ਮੋਹਾਲੀ: ਜਗਤਾਰ ਸਿੰਘ ਜੱਗੀ ਦੇ ਵਕੀਲ ਨੇ ਅੱਜ (22 ਦਸੰਬਰ) ਐਨ.ਆਈ.ਏ. ਵਿਸ਼ੇਸ਼ ਅਦਾਲਤ ‘ਚ ਜੱਜ ਅੰਸ਼ੁਲ ਬੇਰੀ ਕੋਲ ਅਰਜ਼ੀ ਲਾ ਕੇ ਮੰਗ ਕੀਤੀ ਕਿ ਜੱਗੀ ਦੀ ਮਾਨਸਿਕ ਦਸ਼ਾ ਦੀ ਅਜ਼ਾਦ ਮੈਡੀਕਲ ਜਾਂਚ ਕਰਵਾਈ ਜਾਵੇ।
ਜਗਤਾਰ ਸਿੰਘ ਜੱਗੀ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਅਦਾਲਤ ਨੂੰ ਦੱਸਿਆ ਕਿ ਉਹ ਬੀਤੇ ਕੱਲ੍ਹ (21 ਦਸੰਬਰ) ਜੱਗੀ ਨੂੰ ਖਰੜ ਸੀ.ਆਈ.ਏ. ਸਟਾਫ ‘ਚ ਮਿਲੇ ਸਨ। ਐਨ.ਆਈ.ਏ. ਦੇ ਅਧਿਕਾਰੀਆਂ ਨੇ ਆਪਣੀ ਮੌਜੂਦਗੀ ‘ਚ ਜੱਗੀ ਨਾਲ ਸਿਰਫ 5 ਮਿੰਟ ਲਈ ਮਿਲਣ ਦਿੱਤਾ।
ਉਨ੍ਹਾਂ ਦੱਸਿਆ, “ਮੈਂ ਜਦੋਂ ਕੱਲ੍ਹ ਜੱਗੀ ਨੂੰ ਮਿਲਿਆ ਤਾਂ ਉਹ ਸਰੀਰਕ ਤੌਰ ‘ਤੇ ਬਹੁਤ ਥੱਕਿਆ ਹੋਇਆ ਅਤੇ ਮਾਨਸਿਕ ਤੌਰ ‘ਤੇ ਬਹੁਤ ਪਰੇਸ਼ਾਨ ਪ੍ਰਤੀਤ ਹੋ ਰਿਹਾ ਸੀ। ਉਹ ਪਹਿਲਾਂ ਹੋਈਆਂ ਮੁਲਾਕਾਤਾਂ ਦੇ ਮੁਕਾਬਲੇ ਚੇਤੰਨ ਨਹੀਂ ਸੀ ਅਤੇ ਠੀਕ ਪ੍ਰਤੀਕ੍ਰਿਆ ਨਹੀਂ ਕਰ ਰਿਹਾ ਸੀ।
ਵਕੀਲ ਮੰਝਪੁਰ ਨੇ ਅਦਾਲਤ ਸਾਹਮਣੇ ਗੰਭੀਰ ਚਿੰਤਾ ਜਾਹਰ ਕੀਤੀ ਕਿ ਹਿਰਾਸਤ ‘ਚ ਪਰੇਸ਼ਨ ਕੀਤੇ ਜਾਣ ਕਰਕੇ ਜਗਤਾਰ ਸਿੰਘ ਜੱਗੀ ਦਾ ‘ਮਾਨਸਿਕ ਤਵਾਜ਼ਨ’ ਠੀਕ ਨਹੀਂ ਲੱਗ ਰਿਹਾ ਸੀ। ਉਨ੍ਹਾਂ ਕਿਹਾ, “ਮੈਂ ਆਪਣੀ ਪੇਸ਼ੇਵਰਾਨਾ ਰਾਏ ਮੁਤਾਬਕ ਕਹਿ ਸਕਦਾ ਹਾਂ ਕਿ ਉਹ ਪੁਲਿਸ ਅਤੇ ਏਜੰਸੀਆਂ ਦੇ ਬਹੁਤ ਜ਼ਿਆਦਾ ਦਬਾਅ ਥੱਲ੍ਹੇ ਸੀ।”
ਜੱਗੀ ਦੇ ਵਕੀਲ ਨੇ ਫੌਰੀ ਤੌਰ ‘ਤੇ ਡਾਕਟਰਾਂ ਅਤੇ ਮਨੋਵਿਗਿਆਨੀ ਮਾਹਰਾਂ ਦੀ ਟੀਮ ਵਲੋਂ ਜੱਗੀ ਦੀ ਜਾਂਚ ਕੀਤੇ ਜਾਣ ਦੀ ਮੰਗ ਕੀਤੀ।
ਸਬੰਧਤ ਖ਼ਬਰ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
ਐਨ.ਆਈ.ਏ. ਵਲੋਂ ਜਵਾਬ ਦੇਣ ਲਈ ਸਮਾਂ ਮੰਗੇ ਜਾਣ ‘ਤੇ ਅਦਾਲਤ ਨੇ ਇਸ ਮਾਮਲੇ ‘ਚ ਸੁਣਵਾਈ ਲਈ 26 ਦਸੰਬਰ ਤਰੀਕ ਤੈਅ ਕੀਤੀ ਹੈ।
ਇਸ ਤੋਂ ਪਹਿਲਾਂ ਐਨ.ਆਈ.ਏ. ਨੇ ਦੁਰਗਾ ਪ੍ਰਸਾਦ ਕਤਲ ਕੇਸ ‘ਚ ਜਗਤਾਰ ਸਿੰਘ ਜੱਗੀ ਨੂੰ ਅਦਾਲਤ ‘ਚ ਪੇਸ਼ ਕੀਤਾ ਅਤੇ ਅਦਾਲਤ ਨੇ ਜੱਗੀ ਨੂੰ ਨਿਆਂਇਕ ਹਿਰਾਸਤ ‘ਚ ਜੇਲ੍ਹ ਭੇਜਣ ਦਾ ਹੁਕਮ ਦੇ ਕੇ ਕੇਸ ਦੀ ਅਗਲੀ ਤਰੀਕ 20 ਜਨਵਰੀ 2018 ਪਾ ਦਿੱਤੀ।
ਨਿਆਂਇਕ ਹਿਰਾਸਤ ਦੇ ਅਦਾਲਤ ਨੇ ਹੁਕਮ ਤੋਂ ਫੌਰੀ ਬਾਅਦ ਐਨ.ਆਈ.ਏ. ਨੇ ਜੱਗੀ ਦੀ ਹੋਰ ਕੇਸ ‘ਚ ਗ੍ਰਿਫਤਾਰੀ ਦਿਖਾ ਕੇ 12 ਦਿਨਾਂ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ। ਅਦਾਲਤ ਵਲੋਂ 4 ਦਿਨਾਂ ਦਾ ਪੁਲਿਸ ਰਿਮਾਂਡ ਐਨ.ਆਈ.ਏ. ਨੂੰ ਦੇ ਦਿੱਤਾ ਗਿਆ। ਜੱਗੀ ਨੂੰ ਹੁਣ 26 ਦਸੰਬਰ ਨੂੰ ਮੋਹਾਲੀ ਦੀ ਐਨ.ਆਈ.ਏ. ਵਿਸ਼ੇਸ਼ ਅਦਾਲਤ ‘ਚ ਪੇਸ਼ ਕੀਤਾ ਜਾਣਾ ਹੈ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: