ਚੰਡੀਗੜ੍ਹ: ਦਿੱਲੀ ਦਰਬਾਰੀ ਖਬਰਖਾਨੇ ਨੇ ਇੰਡੀਆ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਦੇ ਹਵਾਲੇ ਨਾਲ ਜੋ ਖਬਰ ਨਸ਼ਰ ਕੀਤੀ ਹੈ ਕਿ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਦੀ ਆਸਟਰੇਲੀਆ ਵਿਚ ਪੱਤਰਕਾਰ ਵਾਰਤਾ ਤੋਂ ਬਾਅਦ ਇੰਡੀਆ ਪੱਖੀ ਖਬਰ ਅਦਾਰੇ “ਆਸਟ੍ਰੈਲੀਆ ਟੂਡੇ” ਉੱਤੇ ਕਨੇਡਾ ਸਰਕਾਰ ਨੇ ਰੋਕ ਲਗਾ ਦਿੱਤੀ ਹੈ, ਉਹ ਖਬਰ ਗਲਤ ਹੈ। ਕਨੇਡਾ ਸਰਕਾਰ ਨੇ “ਆਸਟਰੇਲੀਆ ਟੂਡੇ” ਉੱਤੇ ਕੋਈ ਰੋਕ ਨਹੀਂ ਲਗਾਈ। ਅਸਲ ਵਿਚ ਸਾਲ 2023 ਵਿਚ ਕਨੇਡਾ ਸਰਕਾਰ ਨੇ ਇਕ ਕਾਨੂੰਨ ਬਣਾਇਆ ਸੀ ਕਿ ਬਿਜਲ-ਸੱਥ ਮੰਚ (ਸੋਸ਼ਲ-ਮੀਡੀਆ ਪਲੇਟਫਾਰਮ) ਇਹਨਾ ਉੱਤੇ ਪੈਂਦੀ ਖਬਰਾਂ ਦੀ ਸਮੱਗਰੀ (ਨਿਊਜ਼ ਕਨਟੈਂਟ) ਤੋਂ ਹੋਣ ਵਾਲੀ ਆਮਦਨ ਨੂੰ ਖਬਰ ਅਦਾਰਿਆਂ ਨਾਲ ਸਾਂਝਾ ਕਰਨ। ਬਿਜਲ-ਸੱਥ ਕਾਰੋਬਾਰੀਆਂ ਜਿਵੇਂ ਕਿ ਮੈਟਾ (ਫੇਸਬੁੱਕ) ਅਤੇ ਐਕਸ (ਟਵਿੱਟਰ) ਨੇ ਇਸ ਕਾਨੂੰਨ ਤੋਂ ਬਚਣ ਲਈ ਕਨੇਡਾ ਵਿਚ ਆਪਣੇ ਮੰਚਾਂ ਉੱਤੇ ਖਬਰ ਅਦਾਰਿਆਂ ਦੇ ਸਫਿਆਂ ਤੇ ਪੈਂਦੀ ਸਮੱਗਰੀ ਦਿਖਣੋਂ ਹਟਾ ਦਿੱਤੀ ਹੈ। ਇਹ ਬਿਜਲ-ਸੱਥ ਮੰਚਾਂ ਦੀ ਨੀਤੀ ਵਿਚ ਤਬਦੀਲੀ ਦਾ ਨਤੀਜਾ ਹੈ ਤੇ ਕਨੇਡਾ ਦੀ ਸਰਕਾਰ ਵੱਲੋਂ ਕੋਈ ਰੋਕ ਨਹੀਂ ਲਗਾਈ ਗਈ।
ਲੰਘੇ ਦਿਨ 7 ਨਵੰਬਰ ਨੂੰ ਇੰਡੀਆ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਘਬੀਰ ਜੈਸਵਾਲ ਨੇ ਇਕ ਪੱਤਰਕਾਰ ਵੱਲੋਂ ਪੁੱਛੇ ਸਵਾਲ ਕਿ ਕੀ ਕਨੇਡਾ ਵਿਚ ਆਸਟਰੇਲੀਆ ਟੂਡੇ ਉੱਤੇ ਰੋਕ ਲਗਾਈ ਗਈ ਹੈ, ਦੇ ਜਵਾਬ ਵਿਚ ਕਨੇਡਾ ਸਰਕਾਰ ਦੀ ਇਸ ਕਥਿਤ ਰੋਕ ਲਈ ਨਿਖੇਧੀ ਕਰ ਦਿੱਤੀ ਸੀ। ਇੰਡੀਆ ਦੇ ਖਬਰ ਅਦਾਰਿਆਂ ਨੇ ਇਸੇ ਬਿਆਨ ਨੂੰ ਅਧਾਰ ਬਣਾ ਕੇ ਬਿਨਾ ਕੋਈ ਤਸਦੀਕ ਕੀਤੇ ਹੀ ਪ੍ਰਮੁੱਖਤਾ ਨਾਲ ਇਹ ਖਬਰ ਛਾਪ ਦਿੱਤੀ ਕਿ ਕਨੇਡਾ ਵਿਚ “ਆਸਟਰੇਲੀਆ ਟੂਡੇ” ਉੱਤੇ ਰੋਕ ਲੱਗ ਗਈ ਹੈ। ਜਦਕਿ ਸਿੱਖ ਸਿਆਸਤ ਵੱਲੋਂ ਕੀਤੀ ਪੜਤਾਲ ਵਿਚ ਇਹ ਸਾਹਮਣੇ ਆਇਆ ਹੈ ਕਿ ਕਨੇਡਾ ਸਰਕਾਰ ਨੇ ਅਜਿਹੀ ਕੋਈ ਰੋਕ ਨਹੀਂ ਲਗਾਈ ਅਤੇ ਇੰਡੀਆ ਦੇ ਖਬਰਖਾਨੇ ਵਿਚ ਛਪ ਰਹੀ ਖਬਰ ਗਲਤ ਹੈ।
ਅੰਗ੍ਰੇਜ਼ੀ ਵਿੱਚ ਪੜ੍ਹੋ — India’s Media Misreports Canada’s Restrictions on Australia Today’s Social Media, Fact Check Reveals No Block