ਪ੍ਰਧਾਨ ਸ਼੍ਰੋਮਣੀ ਕਮੇਟੀ (ਫਾਈਲ ਫੋਟੋ)

ਸਿਆਸੀ ਖਬਰਾਂ

ਭਾਰਤ ਸਰਕਾਰ ਧਾਰਾ 25ਬੀ ਵਿੱਚ ਸੋਧ ਕਰਕੇ ਸਿੱਖਾਂ ਨੂੰ ਵੱਖਰੀ ਕੌਮ ਵਜੋਂ ਸਵੀਕਾਰ ਕਰੇ: ਸ਼੍ਰੋਮਣੀ ਕਮੇਟੀ

By ਸਿੱਖ ਸਿਆਸਤ ਬਿਊਰੋ

March 19, 2016

ਅੰਮਿ੍ਤਸਰ (18 ਮਾਰਚ, 2016): ਸਿੱਖ ਇੱਕ ਵੱਖਰੀ ਕੌਮ ਹੈ, ਇਸਦੇ ਸਿਧਾਂਤ, ਇਸਦੀ ਰਹਿਣੀ , ਇਸਦਾ ਸਭਿਆਚਾਰ ਸਭ ਕੁਝ ਹਿੰਦੂ ਧਰਮ ਤੋਂ ਵੱਖਰਾ ਹੈ ਅਤੇ ਇਸਨੂੰ ਸਵੀਕਾਰ ਕਰਦਿਆਂ ਭਾਰਤ ਸਰਕਾਰ ਨੂੰ ਭਾਰਤੀ ਸੰਵਿਧਾਨ ਦੀ ਧਾਰਾ 25 ਬੀ ਵਿੱਚ ਸੋਧ ਕਰੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਰਾਜ ਸਭਾ ‘ਚ ਗੁਰਦੁਆਰਾ ਐਕਟ ਸੋਧ ਬਿੱਲ ਨੂੰ ਪ੍ਰਵਾਨਗੀ ਦੇਣ ਦੀ ਸ਼ਲਾਘਾ ਕਰਦਿਆਂ ਕੀਤਾ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਸ਼ੋ੍ਰਮਣੀ ਕਮੇਟੀ ਨੇ ਸਿੱਖਾਂ ‘ਤੇ ਬਣਦੇ ਚੁਟਕਲਿਆਂ ਦੇ ਸਵਾਲ ਬਾਰੇ ਕਿਹਾ ਕਿ ਸਿੱਖ ਕੌਮ ਦੀਆਂ ਕੁਰਬਾਨੀਆਂ ਤੇ ਇਨ੍ਹਾਂ ਵੱਲੋਂ ਪਾਏ ਗਏ ਯੋਗਦਾਨ ਦਾ ਸ਼ਾਨਾਮੱਤਾ ਇਤਿਹਾਸ ਹੈ ਜੋ ਲੋਕ ਸਿੱਖਾਂ ਵਿਰੁੱਧ ਚੁਟਕਲੇ ਬਣਾਉਂਦੇ ਹਨ ਉਹ ਸਿੱਖਾਂ ਵੱਲੋਂ ਭਾਰਤ ਲਈ ਕੀਤੀਆਂ ਗਈਆਂ ਕੁਰਬਾਨੀਆਂ ਦੇ ਇਤਿਹਾਸ ਤੋਂ ਕੋਰੇ ਹਨ ।ਉਨ੍ਹਾਂ ਹਾਈ ਕੋਰਟ ਦੇ ਉਸ ਫ਼ੈਸਲੇ ਦੀ ਸ਼ਲਾਘਾ ਕੀਤੀ ਜਿਸ ਨਾਲ ਹੁਣ ਸਿੱਖ ਕਕਾਰ ਪਹਿਨ ਕੇ ਅਦਾਲਤੀ ਕਾਰਵਾਈ ਵਿੱਚ ਸ਼ਾਮਿਲ ਹੋ ਸਕੇਗਾ ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਵੱਧ ਰਹੀਆਂ ਘਟਨਾਵਾਂ ਸਬੰਧੀ ਉਨ੍ਹਾਂ ਕਿਹਾ ਕਿ ਸਮੂਹ ਪ੍ਰਬੰਧਕ ਗੁਰਦੁਆਰਾ ਸਾਹਿਬਾਨ ਵਿੱਚ 24 ਘੰਟੇ ਪਹਿਰੇਦਾਰੀ ਨੂੰ ਯਕੀਨੀ ਬਣਾਉਣ ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਫਿਲਮਾਂ ਦੀ ਸ਼ੂਟਿੰਗ ਬਾਰੇ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਿਰਫ ਤੇ ਸਿਰਫ ਡਾਕੂਮੈਂਟਰੀ ਤੇ ਨਿਰੋਲ ਧਾਰਮਿਕ ਫਿਲਮਾਂ ਨੂੰ ਹੀ ਮਾਨਤਾ ਦਿੱਤੀ ਜਾਵੇਗੀ ।ਸ਼੍ਰੋਮਣੀ ਕਮੇਟੀ ਵੱਲੋਂ ਜਿਸ ਵੀ ਧਾਰਮਿਕ ਫਿਲਮ ਦੀ ਸਕਿ੍ਪਟ ਪਾਸ ਹੋਵੇਗੀ ਉਸ ਨੂੰ ਹੀ ਸ਼ੂਟਿੰਗ ਦੀ ਆਗਿਆ ਦਿੱਤੀ ਜਾਵੇਗੀ ।

ਇਸ ਮੌਕੇ ਸ. ਹਰਜਾਪ ਸਿੰਘ ਤੇ ਸ. ਗੁਰਪ੍ਰੀਤ ਸਿੰਘ ਝੱਬਰ ਮੈਂਬਰ ਸ਼੍ਰੋਮਣੀ ਕਮੇਟੀ, ਸ. ਦਿਲਜੀਤ ਸਿੰਘ ਬੇਦੀ, ਸ. ਹਰਭਜਨ ਸਿੰਘ ਮਨਾਵਾਂ, ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ. ਬਿਜੈ ਸਿੰਘ ਤੇ ਸ. ਸੁਖਦੇਵ ਸਿੰਘ ਵਧੀਕ ਸਕੱਤਰ, ਸ. ਸਤਿੰਦਰ ਸਿੰਘ ਨਿਜੀ ਸਹਾਇਕ, ਸ. ਸੁਲੱਖਣ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ. ਹਰਜਿੰਦਰ ਸਿੰਘ ਸੁਪਰਡੈਂਟ, ਸ. ਮਲਕੀਤ ਸਿੰਘ ਸਹਾਇਕ ਸੁਪਰਡੈਂਟ ਤੇ ਸ. ਗੁਰਵਿੰਦਰ ਸਿੰਘ ਨਿੱਜੀ ਸਹਾਇਕ ਆਦਿ ਹਾਜ਼ਰ ਸਨ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: