Site icon Sikh Siyasat News

ਜਗਦੀਸ਼ ਗਗਨੇਜਾ ਕੇਸ: ਭਾਜਪਾ ਨੇ ਅੱਜ ਸੱਦੀ ਕੋਰ ਗਰੁੱਪ ਦੀ ਮੀਟਿੰਗ

ਜਲੰਧਰ: ਆਰ. ਐੱਸ. ਐੱਸ. ਦੇ ਪੰਜਾਬ ਮੀਤ ਪ੍ਰਧਾਨ ਜਗਦੀਸ਼ ਗਗਨੇਜਾ ‘ਤੇ ਸ਼ਨੀਵਾਰ ਸ਼ਾਮ ਹੋਏ ਹਮਲੇ ਨੇ ਪੰਜਾਬ ਭਾਜਪਾ ਨੂੰ ਚਿੰਤਤ ਕਰ ਦਿੱਤਾ ਹੈ ਤੇ ਪੰਜਾਬ ਭਾਜਪਾ ਨੇ 7 ਅਗਸਤ ਨੂੰ ਪਾਰਟੀ ਦੀ ਕੋਰ ਗਰੁੱਪ ਦੀ ਹੰਗਾਮੀ ਮੀਟਿੰਗ ਸਰਕਟ ਹਾਊਸ ਵਿਚ ਸੱਦ ਲਈ ਹੈ। ਮੀਟਿੰਗ ਦੇ ਏਜੰਡੇ ਦਾ ਚਾਹੇ ਪਾਰਟੀ ਨੇ ਖ਼ੁਲਾਸਾ ਨਹੀਂ ਕੀਤਾ ਹੈ ਪਰ ਸਮਝਿਆ ਜਾ ਰਿਹਾ ਹੈ ਕਿ ਮੀਟਿੰਗ ਵਿਚ ਮੁੱਖ ਮੁੱਦਾ ਜਗਦੀਸ਼ ਗਗਨੇਜਾ ‘ਤੇ ਹੋਏ ਹਮਲੇ ਦਾ ਹੀ ਹੋਏਗਾ ਕਿਉਂਕਿ ਰਾਜ ਵਿਚ ਆਰ.ਐੱਸ.ਐੱਸ. ਦੇ ਵੱਡੇ ਆਗੂ ‘ਤੇ ਹੋਏ ਹਮਲੇ ਨੇ ਨਾ ਸਿਰਫ਼ ਪੰਜਾਬ ਭਾਜਪਾ ਨੂੰ ਸਗੋਂ ਕੇਂਦਰੀ ਆਰ.ਐੱਸ.ਐੱਸ. ਅਤੇ ਭਾਜਪਾ ਨੂੰ ਵੀ ਚਿੰਤਤ ਕਰ ਦਿੱਤਾ ਹੈ।

ਜਗਦੀਸ਼ ਗਗਨੇਜਾ (ਫਾਈਲ ਫੋਟੋ), ਜ਼ੇਰੇ ਇਲਾਜ ਗਗਨੇਜਾ

ਕੋਰ ਗਰੁੱਪ ਦੀ ਹੋਣ ਵਾਲੀ ਬੈਠਕ ਵਿਚ ਪੰਜਾਬ ਭਾਜਪਾ ਵੱਲੋਂ ਗਗਨੇਜਾ ‘ਤੇ ਹੋਏ ਹਮਲੇ ‘ਤੇ ਵਿਚਾਰਾਂ ਤੋਂ ਇਲਾਵਾ ਇਸ ਮਾਮਲੇ ਵਿਚ ਪੰਜਾਬ ਸਰਕਾਰ ਨੂੰ ਆਰ. ਐੱਸ. ਐੱਸ. ਅਤੇ ਭਾਜਪਾ ਆਗੂਆਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਕਿਹਾ ਜਾ ਸਕਦਾ ਹੈ। ਇਸ ਮੌਕੇ ਸੀਨੀਅਰ ਪੁਲੀਸ ਅਫ਼ਸਰ ਅਤੇ ਭਾਜਪਾ ਦੇ ਸੀਨੀਅਰ ਆਗੂ ਪਹੁੰਚ ਗਏ ਜਿਨ੍ਹਾਂ ਵਿਚ ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਮੁੱਖ ਸੰਸਦੀ ਸਕੱਤਰ ਕੇਡੀ ਭੰਡਾਰੀ, ਜ਼ਿਲਾ ਪ੍ਰਧਾਨ ਰਮੇਸ਼ ਸ਼ਰਮਾ, ਐਸਸੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਰਾਜੇਸ਼ ਬਾਘਾ ਆਦਿ ਸ਼ਾਮਲ ਸਨ।

ਪਤਾ ਚੱਲਿਆ ਹੈ ਕਿ ਭਲਕੇ ਸ਼ਹਿਰ ਵਿੱਚ ਆਰਐਸਐਸ ਦੀ ਇਕ ਸੂਬਾਈ ਮੀਟਿੰਗ ਹੋਣ ਜਾ ਰਹੀ ਸੀ ਜਿਸ ਦੀਆਂ ਤਿਆਰੀਆਂ ਵਿਚ ਗਗਨੇਜਾ ਰੁੱਝੇ ਹੋਏ ਸਨ। ਇਸ ਦੌਰਾਨ ਭਾਜਪਾ ਦੇ ਕਿਸਾਨ ਮੋਰਚੇ ਦੇ ਕੌਮੀ ਸਕੱਤਰ ਸੁਖਮਿੰਦਰ ਪਾਲ ਸਿੰਘ ਗਰੇਵਾਲ ਨੇ ਬ੍ਰਿਗੇਡੀਅਰ ਸੇਵਾਮੁਕਤ ਗਗਨੇਜਾ ’ਤੇ ਹੋਏ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਪੰਜਾਬ ਵਿਚ ਮਾਫੀਆ ਗਰੋਹ ਸਰਗਰਮ ਹਨ ਅਤੇ ਸੁਖਬੀਰ ਬਾਦਲ ਨੂੰ ਇਸ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version