ਚੰਡੀਗੜ੍ਹ: ਅੱਜ (26 ਦਸੰਬਰ, 2018) ਦੇ ਅਜੀਤ ਅਖਬਾਰ ਦੇ ਤੀਸਰੇ ਸਫੇ ਦੇ ਹੇਠਲੇ ਹਿੱਸੇ ਚ ਅੱਧੇ ਪੰਨੇ ਦਾ ਇਹ ਇਸ਼ਤਿਹਾਰ ਲੱਗਾ ਹੈ। ਇਹ ਇਸ਼ਤਿਹਾਰ ਹਿੰਦੀ ਭਾਸ਼ਾ ਵਿਚ ਹੈ ਜਿਸ ਰਾਹੀਂ ਬਿਜਾਲ ਤੇ ਸੁਨੇਹੇ ਭੇਜਣ ਵਾਲੇ ਪ੍ਰਬੰਧ “ਵਟਸਐਪ” ਉੱਤੇ ਅਫਵਾਹਾਂ ਫੈਲਣ ਤੋਂ ਰੋਕਣ ਲਈ ਮਦਦ ਮੰਗੀ ਗਈ ਹੈ।
ਇਹ ਇਸ਼ਤਿਹਾਰ ਕਿਸੇ ਨੇ ਦਿੱਤਾ ਹੈ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਛਾਪੀ ਗਈ ਇਸ ਲਈ ਇਹ ਨਹੀਂ ਪਤਾ ਲੱਗਦਾ ਕਿ ਇਹ ਇਸ਼ਤਿਹਾਰ ਕਿਸੇ ਸਰਕਾਰ ਵਲੋਂ ਹੈ ਜਾਂ ਵਟਸਐਪ ਵਲੋਂ ਜਾਂ ਕਿਸੇ ਹੋਰ ਵਲੋਂ। ਕੋਈ ਵੀ ਜਾਣਕਾਰੀ ਜਿਸ ਤੋਂ ਇਹ ਨਾ ਪਤਾ ਲੱਗੇ ਕਿ ਇਹ ਕਿਸ ਵਲੋਂ ਹੈ ਤਾਂ ਉਸ ਬਾਰੇ ਇਹ ਹੀ ਮੰਨਿਆ ਜਾਂਦਾ ਹੈ ਕਿ ਇਹ ਛਾਪਣ ਵਾਲੇ ਅਦਾਰੇ ਵਲੋਂ ਹੀ ਹੈ ।
ਅਜਿਹੇ ਵਿਚ ਸਵਾਲ ਇਹ ਹੈ ਕਿ ਕੀ ਇਹ ਜਾਣਕਾਰੀ ਅਜੀਤ ਵਲੋਂ ਆਪਣੇ ਪਾਠਕਾਂ ਲਈ ਛਾਪੀ ਗਈ ਹੈ? ਤੇ ਜੇਕਰ ਅਜਿਹਾ ਹੈ ਤਾਂ ਅਗਲਾ ਸਵਾਲ ਇਹ ਬਣਦਾ ਹੈ ਕਿ ਕੀ ਅਜੀਤ ਹੁਣ ਹਿੰਦੀ ਭਾਸ਼ੀ ਅਖਬਾਰ ਬਣਨ ਜਾ ਰਿਹਾ ਹੈ?