(ਗਜਿੰਦਰ ਸਿੰਘ, ਦਲ ਖਾਲਸਾ) ਅੱਜ ਕੱਲ ਭਾਰਤ ਦੇ ਵੱਖ ਵੱਖ ਸੂਬਿਆਂ ਤੋਂ ਦਲਿਤਾਂ ਨਾਲ ਜ਼ਿਆਦਤੀ ਦੀਆਂ ਖਬਰਾਂ ਆਮ ਪੜ੍ਹਨ ਨੂੰ ਮਿੱਲ ਰਹੀਆਂ ਹਨ। ਫੇਸਬੁੱਕ ਉਤੇ ਇਹੋ ਜਿਹੀਆਂ ਤਸਵੀਰਾਂ ਤੇ ਵੀਡੀਓ ਵੀ ਗਰਦਿਸ਼ ਕਰਦੀਆਂ ਮਿਲਦੀਆਂ ਹਨ, ਜਿਨ੍ਹਾਂ ਵਿੱਚ ਕਿਤੇ ਇੱਕ, ਦੋ ਜਾਂ ਤਿੰਨ ਦਲਿੱਤਾਂ ਨੂੰ ਉੱਚ ਜਾਤ ਦੇ ਹਿੰਦੂਆਂ ਵੱਲੋਂ ਬੁਰੀ ਤਰ੍ਹਾਂ ਕੁਟਿਆ ਮਾਰਿਆ ਜਾ ਰਿਹਾ ਹੁੰਦਾ ਹੈ । ਬਹੁਜਨ ਸਮਾਜ ਪਾਰਟੀ ਦੀ ਨੇਤਾ ਬੀਬੀ ਮਾਇਆਵਤੀ ਬਾਰੇ ਭਾਰਤੀ ਜਨਤਾ ਪਾਰਟੀ ਦੇ ਇੱਕ ਲੀਡਰ ਵੱਲੋਂ ਭੱਦੀ ਸ਼ਬਦਾਵਲੀ ਵਰਤੇ ਜਾਣ ਕਾਰਨ ਯੂਪੀ ਵਿੱਚ ਇੱਕ ਉਬਾਲ ਜਿਹਾ ਵੀ ਆਇਆ ਹੋਇਆ ਹੈ। ਇਹ ਸੱਭ ਕੁੱਝ ਬਹੁਤ ਅਫਸੋਸਨਾਕ ਹੈ, ਨਿੰਦਣਯੋਗ ਹੈ, ਅਤੇ ਦੁੱਖਦਾਈ ਹੈ।
ਹੈਰਾਨੀ ਹੁੰਦੀ ਹੈ ਕਿ ਇੱਕੀਵੀਂ ਸਦੀ ਵਿੱਚ ਵੀ ਭਾਰਤੀ ਹਿੰਦੂਆਂ ਦਾ ਇੱਕ ਵਰਗ ਹਜ਼ਾਰਾਂ ਸਾਲ ਪੁਰਾਣੀ ‘ਮੰਨੂ ਮਾਨਸਿਕਤਾ’ ਵਿੱਚ ਜੀਅ ਰਿਹਾ ਹੈ ।
ਹੈਦਰਾਬਾਦ ਯੂਨੀਵਰਸਿਟੀ ਦੇ ਦਲਿੱਤ ਵਿਦਿਆਰਥੀ ਰੋਹਿਤ ਵੈਮੁੱਲਾ ਨੂੰ ਆਤਮ ਹਤਿਆ ਲਈ ਮਜਬੂਰ ਕੀਤੇ ਜਾਣ ਵਾਲੀ ਗੱਲ ਹਾਲੇ ਪੁਰਾਣੀ ਨਹੀਂ ਹੋਈ ।
ਦਲਿੱਤਾਂ ਨਾਲ ਇਹ ਨਵੀਆਂ ਜ਼ਿਆਦਤੀਆਂ ਗੁਜਰਾਤ ਵਿੱਚ ‘ਗਊ ਰਕਸ਼ਾ’ ਦੇ ਨਾਮ ‘ਤੇ ਸ਼ੁਰੂ ਹੋ ਗਈਆਂ ਹਨ। ਬੀਜੇਪੀ ਦੇ ਤਾਕਤ ਵਿੱਚ ਆਣ ਬਾਅਦ ਪਹਿਲਾਂ ਮੁਸਲਮਾਨਾਂ ਨਾਲ ਗਊ ਮਾਸ ਦੇ ਨਾਮ ਤੇ ਜ਼ਿਆਦਤੀਆਂ ਦਾ ਸਿਲਸਿਲਾ ਸ਼ੁਰੂ ਹੋਇਆ ਸੀ, ਹੁਣ ਦਲਿੱਤ ਵੀ ‘ਗਊ ਮਾਤਾ ਦੀ ਭੇਂਟ’ ਚੜ੍ਹਨ ਲੱਗ ਪਏ ਹਨ। ਕਿਸੇ ਤੇ ਗਊ ਮਾਸ ਖਾਣ ਦਾ ਇਲਜ਼ਾਮ ਲੱਗ ਰਿਹਾ, ਤੇ ਕਿਤੇ ਗਊਆਂ ਢੋਣ ਦਾ ਇਲਜ਼ਾਮ ਲੱਗ ਰਿਹਾ ਹੈ। ਗਰੀਬ ਇਸਾਈ ਵੀ ਜ਼ਿਆਦਤੀਆਂ ਦਾ ਸ਼ਿਕਾਰ ਅਕਸਰ ਹੁੰਦੇ ਹੀ ਰਹਿੰਦੇ ਹਨ। ਅਤੇ ਸਿੱਖਾਂ ਨਾਲ ਹੋਈਆਂ ਅਤੇ ਹੋ ਰਹੀਆਂ ਜ਼ਿਆਦਤੀਆਂ ਦੀ ਇੱਕ ਆਪਣੀ ਵੱਖਰੀ ਤੇ ਲੰਮੀ ਕਹਾਣੀ ਹੈ।
ਇਸ ਸਿਲਸਿਲੇ ਦੀ ਇੱਕ ਤਸਵੀਰ ਜਿਸ ਨੇ ਮੈਨੂੰ ਸੱਭ ਤੋਂ ਜ਼ਿਆਦਾ ਅਪ-ਸੈਟ ਕੀਤਾ ਹੈ, ਉਹ ਦੋ ਛੋਟੇ ਛੋਟੇ ਦਲਿੱਤ ਬਚਿਆਂ ਨੂੰ ਸਿਰ ਵਿੱਚ ਉਸਤਰਾ ਫੇਰ ਕੇ, ਦਰਖੱਤ ਨਾਲ ਬੰਨ੍ਹੇ ਹੋਇਆਂ ਦੀ ਤਸਵੀਰ ਹੈ। ਇਹਨਾਂ ਬਚਿਆਂ ਦੇ ਸਹਿਮੇ ਹੋਏ ਚਿਹਰੇ ਮੇਰੇ ਵਰਗੇ ਕਿਸੇ ਵੀ ਸੰਵੇਦਨਸ਼ੀਲ ਵਿਅਕਤੀ ਦੀ ਨੀਂਦ ਉਡਾ ਦੇਣ ਲਈ ਕਾਫੀ ਹਨ।
ਉਹਨਾਂ ਲੋਕਾਂ ਬਾਰੇ ਸੋਚ ਕੇ ਧੁਰ ਅੰਦਰ ਇੱਕ ਅੱਗ ਜਿਹੀ ਲੱਗਦੀ ਹੈ, ਜਿਨ੍ਹਾਂ ਨੇ ਇਹਨਾਂ ਬਚਿਆਂ ਨਾਲ ਇਹ ਗੈਰ ਇਨਸਾਨੀ ਸਲੂਕ ਕੀਤਾ ਹੋਵੇਗਾ। ਊਚ ਨੀਚ ਦੀ ਇਹ ਜਾਤ ਪਾਤੀ ਮਾਨਸਿਕਤਾ ਇਨਸਾਨੀ ਕੱਦਰਾਂ ਕੀਮਤਾਂ ਤੋਂ ਪੂਰੀ ਤਰ੍ਹਾਂ ਖਾਲੀ ਹੋ ਗਈ ਲੱਗਦੀ ਹੈ। ਪੁਰਾਣੀਆਂ ਧਾਰਮਿੱਕ ਕੱਥਾਵਾਂ ਵਿੱਚ ਤਾਂ ‘ਸ਼ੰਭੂਕ’ ਵਰਗੇ ਰੱਬ ਦੇ ਦਲਿੱਤ ਭਗਤ ਦਾ ‘ਮਰਿਯਾਦਾ’ ਦੇ ਨਾਮ ਉਤੇ, ‘ਮਰਿਯਾਦਾ ਪੁਰਸ਼ੋਤਮ’ ਵੱਲੋਂ ਕਤਲ ਕੀਤੇ ਜਾਣਾ ਪੜ੍ਹਿਆ ਹੈ, ਪਰ ਅੱਜ ਦੇ ਯੁੱਗ ਵਿੱਚ ਕਿਸੇ ਵਿਅਕਤੀ ਦੀ ਜਾਤ ਕਰ ਕੇ ਉਸ ਨਾਲ ਗੈਰ ਇਨਸਾਨੀ ਸਲੂਕ ਬਰਦਾਸ਼ਤ ਤੋਂ ਵੀ ਬਾਹਰ ਲੱਗਦਾ ਹੈ। ਇਹੋ ਜਿਹੀਆਂ ਘੱਟਨਾਵਾਂ ਦੇ ਖਿਲਾਫ ਜੇ ਅੱਜ ਸ਼ੰਭੂਕ ਦੇ ਕਬੀਲੇ ਦੇ ਕਿਸੇ ਨੌਜਵਾਨ ਅੰਦਰ ਰੋਹ ਜਾਗੇ ਅਤੇ ਉਹ ਕਤਲ ਹੋਣੋ ਇਨਕਾਰ ਕਰਕੇ, ਕਤਲ ਕਰਨ ਦਾ ਰਾਹ ਚੁਣ ਲਵੇ ਤਾਂ ਅਸੀਂ ਉਸ ਨੂੰ ਗ਼ਲਤ ਕਿਵੇਂ ਕਹਿ ਸਕਦੇ ਹਾਂ। ਸਿੱਖ ਭਾਵੇਂ ਕਿਸੇ ਵੀ ਸਿਆਸੀ ਜਮਾਤ, ਧਿਰ, ਜਾਂ ਧੜ੍ਹੇ ਦਾ ਹੋਵੇ, ਜੇ ਉਹ ਜ਼ੁਲਮ ਦਾ ਸ਼ਿਕਾਰ ਹੋ ਰਹੇ ਇਹਨਾਂ ਦਲਿੱਤਾਂ ਦੇ ਨਾਲ ਨਹੀਂ ਖੜ੍ਹਦਾ, ਤਾਂ ਮੇਰੀ ਨਜ਼ਰ ਵਿੱਚ ਉਸ ਦਾ ਸਿੱਖ ਹੋਣਾ ਹੀ ‘ਸ਼ੱਕੀ’ ਹੋ ਜਾਂਦਾ ਹੈ।
ਪਿੱਛਲੇ ਲੰਮੇ ਸਮੇਂ ਤੋਂ ਜਿਵੇਂ ਸਿੱਖੀ ਦਾ ਬ੍ਰਾਹਮਣੀਕਰਣ ਹੁੰਦਾ ਆਇਆ ਹੈ, ਜਾਤ ਪਾਤੀ ਊਚ ਨੀਚ ਵਿੱਚ ਵਿਸ਼ਵਾਸ ਦੀ ਬਿਮਾਰੀ ਪੰਜਾਬ ਅਤੇ ਸਿੱਖਾਂ ਵਿੱਚ ਵੀ ਕਾਫੀ ਡੂੰਘੀ ਉੱਤਰ ਚੁੱਕੀ ਹੋਈ ਹੈ। ਸਾਡੇ ਕੁੱਝ ਲੋਕਾਂ ਨੇ ਇਸ ਬਿਮਾਰੀ ਦਾ ਆਪਣੇ ਲਈ ਨਵਾਂ ‘ਨਾਮਕਰਣ’ ਕਰ ਲਿਆ ਹੈ, ਤੇ ਇਸ ਨੂੰ ਇੱਕ ਰੂਪ ਵਿੱਚ ਮਾਨਤਾ ਦੇਣ ਦੀ ਕੋਸ਼ਿਸ਼ ਵੀ ਕੀਤੀ ਹੈ। ਗਾਂਧੀ ਦੇ ਲਫਜ਼ ‘ਹਰੀਜਨ’ ਦੀ ਥਾਂ ਤੇ ਲਫਜ਼ ‘ਮਜ਼੍ਹਬੀ’ ਘੜ੍ਹ ਲਿਆ ਗਿਆ, ਅਤੇ ‘ਚਾਰ ਵਰਣਾਂ’ ਨੂੰ ‘ਚਾਰ ਪੌੜ੍ਹਿਆਂ’ ਦਾ ਰੂਪ ਦੇ ਦਿੱਤਾ ਗਿਆ ਹੈ। ਇਹ ਸੱਭ ਗੁਰੂ ਨਾਨਕ ਸਾਹਿਬ ਦੀ ਸਿੱਖੀ ਅਤੇ ਦਸਮ ਪਾਤਸ਼ਾਹ ਦੇ ਖਾਲਸਾ ਪੰਥ ਦਾ ਰਸਤਾ ਨਹੀਂ ਹੈ, ਰਾਹੋਂ ਕੁਰਾਹੇ ਪਏ ਲੋਕ ਇਸ ਦੀ ਭਾਵੇਂ ਜੋ ਮਰਜ਼ੀ ‘ਜਸਟੀਫਿਕੇਸ਼ਨ’ ਬਣਾ ਲੈਣ।
ਇਸ ਸੱਭ ਦੇ ਬਾਵਜੂਦ ਮੈਂ ਮਾਯੂਸ ਨਹੀਂ ਹਾਂ, ਕਿਸੇ ਨੂੰ ਮਾਯੂਸ ਹੋਣਾ ਵੀ ਨਹੀਂ ਚਾਹੀਦਾ। ਦਸਮ ਪਾਤਸ਼ਾਹ ਦੀ ਮੇਹਰ ਦੇ ਸਦਕੇ ਗਜਿੰਦਰ ਸਿੰਘ ਜਿੰਨਾ ਕੌਮੀ ਘਰ ਖਾਲਿਸਤਾਨ ਲਈ ਵਚਨਬੱਧ ਹੈ, ਓਨਾ ਹੀ ਜਾਤ ਪਾਤ ਰਹਿਤ ਖਾਲਸਈ ਸੋਚ ਲਈ, ਅਤੇ ਹਰ ਤਰ੍ਹਾਂ ਦੀ ਊਚ ਨੀਚ ਵਾਲੀ ਮਾਨਸਿਕਤਾ ਦੇ ਵਿਰੁੱਧ ਲੜ੍ਹਦੇ ਰਹਿਣ ਲਈ ਵੀ ਵਚਨਬੱਧ ਹੈ। ਇਹ ਲੜਾਈ ਸਾਡੇ ਸੰਘਰਸ਼ ਦਾ ਹਿੱਸਾ ਹੀ ਹੋਣੀ ਚਾਹੀਦੀ ਹੈ, ਨਹੀਂ ਤਾਂ ਜਿਹੋ ਜਿਹੀ ਸਿੱਖੀ ਦੀ ਅੱਜ ਸਿੱਖਾਂ ਦਾ ਇੱਕ ਵਰਗ ਵਕਾਲਤ ਕਰਦਾ ਹੈ, ਅਗਰ ਉਹ ਪਰਵਾਨਤ ਹੋ ਗਈ ਤਾਂ ਫਿਰ ‘ਖਾਲਿਸਤਾਨ’ ਦੇ ਨਾਮ ਤੇ ਕੇਸਾਧਾਰੀ ਹਿੰਦੂਆਂ ਦਾ ਕੋਈ ਦੇਸ਼ ਹੀ ਹੋਂਦ ਵਿੱਚ ਆਵੇਗਾ।
ਗੱਲ ਸ਼ੁਰੂ ਕੀਤੀ ਸੀ, ਦੋ ਦਲਿੱਤ ਬੱਚਿਆਂ ਦੀ ਤਸਵੀਰ ਤੋਂ, ਖਤਮ ਵੀ ਉਹਨਾਂ ਲਈ ਦਰਦ ਦੇ ਇਜ਼ਹਾਰ ਨਾਲ ਕਰਨਾ ਚਾਹਾਂਗਾ। ਇਹ ਤਸਵੀਰ ਕਿਸ ਇਲਾਕੇ ਦੀ ਹੈ, ਇਹ ਬੱਚੇ ਕੌਣ ਹਨ, ਇਹ ਤਾਂ ਪੜ੍ਹਨ ਨੂੰ ਨਹੀਂ ਮਿਲਿਆ, ਪਰ ਮੈਂ ਅਜਿਹੇ ਇਲਾਕਿਆਂ ਦੇ ਸਿੱਖਾਂ ਨੂੰ ਇਹ ਅਪੀਲ ਜ਼ਰੂਰ ਕਰਾਂਗਾ ਕਿ ਉਹ ਆਪਣਾ ਸਿੱਖੀ ਫਰਜ਼ ਨਿਭਾਉਂਦੇ ਹੋਏ ਆਪੋ ਆਪਣੇ ਇਲਾਕੇ ਵਿੱਚ ਇਹਨਾਂ ਜ਼ੁਲਮ ਦਾ ਸ਼ਿਕਾਰ ਹੋਣ ਵਾਲੇ ਦਲਿੱਤ ਲੋਕਾਂ ਦੇ ਨਾਲ ਖੜ੍ਹੇ ਹੋਣ। ਇਸੇ ਨਾਲ ਗੁਰੁ ਦੀਆਂ ਖੁਸ਼ੀਆਂ ਦੇ ਉਹ ਹੱਕਦਾਰ ਬਣ ਸਕਣਗੇ।
ਭਾਰਤੀ ਸਿਆਸੀ ਨਕਸ਼ੇ ਦੇ ਸੰਦਰਭ ਵਿੱਚ ਸੋਚਿਆਂ ਸਿੱਖਾਂ ਕੋਲ ‘ਮੰਨੂ ਮਾਨਸਿਕਤਾ’ ਦੇ ਖਿਲਾਫ ਦਲਿੱਤਾਂ, ਮੁਸਲਮਾਨਾਂ, ਤੇ ਇਸਾਈਆਂ ਨਾਲ ਖੜ੍ਹਨ ਬਿਨ੍ਹਾਂ ਹੋਰ ਕੋਈ ਰਾਹ ਵੀ ਨਹੀਂ ਹੈ।