ਜਰਮਨੀ: ਵਿਦੇਸ਼ਾਂ ਵਿੱਚ ਇੰਡੀਆ ਦੇ ਸਫਾਰਤਖਾਨਿਆਂ ਵੱਲੋਂ ਸਿੱਖਾਂ ਦੇ ਮਾਮਲਿਆਂ ਵਿੱਚ ਦਖਲ ਦੀਆਂ ਕੋਸ਼ਿਸ਼ਾਂ ਕਰਨ ਦਾ ਮਸਲਾ ਹੁਣ ਤਕਰੀਬਨ ਜੱਗ ਜਾਹਿਰ ਹੈ। ਜਰਮਨੀ ਵਿੱਚ ਤਾਂ ਇੰਡੀਆ ਦੀਆਂ ਖੂਫੀਆਂ ਏਜੰਸੀਆਂ ਦੇ ਜਸੂਸ ਸਿੱਖਾਂ ਦੀ ਜਸੂਸੀ ਕਰਨ ਕਰਕੇ ਮੁਕਦਮਿਆਂ ਦਾ ਵੀ ਸਾਹਮਣਾ ਕਰ ਰਹੇ ਹਨ ਅਤੇ ਕੁਝ ਨੂੰ ਅਜਿਹੇ ਮੁਕਦਮਿਆਂ ਵਿੱਚ ਅਦਾਲਤਾਂ ਵੱਲੋਂ ਦੋਸ਼ੀ ਵੀ ਠਹਿਰਾਇਆਂ ਜਾ ਚੁੱਕਾ ਹੈ।
ਜਰਮਨੀ ਵਿਚਲੇ ਪੰਥ ਸੇਵਕਾਂ ਵੱਲੋਂ ਭੇਜੀ ਗਈ ਜਾਣਕਾਰੀ ਮੁਤਾਬਿਕ ਜਰਮਨੀ ਦੇ ਸ਼ਹਿਰ ਮਿਊਨਚਿਨ ਵਿੱਚ ਇੰਡੀਆ ਦੇ ਇੱਕ ਸਫੀਰੀ ਅਫਸਰ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਆ ਕੇ ਸਿੱਖਾਂ ਨੂੰ ਵੀਜ਼ਿਆਂ ਤੇ ਪਾਸਪੋਰਟਾਂ ਦੇ ਲਾਲਚਾਂ ਨਾਲ ਵਰਗਲਾਉਣ ਦਾ ਚੇਤਨ ਸਿੱਖਾਂ ਵੱਲੋਂ ਡਟਵਾਂ ਵਿਰੋਧ ਕਰਨਾ ਪਿਆ।
ਇਸ ਮੌਕੇ ਆਪਣੇ ਅਮਲੇ-ਫੈਲੇ ਨਾਲ ਪਹੁੰਚੇ ਇੰਡੀਅਨ ਸਫੀਰ ਨੂੰ ਸਿੱਖਾਂ ਨੇ ਕਿਹਾ ਕਿ ਗੁਰਦੁਆਰਾ ਸਾਹਿਬਾਨ ਸਰਬ-ਸਾਂਝੇ ਅਸਥਾਨ ਹਨ ਅਤੇ ਇੱਥੇ ਕੋਈ ਵੀ ਸ਼ਰਧਾ-ਭਾਵਨਾ ਨਾਲ ਸੰਗਤ ਵਜੋਂ ਦਰਸ਼ਨ ਕਰਨ ਤੇ ਲੰਗਰ ਪ੍ਰਸ਼ਾਦਾ ਛਕਣ ਆ ਸਕਦਾ ਹੈ ਪਰ ਉੱਥੇ ਨਾਲ ਹੀ ਇਹ ਵੀ ਸਪਸ਼ਟ ਹੈ ਗੁਰਦੁਆਰਾ ਸਾਹਿਬਾਨ ਵਿੱਚ ਆ ਕੇ ਸਿੱਖਾਂ ਨੂੰ ਵਰਗਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।
ਇਨਹਾਂ ਸਿੱਖਾਂ ਨੇ ਇੰਡੀਅਨ ਸਫੀਰ ਨੂੰ ਕਿਹਾ ਕਿ ਜਿਨ੍ਹਾਂ ਨੂੰ ਪਾਸਪੋਰਟ ਵੀਜ਼ਿਆਂ ਦੀ ਲੋੜ ਹੋਵੇਗੀ ਉਹ ਆਪੇ ਭਾਰਤੀ ਸਫਾਰਤ ਖਾਨੇ ਨਾਲ ਸੰਪਰਕ ਕਰ ਲੈਣਗੇ ਤੁਸੀਂ ਗੁਰਦੁਆਰਾ ਸਾਹਿਬਾਨ ਵਿੱਚ ਅਜਿਹੀਆਂ ਕਾਰਵਾਈ ਜਾਂ ਪ੍ਰਚਾਰ ਨਹੀਂ ਕਰ ਸਕਦੇ ਤੇ ਨਾ ਤੁਹਾਨੂੰ ਸਿੱਖਾਂ ਦੇ ਮਾਮਲਿਆਂ ਤੇ ਅਸਥਾਨਾਂ ਵਿੱਚ ਦਖਲ-ਅੰਦਾਜ਼ੀ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ।
ਇਸ ਮੌਕੇ ਸਿੱਖਾਂ ਨੇ ਇੰਡੀਅਨ ਸਫੀਰ ਨੂੰ ਪੰਜਾਬ ਵਿੱਚ ਨੌਜਵਾਨਾਂ ਵਿਰੁੱਧ ਯੁਆਪਾ ਤਹਿਤ ਦਰਜ਼ ਹੋ ਰਹੇ ਮਾਮਲਿਆ ਬਾਰੇ ਵੀ ਸਵਾਲ ਪੁੱਛੇ।