ਨਵੀਂ ਦਿੱਲੀ( 27 ਜਨਵਰੀ, 2015): ਭਾਰਤ ਦੇ ਦੌਰੇ ‘ਤੇ ਆਏ ਅਮਰੀਕੀ ਰਾਸ਼ਟਰਪਤੀ ਬਾਰਾਕ ਉਬਾਮਾ ਨੇ ਅੱਜ ਆਪਣੇ ਦੌਰੇ ਨੂੰ ਸਮੇਟਦਿਆਂ ਉਨ੍ਹਾਂ ਆਖਿਆ, ‘‘ਹਰ ਕਿਸੇ ਨੂੰ ਬਿਨਾਂ ਕਿਸ ਭੈਅ, ਸਜ਼ਾ ਜਾਂ ਵਿਤਕਰੇ ਤੋਂ ਆਪਣੇ ਧਰਮ ਦੀ ਪੂਜਾ ਅਰਚਨਾ ਜਾਂ ਕਿਸੇ ਵੀ ਧਰਮ ਨੂੰ ਨਾ ਮੰਨਣ ਦਾ ਹੱਕ ਹੈ।’’
ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਧਾਰਮਿਕ ਸਹਿਣਸ਼ੀਲਤਾ ਦੀ ਜ਼ੋਰਦਾਰ ਪੈਰਵੀ ਕਰਦਿਆਂ ਭਾਰਤ ਨੂੰ ਖਬਰਦਾਰ ਕੀਤਾ ਕਿ ਭਾਰਤ ਤਾਂ ਹੀ ਸਫਲ ਹੋ ਸਕੇਗਾ ਜੇ ਇਹ ਆਪਣੇ ਆਪ ਨੂੰ ਧਾਰਮਿਕ ਲੀਹਾਂ ’ਤੇ ਪਾਟੋ-ਧਾੜ ਹੋਣ ਤੋਂ ਬਚਾ ਸਕੇਗਾ।
ਸ੍ਰੀ ਓਬਾਮਾ ਨੇ ਇਹ ਟਿੱਪਣੀਆਂ ਅਜਿਹੇ ਵਕਤ ਕੀਤੀਆਂ ਹਨ ਜਦੋਂ ਭਾਰਤ ਵਿੱਚ ਕੁਝ ਕੱਟੜ ਹਿੰਦੂ ਜਥੇਬੰਦੀਆਂ ਵੱਲੋਂ ਧਰਮ ਪਰਿਵਰਤਨ ਦੇ ਚਲਾਏ ਜਾ ਰਹੇ ਪ੍ਰੋਗਰਾਮਾਂ ਨੂੰ ਲੈ ਕੇ ਬਹਿਸ ਭਖੀ ਹੋਈ ਹੈ।
ਨਵੀਂ ਦਿੱਲੀ ਵਿੱਚ ਸਿਰੀ ਫੋਰਟ ਆਡੀਟੋਰੀਅਮ ਵਿੱਚ 1500 ਲੋਕਾਂ ਦੇ ਇਕੱਠ ਵਿੱਚ ਸ੍ਰੀ ਓਬਾਮਾ ਦੇ ਭਾਸ਼ਣ ਦੌਰਾਨ ਲੋਕਾਂ ਨੇ ਵਾਰ-ਵਾਰ ਤਾੜੀਆਂ ਮਾਰੀਆਂ। ਉਨ੍ਹਾਂ ਇਹ ਗੱਲ ਜ਼ੋਰ ਦੇ ਕੇ ਆਖੀ ਕਿ ਭਾਰਤ ਸਫਲ ਹੋ ਸਕੇਗਾ ਜੇ ਇਹ ਖੁਦ ਨੂੰ ਧਾਰਮਿਕ ਜਾਂ ਹੋਰ ਸੰਕੀਰਨ ਲੀਹਾਂ ’ਤੇ ਪਾਟੋ-ਧਾੜ ਨਹੀਂ ਹੋਣ ਦੇਵੇਗਾ।
ਉਨ੍ਹਾਂ ਕਿਹਾ ਕਿ ਦੁਨੀਆਂ ਭਰ ਵਿੱਚ ਅਜਿਹੇ ਲੋਕਾਂ ਵੱਲੋਂ ਅਸਹਿਣਸ਼ੀਲਤਾ, ਹਿੰਸਾ ਅਤੇ ਦਹਿਸ਼ਤ ਫੈਲਾਈ ਜਾ ਰਹੀ ਹੈ ਜੋ ਆਪਣੇ ਅਕੀਦੇ ’ਤੇ ਪਹਿਰਾ ਦੇਣ ਦੀ ਗੱਲ ਕਰਦੇ ਹਨ। ਅਮਰੀਕਾ ਦੇ ਬੁਨਿਆਦੀ ਦਸਤਾਵੇਜ਼ਾਂ ਅਤੇ ਭਾਰਤ ਦੇ ਸੰਵਿਧਾਨ, ਦੋਵਾਂ ਵਿੱਚ ਧਾਰਮਿਕ ਆਜ਼ਾਦੀ ਦਰਜ ਕੀਤੀ ਗਈ ਹੈ ਅਤੇ ਸਰਕਾਰ ਤੇ ਹਰੇਕ ਨਾਗਰਿਕ ਦਾ ਫਰਜ਼ ਹੈ ਕਿ ਉਹ ਇਸ ਬੁਨਿਆਦੀ ਅਧਿਕਾਰ ਦੀ ਰਾਖੀ ਕਰੇ।