ਫਿਲਮ ਨਾਨਕ ਸ਼ਾਹ ਫਕੀਰ

ਸਿੱਖ ਖਬਰਾਂ

ਇਟਲੀ ਦੀ ਸੰਗਤ ਵੱਲੋਂ ਫ਼ਿਲਮ “ਨਾਨਕ ਸ਼ਾਹ ਫਕੀਰ” ਦਾ ਪੂਰਨ ਤੌਰ ‘ਤੇ ਬਾਈਕਾਟ ਕਰਨ ਦਾ ਐਲਾਨ

By ਸਿੱਖ ਸਿਆਸਤ ਬਿਊਰੋ

April 15, 2015

ਬਰੇਸ਼ੀਆ, ਇਟਲੀ (12 ਅਪ੍ਰੈਲ, 2015): ਸਿੱਖ ਸਿਧਾਤਾਂ ਦੀ ਘੋਰ ਉਲੰਘਣਾ ਕਰਦੀ ਅਤੇ ਗੁਰੂ ਨਾਨਕ ਸਾਹਿਬ, ਭਾਈ ਮਰਦਾਨਾ ਜੀ ਅਤੇ ਬੇਬੇ ਨਾਨਕੀ ਨੂੰ ਪਾਤਰਾਂ ਰਾਹੀਂ ਫਿਲਮੀ ਪਰਦੇ ‘ਤੇ ਦ੍ਰਿਸ਼ਮਾਨ ਕਰਦੀ ਵਿਵਾਦਤ ਫਿਲਮ “ਨਾਨਕ ਸ਼ਾਹ ਫਕੀਰ” ਵਿਰੁੱਧ ਸਮੁੱਚੇ ਸੰਸਾਰ ਵਿੱਚ ਵੱਸਦੀਆਂ ਸਿੱਖ ਸੰਗਤਾਂ ਵਿੱਚ ਗੁੱਸੇ ਅਤੇ ਰੋਹ ਦੀ ਲਹਿਰ ਪੇਦਾ ਹੋ ਗਈ ਹੈ ਅਤੇ ਸਿੱਖਾਂ ਸੰਗਤਾਂ ਸਿੱਖੀ ਸਿਧਾਂਤਾਂ ਦੀ ਉਲੰਘਣਾਂ ਕਰਨ ਵਾਲੀਆਂ ਫਿਲਮਾਂ ‘ਤੇ ਪੁਰਨ ਪਾਬੰਦੀ ਲਉਣ ਦੀ ਮੰਗ ਕਰ ਰਹੀਆਂ ਹਨ।

ਇਟਲੀ ਦੀਆਂ ਸਿੱਖ ਸੰਗਤਾਂ ਦੀ ਹੋਈ ਬੈਠਕ ਵਿਚ ਮੌਜੂਦ ਸਿੱਖ ਆਗੂਆਂ ਵੱਲੋਂ ਪੰਜਾਬੀ ਫ਼ਿਲਮ ‘ਨਾਨਕ ਸ਼ਾਹ ਫ਼ਕੀਰ’ ਵਿਚ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਲਈ ਇਸ ਫ਼ਿਲਮ ਦਾ ਪੂਰਨ ਤੌਰ ‘ਤੇ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ।

ਫ਼ਿਲਮ ਸਬੰਧੀ ਗੱਲਬਾਤ ਕਰਦਿਆਂ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਤੋਂ ਮੰਗ ਕੀਤੀ ਹੈ ਕਿ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਨਿਰਮਾਤਾ ਪ੍ਰਤੀ ਸਖ਼ਤੀ ਵਰਤਦੇ ਹੋਏ ਉਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਤਲਬ ਕਰਕੇ ਸਮਾਜਿਕ ਬਾਈਕਾਟ ਕੀਤਾ ਜਾਵੇ।

ਇਸ ਮੌਕੇ ਮੌਜੂਦ ਭਾਈ ਤੇਜਵਿੰਦਰ ਸਿੰਘ, ਭਾਈ ਮਨਜੀਤ ਸਿੰਘ ਰੋਮ, ਸੁਖਜਿੰਦਰ ਸਿੰਘ, ਭਾਈ ਜੁਗਰਾਜ ਸਿੰਘ, ਗੁਰਵਿੰਦਰ ਸਿੰਘ ਪ੍ਰਧਾਨ ਖ਼ਾਲਸਾ ਐਸੋਸੀਏਸ਼ਨ, ਭਾਈ ਬਲਬੀਰ ਸਿੰਘ ਲੱਲ, ਉੱਘੇ ਸਿੱਖ ਆਗੂ ਰਾਜਵਿੰਦਰ ਸਿੰਘ ਰਾਜਾ, ਬਲਵਿੰਦਰ ਸਿੰਘ ਫੌਜੀ, ਨਾਜਰ ਸਿੰਘ, ਭਾਈ ਕੌਰ ਸਿੰਘ ਆਗੂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਮੇਤ ਪੁੱਜੇ ਅਨੇਕਾਂ ਸਿੱਖ ਨੁਮਾਇੰਦਿਆਂ ਨੇ ਫ਼ਿਲਮ ਨਿਰਮਾਤਾਵਾਂ ਨੂੰ ਤਾੜਨਾ ਕੀਤੀ ਹੈ ਕਿ ਉਹ ਕਿਸੇ ਵੀ ਧਰਮ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੋਂ ਗੁਰੇਜ਼ ਕਰਨ ਤੇ ਕਾਲਪਨਿਕ ਅਦਾਕਾਰਾਂ ਨੂੰ ਗੁਰੂਆਂ-ਪੀਰਾਂ ਵਾਲੀਆਂ ਪਦਵੀਆਂ ਦੇ ਕੇ ਇਤਿਹਾਸ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕਰਕੇ ਲੋਕਾਂ ਨੂੰ ਗੁੰਮਰਾਹ ਨਾ ਕਰਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: