ਮੁਹਾਲੀ/ਚੰਡੀਗੜ੍ਹ: ਵੱਖ-ਵੱਖ ਮਾਮਲਿਆਂ ਵਿੱਚ ਨਾਮਜ਼ਦ ਕੀਤੇ ਗਏ ਬਰਤਾਨਵੀ ਸਿੱਖ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਅਤੇ ਰਮਨਦੀਪ ਸਿੰਘ ਬੱਗਾ ਤੇ ਹਰਦੀਪ ਸਿੰਘ ਸ਼ੇਰਾ ਸਮੇਤ ਕੁੱਲ 11 ਜਣਿਆਂ ਨੂੰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਨੈ.ਇ.ਏ.) ਵੱਲੋਂ 11 ਜੁਲਾਈ ਨੂੰ ਮੁਹਾਲੀ ਦੀ ਖਾਸ ਅਦਾਲਤ ਵਿਚ ਪੇਸ਼ ਕੀਤਾ ਗਿਆ।
ਨੈ.ਇ.ਏ. ਨੇ ਸਾਲ 2017 ਵਿਚ ਗ੍ਰਿਫਤਾਰ ਕੀਤੇ ਇਨ੍ਹਾਂ ਨੌਜਵਾਨਾਂ ਤਕਰੀਬਨ ਦੋ ਸਾਲ ਬਾਅਦ ਸਾਲ 2016 ਵਿਚ ਹੋਏ ਜਗਦੀਸ਼ ਗਗਨੇਜਾ ਦੇ ਕਤਲ ਦੇ ਮਾਮਲੇ ਵਿਚ ਨਾਮਜ਼ਦ ਕੀਤਾ ਹੈ।
ਨੈ.ਇ.ਏ. ਵੱਲੋਂ 10 ਜਣਿਆਂ ਨੂੰ ਅਦਾਲਤ ਹਿਰਾਸਤ ਵਿਚ ਭੇਜਣ ਲਈ ਕਿਹਾ ਗਿਆ ਪਰ ਰਮਨਦੀਪ ਸਿੰਘ ਬੱਗਾ ਦੇ 7 ਦਿਨਾਂ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਗਈ।
ਅਦਲਾਤ ਨੇ ਰਮਨਦੀਪ ਸਿੰਘ ਬੱਗਾ ਦਾ 5 ਦਿਨਾਂ ਦਾ ਪੁਲਿਸ ਰਿਮਾਂਡ ਦੇਂਦਿਆਂ ਬਾਕੀ 10 ਜਣਿਆਂ ਨੂੰ ਅਦਾਲਤੀ ਹਿਰਾਸਤ ਵਿਚ ਵਾਪਸ ਜੇਲ੍ਹ ਭੇਜ ਦਿੱਤਾ। ਬਚਾਅ ਪੱਖ ਦੇ ਵਕੀਲ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਰਮਨਦੀਪ ਸਿੰਘ ਬੱਗਾ ਨੂੰ ਹੁਣ 16 ਜੁਲਾਈ ਨੂੰ ਅਦਾਲਤ ਵਿਚ ਮੁੜ ਪੇਸ਼ ਕੀਤਾ ਜਾਵੇਗਾ।
ਵਕੀਲ ਜਸਪਾਲ ਸਿੰਘ ਮੰਝਪੁਰ ਨੇ ਕਿਹਾ ਕਿ ਨੈ.ਇ.ਏ. ਵੱਲੋਂ ਇਨ੍ਹਾਂ ਨੌਜਵਾਨਾਂ ਨੂੰ ਗ੍ਰਿਫਤਾਰੀ ਦੇ ਤਕਰੀਬਨ ਦੋ ਸਾਲ ਬਾਅਦ ਇਸ ਪੁਰਾਣੇ ਮਾਮਲੇ ਵਿਚ ਨਾਮਜ਼ਦ ਕਰਨਾ ਸਾਰੀ ਕਾਰਵਾਈ ਉੱਤੇ ਸਵਾਲ ਖੜ੍ਹੇ ਕਰਦਾ ਹੈ।
ਉਨ੍ਹਾਂ ਦੋਸ਼ ਲਾਇਆ ਕਿ ਨੈ.ਇ.ਏ. ਨੇ ਇਨ੍ਹਾਂ ਨੌਜਵਾਨਾਂ ਦੇ ਹੋਰ ਛੇ ਮਾਮਲੇ ਤਾਂ ਕੇਂਦਰੀ ਅਦਾਲਤ (ਸੁਪਰੀਪ ਕੋਰਟ) ਵਿਚ ਗਲਤ ਬਿਆਨੀ ਕਰਕੇ ਦਿੱਲੀ ਤਬਦੀਲ ਕਰਵਾ ਲਏ ਹਨ ਪਰ ਤਕਰੀਬਨ ਦੋ ਮਹੀਨੇ ਬੀਤ ਜਾਣ ਤੇ ਵੀ ਦਿੱਲੀ ਦੀ ਅਦਾਲਤ ਵਿਚ ਇਨ੍ਹਾਂ ਮਾਮਲਿਆਂ ਬਾਰੇ ਹਾਲੀ ਕੋਈ ਵੀ ਕਾਰਵਾਈ ਨਹੀਂ ਹੋਈ।