ਘਰ ਦੀ ਨਜ਼ਰਬੰਦੀ ਦੀ ਉਲੰਘਣਾ ਕਰਕੇ ਨਿਕਲੇ ਹੁਰੀਅਤ ਆਗੂ ਅਲੀ ਸ਼ਾਹ ਗਿਲਾਨੀ ਨੂੰ ਗ੍ਰਿਫਤਾਰ ਕਰਕੇ ਲਿਜਾਂਦੀ ਪੁਲਿਸ

ਸਿਆਸੀ ਖਬਰਾਂ

ਕਸ਼ਮੀਰ: ਪਾਬੰਦੀਆਂ ਦਾ ਵਿਰੋਧ ਕਰਨ ਨਿਕਲੇ ਗਿਲਾਨੀ ਗ੍ਰਿਫਤਾਰ; 17ਵੇਂ ਦਿਨ ਵੀ ਪਾਬੰਦੀਆਂ ਜਾਰੀ

By ਸਿੱਖ ਸਿਆਸਤ ਬਿਊਰੋ

July 26, 2016

ਸ੍ਰੀਨਗਰ: ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ‘ਚ ਅਜ਼ਾਦੀ ਪਸੰਦਾਂ ਵਲੋਂ ਮਾਰਚ ਕੱਢਣ ਦੇ ਕੀਤੇ ਗਏ ਐਲਾਨ ਦੇ ਮੱਦੇਨਜ਼ਰ ਸਰਕਾਰ ਨੇ ਕਸ਼ਮੀਰ ‘ਚ ਕਰਫ਼ਿਊ ਅਤੇ ਹੋਰ ਪਾਬੰਦੀਆਂ ਜਾਰੀ ਰੱਖੀਆਂ ਹਨ। ਵਾਦੀ ‘ਚ ਮੌਜੂਦਾ ਸਮੇਂ ਦੌਰਾਨ ਭਾਰਤੀ ਸੁਰੱਖਿਆ ਦਲਾਂ ਹੱਥੋਂ ਅਨੰਤਨਾਗ ‘ਚ ਹੀ ਸਭ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ। ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ ਅਨੰਤਨਾਗ ਜ਼ਿਲ੍ਹਾ ਨਗਰ ਦੇ ਅਜ਼ਾਦੀ ਪਸੰਦਾਂ ਵਲੋਂ ਮਾਰਚ ਕੱਢਣ ਦੇ ਐਲਾਨ ਤੋਂ ਬਾਅਦ ਅਨੰਤਨਾਗ, ਬਾਰਾਮੂਲਾ, ਕੁਲਗਾਮ, ਪੁਲਵਾਮਾ ਅਤੇ ਸ਼ੋਪੀਆ ਜ਼ਿਲ੍ਹਿਆਂ ‘ਚ ਕਰਫ਼ਿਊ ਲੱਗਿਆ ਹੋਇਆ ਹੈ। ਅਧਿਕਾਰੀ ਨੇ ਦੱਸਿਆ ਕਿ ਸ੍ਰੀਨਗਰ ‘ਚ 11 ਪੁਲਿਸ ਥਾਣਿਆਂ ਅਧੀਨ ਇਲਾਕਿਆਂ ‘ਚ ਵੀ ਕਰਫ਼ਿਊ ਜਾਰੀ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਚਾਰ ਜ਼ਿਲ੍ਹਿਆਂ ਬਾਂਦੀਪੋਰਾ, ਬਡਗਾਮ, ਗੰਧਰਬਲ, ਕੁੱਪਵਾੜਾ ਅਤੇ ਸ੍ਰੀਨਗਰ ਸ਼ਹਿਰ ਦੇ ਬਾਕੀ ਇਲਾਕਿਆਂ ‘ਚ ਪਾਬੰਦੀਆਂ ਲਗਾਈਆਂ ਗਈਆਂ ਹਨ। ਮੋਬਾਈਲ ਟੈਲੀਫ਼ੋਨ, ਮੋਬਾਈਲ ਇੰਟਰਨੈਟ ਸੇਵਾਵਾਂ ਅਤੇ ਰੇਲ ਸੇਵਾ 17ਵੇਂ ਦਿਨ ਵੀ ਸਰਕਾਰ ਵਲੋਂ ਬੰਦ ਰੱਖੀਆਂ ਗਈਆਂ, ਜਦਕਿ ਪੁਲਿਸ ਦੀ ਗੋਲੀਆਂ ਨਾਲ ਮਰਨ ਵਾਲੇ ਨਾਗਰਿਕਾਂ ਦੀ ਮੌਤ ਦੇ ਵਿਰੋਧ ‘ਚ ਅਜ਼ਾਦੀ ਹਮਾਇਤੀ ਜਥੇਬੰਦੀਆਂ ਵੱਲੋਂ ਹੜਤਾਲ ਦੇ ਚੱਲਦੇ ਸਕੂਲ, ਕਾਲਜ ਅਤੇ ਹੋਰ ਸਿੱਖਿਆ ਸੰਸਥਾਵਾਂ ਵੀ ਬੰਦ ਰਹੀਆਂ। ਇਸੇ ਦੌਰਾਨ ਹੁਰੀਅਤ ਕਾਨਫ਼ਰੰਸ ਦੇ ਚੇਅਰਮੈਨ ਸਈਦ ਸ਼ਾਹ ਗਿਲਾਨੀ ਨੂੰ ਪੁਲਿਸ ਨੇ ਉਸ ਸਮੇਂ ਗ੍ਰਿਫ਼ਤਾਰ ਕਰ ਲਿਆ, ਜਦੋਂ ਉਨ੍ਹਾਂ ਨੇ ਕਸ਼ਮੀਰ ‘ਚ ਲਾਈਆਂ ਗਈਆਂ ਪਾਬੰਦੀਆਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਅਤੇ ਅਨੰਤਨਾਗ ਜ਼ਿਲ੍ਹੇ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ। ਹੁਰੀਅਤ ਦੇ ਬੁਲਾਰੇ ਨੇ ਦੱਸਿਆ ਕਿ ਗਿਲਾਨੀ ਨੂੰ ਪੁਲਿਸ ਨੇ ਉਨ੍ਹਾਂ ਦੇ ਘਰ ਦੇ ਬਾਹਰ ਨਵੀਂ ਏਅਰਪੋਰਟ ਮਾਰਗ ਤੋਂ ਗ੍ਰਿਫ਼ਤਾਰ ਕਰ ਲਿਆ।

ਹਾਲਾਂਕਿ ਵਾਦੀ ਵਿਚ ਹਿਜ਼ਬੁਲ ਕਮਾਂਡਰ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਰੋਸ ਪ੍ਰਦਰਸ਼ਨਾਂ ਨੂੰ ਰੋਕਣ ਦੀ ਨੀਤੀ ਵਜੋਂ ਸਰਕਾਰ ਨੇ ਮੋਬਾਈਲ ਫੋਨ ਅਤੇ ਇੰਟਰਨੈਟ ਸੇਵਾਵਾਂ 17 ਦਿਨਾਂ ਬਾਅਦ ਵੀ ਬੰਦ ਹਨ ਪਰ ਜੰਮੂ ਵਿਚ ਇਸਨੂੰ ਮੁੜ ਬਹਾਲ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਜੰਮੂ ਦੇ ਡਿਪਟੀ ਕਮਿਸ਼ਨਰ ਸਿਮਰਨਦੀਪ ਸਿੰਘ ਨੇ ਦੱਸਿਆ ਕਿ ਅਸੀਂ ਮੋਬਾਈਲ ਅਤੇ ਇੰਟਨੈਟ ਸੇਵਾਵਾਂ ਤੁਰੰਤ ਬਹਾਲ ਕਰ ਦਿੱਤੀਆਂ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: