ਕੁਰੂਕਸ਼ੇਤਰ (26 ਜੁਲਾਈ 2014): ਹਰਿਆਣਾ ਸਰਕਾਰ ਵੱਲੋਂ ਹਰਿਆਣਾ ਗੁਰਦੁਆਰਾ ਕਮੇਟੀ ਬਣਾਉਣ ਤੋਂ ਬਾਅਦ ਅੱਜ ਕਮੇਟੀ ਪਹਿਲੀ ਬੈਠਕ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਬਣੀ ਐਡਹਾਕ ਕਮੇਟੀ ਦੀ ਪਹਿਲੀ ਬੈਠਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ੂਰੀ ਵਿੱਚ ਡੇਰਾ ਬਾਬਾ ਚਰਨ ਸਿੰਘ ਕਾਰ ਸੇਵਾ ਕੁਰੂਕਸ਼ੇਤਰ ‘ਚ ਹੋਈ ਜਿਸ ‘ਚ ਕਮੇਟੀ ਦੇ 5 ਅਹੁਦੇਦਾਰਾਂ ਸਮੇਤ 11 ਮੈਂਬਰੀ ਕਾਰਜਕਾਰਣੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ।
ਜਗਦੀਸ਼ ਸਿੰਘ ਝੀਂਡਾ ਨੂੰ ਕਮੇਟੀ ਦਾ ਪ੍ਰਧਾਨ, ਦੀਦਾਰ ਸਿੰਘ ਨਲਵੀ ਸੀਨੀਅਰ ਮੀਤ ਪ੍ਰਧਾਨ, ਹਰਪਾਲ ਸਿੰਘ ਮਛੌਡਾ ਨੂੰ ਮੀਤ ਪ੍ਰਧਾਨ, ਜੋਗਾ ਸਿੰਘ ਯਮੁਨਾਨਗਰ ਨੂੰ ਜਨਰਲ ਸਕੱਤਰ ਅਤੇ ਭੂਪਿੰਦਰ ਸਿੰਘ ਅਸੰਧ ਨੂੰ ਸਕੱਤਰ ਚੁਣਿਆ ਗਿਆ ਜਦਕਿ ਜਗਦੇਵ ਸਿੰਘ ਮਟਦਾਦੂ, ਸੰਤ ਗੁਰਮੀਤ ਸਿੰਘ ਤਿਲੋਕੇਵਾਲਾ, ਬਾਬਾ ਬਲਜੀਤ ਸਿੰਘ ਦਾਦੂਵਾਲ, ਅਵਤਾਰ ਸਿੰਘ ਚੱਕੂ, ਮੋਹਨਜੀਤ ਸਿੰਘ ਪਾਣੀਪਤ ਅਤੇ ਸਵਰਨ ਸਿੰਘ ਰਤੀਆ ਨੂੰ ਕਾਰਜਕਾਰਣੀ ‘ਚ ਲਿਆ ਗਿਆ ਹੈ।
ਕਮੇਟੀ ਦੇ ਧਰਨਮ ਪ੍ਰਚਾਰ ਵਿੰਗ ਦਾ ਚੇਅਰਮੈਨ ਬਾਬਾ ਗੁਰਮੀਤ ਸਿੰਘ ਤਿਲੋਕੇਵਾਲਾ ਬਣਾਇਆ ਗਿਆ ਹੈ । ਬੈਠਕ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ‘ਚ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਅਰਦਾਸ ਕੀਤੀ।
ਇਸ ਤੋਂ ਬਾਅਦ ਬੈਠਕ ਦੀ ਕਾਰਵਵਾਈ ਸ਼ੁਰੂ ਕਰਨ ‘ਤੇ ਸੰਤ ਬਾਬਾ ਗੁਰਮੀਤ ਸਿੰਘ ਤਿਲੋਕੇਵਾਲਾ ਨੂੰ ਬੈਠਕ ਦਾ ਪ੍ਰਧਾਨ ਬਣਾਇਆ ਗਿਆ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸ਼ੋ੍ਰਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਬਾਬਾ ਚਰਨ ਸਿੰਘ ਕਾਰ ਸੇਵਾ ਵਾਲੇ ਬੈਠਕ ‘ਚ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।
ਐਡਹਾਕ ਕਮੇਟੀ ਨੇ ਮਤਾ ਪਾਸ ਕਰਕੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੂੰ ਬੇਨਤੀ ਕੀਤੀ ਹੈ ਕਿ ਉਹ ਸ਼੍ਰੋਮਣੀ ਕਮੇਟੀ ਨੂੰ ਹਰਿਆਣਾ ਦੇ ਗੁਰਦੁਆਰਾ ਸਹਿਬਾਨ ਵਿਚੋਂ ਟਾਸਕ ਫੋਰਸ ਬਾਹਰ ਕੱਢਣ ਲਈ ਹੁਕਮ ਕਰਨ।ਸ਼੍ਰੋਮਣੀ ਕਮੇਟੀ ਅਤੇ ਬਾਦਲ ਦਲ ਨੇ ਗੁਦੁਆਰਾ ਸਹਿਬਾਨ ਵਿੱਚ ਟਾਸਕ ਫੋਰਸ ਅਤੇ ਬਾਦਲ ਦਲ ਦੇ ਕਾਰਕੂਨਾਂ ਨੂੰ ਤਇਨਾਤ ਕੀਤਾ ਹੈ ਤਾਂਕਿ ਹਰਿਆਣਾ ਕਮੇਟੀ ਵੱਲੋਂ ਗੁਰਦੁਆਰਾ ਸਹਿਬਾਨ ਦਾ ਕਬਜ਼ਾ ਲਈ ਦੀ ਕਾਰਵਾਈ ਨੂੰ ਰੋਕਿਆ ਜਾਵੇ।