱਕ ਮੁਤਾਬਿਕ ਤੁਹਾਡੇ ਬੋਲੇ ਕੰਨਾਂ ਨੂੰ ਖੋਹਲਣ ਵਾਸਤੇ ਆਏ ਹਾਂ। ਤੁਸੀਂ ਇੱਕ ਜੱਗੀ ਫੜਿਆ ਹੈ ਅੱਜ ਲੱਖਾਂ ਜੱਗੀ ਉਸਦੇ ਮਗਰ ਖੜੋਤੇ ਹਨ, ਉਹ ਸਾਡਾ ਬੱਚਾ ਅਤੇ ਸਾਡਾ ਭਰਾ ਹੈ।”
ਬ੍ਰਮਿਮੰਘਮ ਵਿੱਚ ਰੋਸ ਪ੍ਰਦਰਸ਼ਨ ਅਰੰਭ ਹੋਣ ਤੋਂ ਕੁੱਝ ਸਮਾਂ ਪਹਿਲਾਂ ਹੀ ਭਾਰਤੀ ਦੂਤ ਘਰ ਨੇ ਜਨਤਕ ਦਰਵਾਜਾ ਬੰਦ ਕਰ ਦਿੱਤਾ ਪਰ ਸਾਰਾ ਸਟਾਫ ਅੰਦਰ ਬੈਠ ਕੇ ਭਾਰਤ ਸਰਕਾਰ ਅਤੇ ਪੰਜਾਬ ਪੁਲਿਸ ਦੇ ਜੁਲ਼ਮੀਂ ਵਰਤਾਰੇ ਦਾ ਵਿਰੋਧ ਕਰਦੀਆਂ ਸਿੱਖ ਸੰਗਤਾਂ ਅਤੇ ਬੁਲਾਰਿਆਂ ਪਾਸੋਂ ਲਾਹਣਤਾਂ ਸੁਣਦਾ ਅਤ ਵਾਚਦਾ ਰਿਹਾ । ਸਿੱਖ ਨੌਜਵਾਨਾਂ ਵਿੱਚ ਜਗਤਾਰ ਸਿੰਘ ਜੌਹਲ ਤੇ ਪੁਲਿਸ ਵਲੋਂ ਕੀਤੇ ਗਏ ਅਣਮਨੁੱਖੀ ਤਸ਼ੱਦਦ ਅਤੇ ਦਰਜ ਕੀਤੇ ਝੂਠੇ ਮੁਕੱਦਮਿਆਂ ਕਾਰਨ ਭਾਰੀ ਰੋਸ ਸੀ , ਜਿਸਦਾ ਪ੍ਰਗਟਾਵਾ ਭਾਰਤ ਦੇ ਤਿਰੰਗੇ ਨੂੰ ਸਾੜ ਕੇ ਕੀਤਾ ਗਿਆ ।