-ਗਜਿੰਦਰ ਸਿੰਘ, ਦਲ ਖਾਲਸਾ
ਅਮਰਿੰਦਰ ਸਿੰਘ ਵੱਲੋਂ ਕਨੇਡਾ ਦੇ ਪ੍ਰਧਾਨ ਮੰਤਰੀ ਨੂੰ, ‘ਅਤਿਵਾਦੀਆਂ’ ਦੀ ਇਕ ਸੂਚੀ ਸੌਂਪੇ ਜਾਣ ਦੀਆਂ ਖਬਰਾਂ ਹਨ । ਇੱਕ ਦੂਜੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸਰਕਾਰੀ ਤੌਰ ਤੇ ਇਹ ਸੂਚੀ ਸੌਂਪਣ ਦਾ ਕੰਮ ਤਾਂ ਮੋਦੀ ਦਾ ਸੀ, ਭਾਰਤ ਦੇ ਪ੍ਰਧਾਨ ਮੰਤਰੀ ਦਾ । ਅਮਰਿੰਦਰ ਸਿੰਘ ਦੇ ਸੂਚੀ ਸੌਂਪਣ ਦਾ ਇੱਕ ਮਤਲਬ ਇਹ ਹੈ ਕਿ ਉਹ ਮੋਦੀ ਦਾ ਤਰਜਮਾਨ ਹੈ, ਤੇ ਦੂਜਾ ਇਹ ਹੈ ਕਿ ‘ਪੰਜਾਬ ਦਾ ਪ੍ਰਧਾਨ ਮੰਤਰੀ’ ਹੈ?
ਇਸ ਤੋਂ ਪਹਿਲਾਂ ਤਾਂ ਅਮਰਿੰਦਰ ਸਿੰਘ ਛੋਟੇ ਛੋਟੇ ਕੰਮਾਂ ਲਈ ਦਿੱਲੀ ਦੇ ਮੰਤਰੀਆਂ ਦੇ ਦਫਤਰਾਂ ਦੇ ਗੇੜ੍ਹੇ ਮਾਰਦਾ ਫਿਰਦਾ ਰਹਿੰਦਾ ਹੈ, ਤੇ ਇੱਥੇ ਕਨੇਡਾ ਦੇ ਇੱਕ ਵੱਡੇ ਅਤੇ ਤਾਕਤਵਰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਸਾਹਮਣੇ ਬੈਠ ਕੇ ਸਿੱਦਾ ਸੂਚੀ ਸੌਂਪ ਰਿਹਾ ਹੈ ।ਲੱਗਦਾ ਇੰਝ ਹੈ ਕਿ ਕਨੇਡਾ ਵਿੱਚ ਸਿੱਖਾਂ ਦੀ ਚੜ੍ਹਦੀ ਕਲਾ ਦੇਖ ਕੇ ਭਾਰਤੀ ਲੀਡਰਸ਼ਿੱਪ ਇੰਨੀ ਸੜ੍ਹੀ ਤੇ ਘਬਰਾਈ ਹੋਈ ਹੈ, ਕਿ ਉਸ ਨੂੰ ਸਮਝ ਹੀ ਨਹੀਂ ਲੱਗ ਰਹੀ ਕਿ ਉਸ ਨੂੰ ਕੀ ਕਰਨਾ ਚਾਹੀਦਾ ਹੈ, ਤੇ ਕੀ ਨਹੀਂ ਕਰਨਾ ਚਾਹੀਦਾ, ਕਿਵੇਂ ਕਰਨਾ ਚਾਹੀਦਾ ਹੈ, ਤੇ ਕਿਵੇਂ ਨਹੀਂ ਕਰਨਾ ਚਾਹੀਦਾ ।
ਭਾਰਤੀ ਮੀਡੀਆ ਵੀ ਇੰਨਾ ਸੜ੍ਹਿਆ ਹੋਇਆ ਹੈ ਕਿ ਉਨ੍ਹਾਂ ਦੀ ਸੜ੍ਹਾਂਦ ਉਹਨਾਂ ਦੇ ਹਰ ਲਫਜ਼ ਵਿੱਚੋਂ ਦਿਖਦੀ ਹੈ । ਅੱਜ ਸਵੇਰੇ ਹੀ ਫੇਸਬੁੱਕ ਤੇ ਇੱਕ ਮਸ਼ਹੂਰ ਭਾਰਤੀ ਕਲਮਕਾਰ ‘ਬਰਖਾ ਦੱਤ’ ਦਾ ਲੇਖ ਪੜ੍ਹਨ ਨੂੰ ਮਿਲਿਆ, ਜਿਸ ਵਿੱਚ ਜਸਟਿਨ ਟਰੂਡੋ ਦੀ ਇਸ ਫੇਰੀ ਨੂੰ ਪੂਰੀ ਤਰ੍ਹਾਂ ਨਾਕਾਮ ਕਰਾਰ ਦਿੱਤਾ ਗਿਆ ਹੈ । ਇਸ ਲੇਖਿਕਾ ਨੂੰ ਟਰੂਡੋ ਦਾ ਦਰਬਾਰ ਸਾਹਿਬ ਦੀ ਯਾਤਰਾ ਦੌਰਾਨ ਕਮੀਜ਼ ਪਜਾਮਾਂ ਪਾਣਾ ਵੀ ਬੁਰਾ ਲੱਗਾ ਹੈ, ਤੇ ਦਿੱਲੀ ਦੇ ਕਿਸੀ ਫੰਕਸ਼ਨ ਵਿੱਚ ਭੰਗੜ੍ਹਾ ਪਾਣਾ ਵੀ ਬੁਰਾ ਲੱਗਾ ਹੈ ।
ਇੱਕ ਪਾਸੇ ਭਾਰਤੀ ਲੀਡਰ ਤੇ ਮੀਡੀਆ ਇਹ ਕਹਿੰਦੇ ਨਹੀਂ ਥੱਕਦੇ ਕਿ ਖਾਲਿਸਤਾਨ ਇੱਕ ਛੋਟੇ ਜਿਹੇ ਤਬਕੇ ਦੀ ਮੰਗ ਹੈ । ਦੂਜੇ ਪਾਸੇ ਟਰੂਡੋ ਦੇ ਦੌਰੇ ਵੇਲੇ ਇੰਨੀ ਪਰੇਸ਼ਾਨੀ ਦਾ ਮੁਜ਼ਾਹਰਾ ਕਰਦੇ ਰਹੇ ਹਨ, ਕਿ ਜਿਵੇਂ ਕੱਲ ਹੀ ਖਾਲਿਸਤਾਨ ਬਾਰੇ ਕੋਈ ਫੈਸਲਾ ਹੋਣ ਵਾਲਾ ਹੋਵੇ । ਬਚਪਨ ਤੋਂ ਸਾਇੰਸ ਦਾ ਇੱਕ ਸਿਧਾਂਤ ਪੜ੍ਹਦੇ ਆਏ ਹਾਂ, ‘ਐਕਸ਼ਨ ਐਂਡ ਰੀਐਕਸ਼ਨ, ਆਰ ਈਕੁਅਲ ਐਂਡ ਅਪੋਜ਼ਿੱਟ’ । ਇਸ ਸਿਧਾਂਤ ਅਨੁਸਾਰ ਤਾਂ ਭਾਰਤੀ ਲੀਡਰਾਂ ਤੇ ਮੀਡੀਆ ਦਾ ਖੌਫ ਤੇ ਵਿਰੋਧ ਦਸਦਾ ਹੈ ਕਿ ਖਾਲਿਸਤਾਨ ਇਸ਼ੂ ਦੀ ਤਾਕਤ ਭਾਰਤ ਲਈ ਬਰਾਬਰ ਦੀ ਹੈਸੀਅਤ ਰੱਖਦੀ ਹੈ ।
ਦੋਹਾਂ ਮੁਲਕਾਂ ਦੇ ਕਾਰੋਬਾਰੀ ਸਬੰਧਾਂ ਉਤੇ ਮੈਂ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦਾ, ਪਰ ਇੱਕ ਗੱਲ ਸਾਰੀ ਦੁਨੀਆਂ ਜਾਣਦੀ ਹੈ, ਇਹਨਾਂ ਦੋਹਾਂ ਦੇਸ਼ਾਂ ਵਿੱਚੋਂ ਕਨੇਡਾ ਦਾ ਹੱਥ ਹਮੇਸ਼ਾਂ ਉਪਰ ਰਿਹਾ ਹੈ, ਤੇ ਭਾਰਤ ਦਾ ਥੱਲ੍ਹੇ । ਦੂਜੀ ਗੱਲ ਟਰੂਡੋ ਜਿਵੇਂ ਸਾਰੀ ਸਿੱਖ ਕੌਮ ਦੇ ਦਿੱਲ ਜਿੱਤ ਕੇ ਗਿਆ ਹੈ, ਉਹ ਭਵਿੱਖ ਵਿੱਚ ਕਿਸੇ ਵੀ ਦੁਨੀਆਵੀ ਲਾਭ ਤੋਂ ਕਿਤੇ ਅਹਿਮ ਸਾਬਤ ਹੋ ਸਕਣ ਦੀ ਸਮਰੱਥਾ ਰੱਖਦੀ ਹੈ ।
੨੪/੦੨/੨੦੧੮