ਫਤਿਹਗੜ੍ਹ ਸਾਹਿਬ ( 9 ਸਤੰਬਰ, 2015): ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦੇ ਜੀਵਨ ‘ਤੇ ਅਧਾਰਿਤ ਬਣੀ ਪੰਜਾਬੀ ਫਿਲ਼ਮ “ਮਾਸਟਰ ਮਾਈਂਡ ਜਿੰਦਾ ਸੁੱਖਾ” ਤੇ ਭਾਰਤ ਸਰਕਾਰ ਵੱਲੌਂ ਪਾਬੰਦੀ ਲਾਉਣ ਦੀ ਨਿਖੇਧੀ ਕਰਦਿਆਂ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਕੁਝ ਸਿੱਖ ਨੌਜਵਾਨਾਂ ਵੱਲੋਂ ਆਪਣੇ ਹੀ ਪਰਿਵਾਰਾਂ ਦੀ ਆਮਦਨ ਵਿੱਚੋਂ ਕੁਝ ਹਿੱਸਾ ਕੱਢ ਕੇ “ਸੁੱਖਾ ਜਿੰਦਾ” ਦੇ ਨਾਮ ‘ਤੇ ਨਵੀਂ ਬਣੀ ਫਿਲਮ ਜੋ ਸਮੁੱਚੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਬੜੀਆਂ ਮੁਸ਼ਕਿਲਾਂ ਦਾ ਟਾਕਰਾ ਕਰਦੇ ਹੋਏ ਸੰਪੂਰਨ ਕੀਤੀ ਹੈ।
ਜਿਸ ਨੂੰ ਹਿੰਦ ਦੇ ਫਿਲਮ ਸੈਂਸਰ ਬੋਰਡ ਨੇ ਬਹੁਤ ਹੀ ਬਰੀਕੀ ਨਾਲ ਜਾਂਚ ਕਰਕੇ ਇਸ ਫਿਲਮ ਨੂੰ ਰਿਲੀਜ਼ ਕਰਨ ਲਈ ਪਾਸ ਕਰ ਦਿੱਤਾ ਸੀ ਪਰ, ਮੰਦਭਾਵਨਾ ਅਧੀਨ ਇਸ ਪਾਸ ਹੋਈ ਫਿਲਮ ਉਤੇ ਰੋਕ ਲਗਵਾਉਣ ਹਿੱਤ ਇਸ ਨੂੰ ਟ੍ਰਿਬਿਊਨਲ ਕੋਰਟ ਲਿਜਾਣ ਦੇ ਅਮਲ ਸਮੁੱਚੀ ਸਿੱਖ ਕੌਮ ਦੇ ਮਨਾਂ ਅਤੇ ਆਤਮਾਵਾਂ ਨੂੰ ਜਿੱਥੇ ਡੂੰਘੀ ਠੇਸ ਪਹੁੰਚਾਊਣ ਵਾਲੇ ਹਨ।
ਉਨ੍ਹਾਂ ਕਿਹਾ ਕਿ ਅਜਿਹੀ ਵਿਤਕਰੇ ਭਰੀ ਕਾਰਵਾਈ ਇਹ ਵੀ ਸਪੱਸ਼ਟ ਕਰਦੀ ਹੈ ਕਿ ਹੁਣ ਸਿੱਖ ਕੌਮ ਨੂੰ ਸੰਪੂਰਨ ਤੌਰ ‘ਤੇ ਆਜ਼ਾਦੀ ਪ੍ਰਾਪਤ ਕਰਨ ਤੋਂ ਬਿਨ੍ਹਾਂ ਹਿੰਦ ਵਿਚ ਇਨਸਾਫ਼ ਨਹੀਂ ਮਿਲ ਸਕਦਾ । ਜਿਸ ਦੇ ਨਤੀਜੇ ਕਦੀ ਵੀ ਮਨੁੱਖਤਾ ਦੇ ਪੱਖ ਵਿਚ ਨਹੀਂ ਜਾ ਸਕਣਗੇ। ਇਸ ਲਈ ਅਸੀਂ ਇਥੋਂ ਦੀ ਮੋਦੀ ਹਕੂਮਤ ਅਤੇ ਮੁਤੱਸਵੀ ਹੁਕਮਰਾਨਾ ਨੂੰ ਖਬਰਦਾਰ ਕਰਦੇ ਹਾਂ ਕਿ ਉਹ ਅਜਿਹੀਆਂ ਸਿੱਖ ਵਿਰੋਧੀ ਕਾਰਵਾਈਆਂ ਤੋਂ ਇਮਾਨਦਾਰੀ ਨਾਲ ਤੌਬਾ ਕਰਦੇ ਹੋਏ ਸੁੱਖੇ ਜਿੰਦੇ ਦੀ ਬਣੀ ਫਿਲਮ ਨੂੰ ਰਿਲੀਜ਼ ਹੋਣ ਵਿਚ ਰੁਕਾਵਟ ਨਾ ਪਾਉਣ ਤਾਂ ਬੇਹਤਰ ਹੋਵੇਗਾ।