ਸੰਗਰੂਰ: ਲੰਘੇ ਮਹੀਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਗੱਡੀ ’ਤੇ ਜੁੱਤੀ ਸੁੱਟਣ ਤੇ ਕਾਲੀਆਂ ਝੰਡੀਆਂ ਨਾਲ ਵਿਰੋਧ ਕਰਨ ਵਾਲੇ ਸਿੱਖ ਕਾਰਕੁਨਾਂ ਖ਼ਿਲਾਫ਼ ਸੰਗਰੂਰ ਪੁਲੀਸ ਵੱਲੋਂ ਦਰਜ ਮਾਮਲੇ ਵਿਚ ਲਾਈ ਇਰਾਦਾ ਕਤਲ ਦੀ ਧਾਰਾ ਸ਼ਾਮਲ ਕਰਨ ਦਾ ਮਾਮਲਾ ਭਖ਼ਦਾ ਜਾ ਰਿਹਾ ਹੈ। ਵੱਖ-ਵੱਖ ਸਿਆਸੀ ਧਿਰਾਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਕੇਸ ਵਿਚ ਭਾਰਤੀ ਸਜਾਵਲੀ ਦੀ ਧਾਰਾ 307 ਲਾਉਣ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਆਉਂਦੇ ਦਿਨਾਂ ਵਿਚ ਸੰਘਰਸ਼ ਦਾ ਪਿੜ ਭਖ਼ਣ ਦੇ ਆਸਾਰ ਹਨ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਵੱਲੋਂ 25 ਅਕਤੂਬਰ ਨੂੰ ਬਾਅਦ ਦੁਪਹਿਰ ਤਿੰਨ ਵਜੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਹੈ। ਪਾਰਟੀ ਦੇ ਸੂਬਾ ਜਥੇਬੰਦਕ ਸਕੱਤਰ ਗੁਰਨੈਬ ਸਿੰਘ ਰਾਮਪੁਰਾ ਨੇ ਦੱਸਿਆ ਕਿ ਧਰਨਾ ਦੇਣ ਮਗਰੋਂ ਡਿਪਟੀ ਕਮਿਸ਼ਨਰ ਨੂੰ ਧਾਰਾ 307 ਰੱਦ ਕਰਾਉਣ ਲਈ ਮੰਗ ਪੱਤਰ ਸੌਂਪਿਆ ਜਾਵੇਗਾ। ਉਧਰ, ਲੋਕ ਇਨਸਾਫ਼ ਪਾਰਟੀ ਵੱਲੋਂ 29 ਅਕਤੂਬਰ ਤੋਂ ਜ਼ਿਲ੍ਹਾ ਪੁਲੀਸ ਮੁਖੀ ਦੇ ਦਫ਼ਤਰ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਲਾਉਣ ਦਾ ਐਲਾਨ ਕੀਤਾ ਗਿਆ ਹੈ। ਪਾਰਟੀ ਦੇ ਸਕੱਤਰ ਜਨਰਲ ਜਸਵੰਤ ਸਿੰਘ ਗੱਜਣਮਾਜਰਾ ਨੇ ਦੱਸਿਆ ਕਿ 29 ਅਕਤੂਬਰ ਨੂੰ 11 ਵਲੰਟੀਅਰ ਧਰਨੇ ’ਤੇ ਬੈਠਣਗੇ। ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲਿਆਂ ਕਰਕੇ ਸਿੱਖ ਸੰਗਤ ਵਿਚ ਗੁੱਸਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵਲੋਂ ਐੱਸਐੱਸਪੀ ਸੰਗਰੂਰ ਨਾਲ ਮੁਲਾਕਾਤ ਕਰਕੇ ਤੁਰੰਤ ਧਾਰਾ 307 ਹਟਾਉਣ ਦੀ ਮੰਗ ਕੀਤੀ ਗਈ ਸੀ, ਪਰ ਹਫਤਾ ਬੀਤਣ ਦੇ ਬਾਵਜੂਦ ਕਾਰਵਾਈ ਨਹੀਂ ਕੀਤੀ ਗਈ। ਉਧਰ, ‘ਆਪ’ ਦੇ ਬਾਗ਼ੀ ਵਿਧਾਇਕ ਧੜੇ ਦੇ ਆਗੂ ਸੁਖਪਾਲ ਸਿੰਘ ਖਹਿਰਾ ਵੀ 25 ਅਕਤੂਬਰ ਨੂੰ ਇੱਥੇ ਜੇਲ੍ਹ ਵਿਚ ਬੰਦ ਸਿੱਖ ਕਾਰਕੁਨਾਂ ਨਾਲ ਮੁਲਾਕਾਤ ਕਰਨ ਲਈ ਪੁੱਜ ਰਹੇ ਹਨ। ਪਿਰਮਲ ਸਿੰਘ ਖ਼ਾਲਸਾ (ਵਿਧਾਇਕ ਭਦੌੜ) ਨੇ ਦੱਸਿਆ ਕਿ ਭਲਕੇ ਸ੍ਰੀ ਖਹਿਰਾ ਜਿੱਥੇ ਸਿੱਖ ਕਾਰਕੁਨਾਂ ਨਾਲ ਮੁਲਾਕਾਤ ਕਰਨਗੇ, ਉਥੇ ਧਾਰਾ 307 ਰੱਦ ਕਰਾਉਣ ਦੀ ਮੰਗ ਲਈ ਐੱਸਐੱਸਪੀ ਸੰਗਰੂਰ ਨੂੰ ਵੀ ਮਿਲਣਗੇ।