ਮੋਹਾਲੀ: ਪੰਜਾਬ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਦੀ ਇੱਕ ਮਾਮਲੇ ਵਿੱਚ ਜਮਾਨਤ ਦੀ ਅਰਜੀ ਉੱਤੇ ਅੱਜ ਮੁਹਾਲੀ ਸਥਿੱਤ ਖਾਸ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ (ਨੈ.ਈ.ਏ.) ਅਦਾਲਤ ਵਿੱਚ ਸੁਣਵਾਈ ਹੋਈ। ਅਦਾਲਤ ਨੇ ਇਸ ਮਾਮਲੇ ਦੀ ਉੱਤੇ ਬਹਿਸ ਲਈ 18 ਜੂਨ ਦੀ ਤਰੀਕ ਮਿੱਥੀ ਹੈ।
ਸਿੱਖ ਸਿਆਸਤ ਵੱਲੋਂ ਸੰਪਰਕ ਕੀਤੇ ਜਾਣ ਉੱਤੇ ਦੱਸਿਆ ਇਹ ਸੁਣਵਾਈ ਅਮਿਤ ਅਰੋੜਾ ਉੱਤੇ ਹੋਏ ਕਥਿਤ ਹਮਲੇ ਦੇ ਮਾਮਲੇ ਵਿੱਚ ਹੋਈ ਹੈ। ਪਹਿਲਾਂ ਪੰਜਾਬ ਪੁਲਿਸ ਨੇ ਇਸ ਹਮਲੇ ਨੂੰ ਫਰਜ਼ੀ ਦੱਸਦਿਆਂ ਅਮਿਤ ਅਰੋੜਾ ਨੂੰ ਆਪਣੇ ਉੱਤੇ ਹਮਲੇ ਦੀ ਨਕਲੀ ਕਹਾਣੀ ਘੜਨ ਦੇ ਦੋਸ਼ਾਂ ਹੇਠ ਗਿਫ੍ਰਤਾਰ ਕਰ ਲਿਆ ਸੀ। ਪਰ ਬਾਅਦ ਵਿੱਚ ਜਗਤਾਰ ਸਿੰਘ ਜੱਗੀ ਅਤੇ ਹੋਰਨਾਂ ਦੀਆਂ ਗਿ੍ਰਫਤਾਰੀਆਂ ਤੋਂ ਬਾਅਦ ਹਮਲੇ ਨੂੰ ਸਹੀ ਦੱਸਦਿਆਂ ਉਹਨਾਂ ਦੀ ਇਸ ਮਾਮਲੇ ਵਿੱਚ ਵੀ ਗਿ੍ਰਫਤਾਰੀ ਕਰ ਲਈ ਸੀ। ਬਾਅਦ ਵਿੱਚ ਇਹ ਮਾਮਲਾ ਪੰਜਾਬ ਪੁਲਿਸ ਕੋਲੋਂ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ (ਨੈ.ਈ.ਏ.) ਕੋਲ ਭੇਜ ਦਿੱਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਜਗਤਾਰ ਸਿੰਘ ਜੱਗੀ ਜੌਹਲ ਖਿਲਾਫ ਪੰਜਾਬ ਪੁਲਿਸ ਅਤੇ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ (ਨੈ.ਈ.ਏ.) ਨੇ ਕਈ ਮਾਮਲੇ ਦਰਜ਼ ਕੀਤੇ ਹਨ ਜਿਹਨਾਂ ਵਿੱਚੋਂ ਇਕ ਮਾਮਲਾ ਫਰੀਦਕੋਟ ਦੇ ਵਧੀਕ ਸੈਸ਼ਨ ਜੱਜ ਦੀ ਅਦਾਲਤ ਵੱਲੋਂ ਪਹਿਲਾਂ ਹੀ ਖਾਰਿਜ (ਡਿਸਚਾਰਜ) ਵੀ ਕੀਤਾ ਜਾ ਚੁੱਕਾ ਹੈ।