ਚੰਡੀਗੜ੍ਹ: ਭਾਰਤੀ ਮੀਡੀਆ ਇਕ ਵਾਰ ਮੁੜ “ਤਸਵੀਰ” ਦੇ ਅਧਾਰ ‘ਤੇ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਸਪਾਲ ਅਟਵਾਲਾ ਦੀ ” ਕੇਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਨਾਲ ਤਸਵੀਰ ਵਰਤ ਕੇ ” ਭਾਰਤੀ ਮੀਡੀਆ ਵੱਲੋਂ ਸ਼ੁਰੂ ਕੀਤੇ ਵਿਵਾਦ ਦੀ ਸਿਆਹੀ ਅਜੇ ਸੁੱਕੀ ਹੀ ਨਹੀਂ ਸੀ ਕਿ ਅੱਜ ਭਾਰਤੀ ਨਿਊਜ਼ ਅਜੈਂਸੀ ਏਐਨਆਈ ਦੀ ਇਕ ਖਬਰ ਜਿਸ ਵਿਚ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਅਤੇ ਪੰਜਾਬੀ ਸਿੱਖ ਸੰਗਤ ਦੇ ਚੇਅਰਮੈਨ ਗੋਪਾਲ ਸਿੰਘ ਚਾਵਲਾ ਦੀ ਜਮਾਤ-ਉਦ-ਦਾਵਾਹ ਮੁਖੀ ਹਾਫਿਜ਼ ਸਈਦ ਨਾਲ ਇਕ ਪੁਰਾਣੀ ਤਸਵੀਰ ਨੂੰ ਅਧਾਰ ਬਣਾ ਕੇ ਸਿੱਖਾਂ ‘ਤੇ ਨਿਸ਼ਾਨਾ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਏ. ਐਨ. ਆਈ ਦੀ ਖਬਰ ਜਿਸ ਵਿੱਚ ਇਸ ਫੋਟੋ ਨੂੰ ਪੰਜਾਬ ਵਿਚ ਸਿੱਖ “ਖਾੜਕੂਆਂ” ਨੂੰ ਪਾਕਿਸਤਾਨ ਦੀ ਮਦਦ ਦਾ ਸਬੂਤ ਦਸਿਆ ਗਿਆ ਹੈ ਸਾਰੇ ਭਾਰਤੀ ਮੀਡੀਆ ਅਦਾਰਿਆਂ ‘ਤੇ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪੰਜਾਬ ਅਤੇ ਭਾਰਤ ਫੇਰੀ ਦੌਰਾਨ ਵੀ ਭਾਰਤੀ ਮੀਡੀਆ ਨੇ ਜਸਪਾਲ ਅਟਵਾਲ ਦੀ ਤਸਵਰਿ ਨੂੰ ਅਧਾਰ ਬਣਾ ਕੇ ਇਸੇ ਤਰ੍ਹਾਂ ਦਾ ਪ੍ਰੋਪੇਗੰਢਾ ਸਿੱਖਾਂ ਵਿਰੁੱਧ ਕੀਤਾ ਸੀ, ਪਰ ਜਿਸ ਦਾ ਛੇਤੀ ਹੀ ਭਾਂਡਾ ਫੁੱਟ ਗਿਆ ਸੀ ਤੇ ਭਾਰਤ ਸਰਕਾਰ ਨੂੰ ਖੁਦ ਜਸਪਾਲ ਅਟਵਾਲ ਨਾਲ ਆਪਣੇ ਸਬੰਧਾਂ ਬਾਰੇ ਸਫਾਈ ਦੇਣੀ ਪਈ ਸੀ।
ਜਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਭਾਰਤੀ ਅਧਿਕਾਰੀਆਂ ਨੇ ਕਿਹਾ ਸੀ ਕਿ ਪਾਕਿਸਤਾਨ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਗੁਰਦੁਆਰਾ ਪੰਜਾ ਸਾਹਿਬ ਵਿਚ ਸਿੱਖ ਸੰਗਤਾਂ ਨਾਲ ਮੁਲਾਕਾਤ ਕਰਨ ਤੋਂ ਰੋਕ ਦਿੱਤਾ ਸੀ, ਜਿਸ ਦਾ ਭਾਰਤ ਸਰਕਾਰ ਵਲੋਂ ਪਾਕਿਸਤਾਨ ਸਰਕਾਰ ਕੋਲ ਵਿਰੋਧ ਦਰਜ ਕਰਵਾਇਆ ਗਿਆ ਸੀ।
ਇਸ ਦੌਰਾਨ ਪਾਕਿਸਤਾਨ ਸਥਿਤ ਗੁਰਦੁਆਰਾ ਪੰਜਾ ਸਾਹਿਬ ਦੀ ਪਰਿਕਰਮਾ ਵਿਚ ਲੱਗੇ ਸਿੱਖ ਰੈਫਰੈਂਡਮ 2020 ਦੇ ਪੋਸਟਰਾਂ ਦਾ ਵੀ ਭਾਰਤ ਸਰਕਾਰ ਨੇ ਵਿਰੋਧ ਕੀਤਾ ਹੈ।
ਪਰ ਇਸ ਸਾਰੀ ਕੂਟਨੀਤਕ ਖਿੱਚੋਤਾਣ ਦੀ ਰਿਪੋਰਟਿੰਗ ਲਈ ਭਾਰਤੀ ਮੀਡੀਆ ਦੇ ਇਸ ਸਿੱਖ ਵਿਰੋਧੀ ਰਵੱਈਏ ਨੇ ਇਕ ਵਾਰ ਫੇਰ ਭਾਰਤੀ ਮੀਡੀਆ ਦੇ ਪੱਤਰਕਾਰੀ ਦੇ ਮਿਆਰ ‘ਤੇ ਸਵਾਲ ਚੁੱਕੇ ਹਨ। ਪਰ ਭਾਰਤੀ ਮੀਡੀਆ ਦਾ ਇਹ ਸੁਭਾਅ ਕੋਈ ਨਵਾਂ ਨਹੀਂ ਹੈ, ਇਸ ਤੋਂ ਪਹਿਲਾਂ ਵੀ 9 ਸਤੰਬਰ, 2015 ਨੂੰ ਟਾਈਮਜ਼ ਆਫ ਇੰਡੀਆ ਵਿਚ ਛਪੀ ਖਬਰ ਵਿਚ ਗੋਪਾਲ ਸਿੰਘ ਚਾਵਲਾ ਦੀ ਹਾਫਿਜ਼ ਸਈਦ ਨਾਲ ਇਸੇ ਪੁਰਾਣੀ ਫੋਟੋ ਨੂੰ ਵਰਤਦਿਆਂ ਇਸੇ ਤਰ੍ਹਾਂ ਦਾ ਪ੍ਰੋਪੇਗੰਡਾ ਕੀਤਾ ਗਿਆ ਸੀ।
ਜਿਕਰਯੋਗ ਹੈ ਕਿ ਗੋਪਾਲ ਸਿੰਘ ਚਾਵਲਾ ਸਿੱਖਾਂ ਉੱਤੇ ਭਾਰਤ ਵਿਚ ਹੋਏ ਤਸ਼ੱਦਦ ਖਿਲਾਫ ਬੇਬਾਕੀ ਨਾਲ ਬੋਲਣ ਲਈ ਜਾਣੇ ਜਾਂਦੇ ਹਨ।