Site icon Sikh Siyasat News

ਭਾਰਤ ਸਰਕਾਰ ਸਿੱਖ ਗੁਰਦੁਆਰਾ ਕਾਨੂੰਨ ਵਿੱਚ ਸੋਧ ਕਰਨ ਲਈ ਸਹਿਮਤ: ਪ੍ਰਧਾਨ ਸ਼ਰੋਮਣੀ ਕਮੇਟੀ

ਬਠਿੰਡਾ (7 ਮਾਰਚ, 2016): ਭਾਰਤ ਸਰਕਾਰ ਸਿੱਖ ਗੁਰਦੁਆਰਾ ਕਾਨੂੰਨ 1925 ਵਿਚ ਸੋਧ ਕਰਨ ਲਈ ਸਹਿਮਤ ਹੋ ਗਈ ਹੈ ਅਤੇ ਇਸ ਸਬੰਧੀ ਛੇਤੀ ਹੀ ਪਾਰਲੀਮੈਂਟ ‘ਚ ਬਿੱਲ ਪੇਸ਼ ਕੀਤਾ ਜਾਵੇਗਾ ।ਇਹ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਅੱਜ ਭਗਤਾ ਭਾਈਕਾ ਵਿਖੇ ਪੈ੍ਰੱਸ ਕਾਨਫਰੰਸ ਦੌਰਾਨ ਦਿੱਤੀ।

ਸ: ਅਵਤਾਰ ਸਿੰਘ ਮੱਕੜ

ਜ਼ਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੂਆਰਾ ਚੋਣਾਂ ਵਿੱਚ ਸਹਿਜਧਾਰੀ ਸਿੱਖਾਂ ਦੇ ਵੋਟਾਂ ਦੇ ਹੱਕ ਦੇ ਸਬੰਧ ਵਿੱਚ ਇੱਕ ਮਾਮਲਾ ਭਾਰਤੀ ਸੁਪਰੀਮ ਕੋਰਟ ਵਿੱਚ ਵਿਚਾਰਅਧੀਨ ਪਿਆ ਹੈ ਅਤੇ ਇਸ ਮਾਮਲ ਵਿੱਚ ਭਾਰਤੀ ਪਾਰਲੀਮੈਂਟ ਮੌਜੂਦਾ ਗੁਰਦੁਆਰਾ ਕਾਨੂੰਨ ਵਿੱਚ ਸੋਧ ਕਰਕੇ ਉਕਤ ਮਾਮਲੇ ਨੂੰ ਨਿਪਟਾ ਸਕਦੀ ਹੈ।

ਬਾਦਲ ਦਲ ਚਾਹੁੰਦਾ ਹੈ ਕਿ ਗੁਰਦੁਆਰਾ ਕਾਨੂੰਨ ਵਿੱਚ ਸੋਧ ਕਰ ਕੇ ਸਹਿਜਧਾਰੀ ਸਿੱਖਾਂ ਤੋਂ ਵੋਟ ਦਾ ਹੱਕ ਖ਼ਤਮ ਕਰਨ ਦੇ ਫੈਸਲੇ ’ਤੇ ਸੰਸਦ ਦੀ ਮੋਹਰ ਲੱਗ ਜਾਵੇ।

ਐਨਡੀਏ ਸਰਕਾਰ ਨੇ ਮਹਿਜ਼ ਇਕ ਨੋਟੀਫਿਕੇਸ਼ਨ ਜਾਰੀ ਕਰ ਕੇ ਸਹਿਜਧਾਰੀ ਸਿੱਖਾਂ ਨੂੰ ਵੋਟ ਦੇ ਅਧਿਕਾਰ ਤੋਂ ਵਾਂਝਾ ਕਰ ਦਿੱਤਾ ਸੀ ਤੇ ਇਸ ਨੋਟੀਫਿਕੇਸ਼ਨ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੋਈ ਹੈ। ਜੇ ਕੇਂਦਰ ਸਰਕਾਰ ਗੁਰਦੁਅਾਰਾ ਐਕਟ ਵਿੱਚ ਸੋਧ ’ਤੇ ਸੰਸਦ ਦੀ ਮੋਹਰ ਲਾ ਦਿੰਦੀ ਹੈ ਤਾਂ ਸੁਪਰੀਮ ਕੋਰਟ ਵਿੱਚੋਂ ਕੇਸ ਖ਼ਤਮ ਹੋ ਸਕਦਾ ਹੈ।

ਗੁਰੂ ਗੋਬਿੰਦ ਸਿੰਘ ਡਿਗਰੀ ਕਾਲਜ ਭਗਤਾ ਭਾਈਕਾ ਦਾ ਉਦਘਾਟਨ ਕਰਨ ਲਈ ਪਹੁੰਚੇ ਜਥੇਦਾਰ ਅਵਤਾਰ ਸਿੰਘ ਨੇ ਖ਼ਾਲਸਾ ਕਾਲਜ ਸ੍ਰੀ ਅੰਮਿ੍ਤਸਰ ਸਾਹਿਬ ਨੂੰ ਯੂਨੀਵਰਸਿਟੀ ‘ਚ ਤਬਦੀਲ ਕਰਨ ਦੀ ਤਜਵੀਜ ਦਾ ਜ਼ੋਰਦਾਰ ਵਿਰੋਧ ਕੀਤਾ ।

ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਸਬੰਧੀ ਸਿੱਖ ਪੰਥ ‘ਚ ਚੱਲ ਰਹੇ ਵਿਵਾਦ ਸਬੰਧੀ ਪੁੱਛੇ ਪ੍ਰਸ਼ਨਾਂ ਨੂੰ ਉਹ ਟਾਲ ਗਏ, ਸਿਰਫ਼ ਇੰਨਾ ਹੀ ਕਿਹਾ ਕਿ ਕੋਈ ਵਿਵਾਦ ਨਹੀਂ ਹੈ, ਜੇ ਕੋਈ ਹੈ ਤਾਂ ਸਮਾਂ ਆਉਣ ‘ਤੇ ਇਸ ਦਾ ਵੀ ਕੋਈ ਹੱਲ ਨਿੱਕਲ ਆਵੇਗਾ ।

ਉਨ੍ਹਾਂ ਕਿਹਾ ਕਿ ਕੁਝ ਸਿੱਖ ਜਥੇਬੰਦੀਆਂ ਵੱਲੋਂ ਵਿਸਾਖੀ ਮੌਕੇ ਸਰਬੱਤ ਖ਼ਾਲਸਾ ਬਲਾਉਣ ਸਬੰਧੀ ਉਨ੍ਹਾਂ ਪਾਸ ਕੋਈ ਜਾਣਕਾਰੀ ਨਹੀਂ ਹੈ । ਇਸ ਮੌਕੇ ਕੈਬਨਿਟ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਮੈਂਬਰ ਸਿਕੰਦਰ ਸਿੰਘ ਮਲੂਕਾ, ਪਿ੍ੰਸੀਪਲ ਡਾ. ਧਰਮਿੰਦਰ ਸਿੰਘ ਉਭਾ ਆਦਿ ਹਾਜ਼ਰ ਸਨ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version