ਅੰਮਿ੍ਤਸਰ (8 ਦਸੰਬਰ, 2014 ): ਭਾਰਤੀ ਸੰਵਿਧਾਨ ਦੀ ਧਾਰਾ 25ਬੀ ‘ਚ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਵਜੋਂ ਦਰਜ ਕਰਨ ਵਿਰੁੱਧ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਪੀਰ ਮੁਹੰਮਦ ਵੱਲੋਂ ਸਿੱਖ ਵੱਖਰੀ ਕੌਮ ਮੁੱਦੇ ‘ਤੇ ਦਾਖ਼ਲ ਕੀਤੀ ਜਾ ਰਹੀ ਇਕ ਪਟੀਸ਼ਨ ਦੀ ਹਸਤਾਖਰ ਮੁਹਿੰਮ ਬਾਰੇ ਅੱਜ ਸਿੰਘ ਸਾਹਿਬ ਨੇ ਕਿਹਾ ਕਿ ਭਾਰਤੀ ਸੰਵਿਧਾਨ ਦੀ ਧਾਰਾ 25ਬੀ ਸਿੱਖਾਂ ਨਾਲ ਨਸਲੀ ਵਿਤਕਰੇ ਦੀ ਸਪੱਸ਼ਟ ਉਦਾਹਰਨ ਹੈ ਅਤੇ ਇਸ ਨੂੰ ਰੱਦ ਕਰਵਾਉਣ ਲਈ ਤੁਰੰਤ ਯਤਨ ਹੋਣੇ ਚਾਹੀਦੇ ਹਨ |
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਅੱਜ ਕਿਹਾ ਕਿ ਸਿੱਖਾਂ ਨੂੰ ਹਿੰਦੂਆਂ ਦਾ ਹਿੱਸਾ ਦੱਸਣਾ ਕਿਸੇ ਦੀ ਹਸਤੀ ਖਤਮ ਕਰਨ ਬਰਾਬਰ ਹੈ ਅਤੇ ਵੱਖਰੀ ਪਹਿਚਾਣ, ਰਸਮੋਂ ਰਿਵਾਜ਼, ਮਾਨਤਾਵਾਂ ਦੇ ਚਲਦਿਆਂ ਸਿੱਖ ਵੱਖਰੀ ਕੌਮ ਹਨ | ਉਨ੍ਹਾਂ ਕਿਹਾ ਕਿ ਇਸ ਮੁੱਦੇ ‘ਤੇ ਸਮੂਹ ਸਿੱਖਾਂ ਨੂੰ ਇਕਜੁੱਟ ਹੋਣ ਦੀ ਲੋੜ ਹੈ |
ਇਕ ਲੱਖ ਹਸਤਾਖਰਾਂ ਦੀ ਲੋੜ ਵਾਲੀ ਪਟੀਸ਼ਨ ‘ਤੇ ਸਮੂਹ ਸਿੱਖਾਂ ਨੂੰ ਵੱਧ ਚੜ੍ਹ ਕੇ ਦਸਤਖ਼ਤ ਕਰਨ ਲਈ ਸਿੰਘ ਸਾਹਿਬ ਨੇ ਨਿਰਦੇਸ਼ ਜਾਰੀ ਕੀਤੇ | ਉਨ੍ਹਾਂ ਕਿਹਾ ਕਿ ਸਿੱਖ ਧਰਮ ਜਿਸ ਦੇ 3 ਕਰੋੜ ਤੋਂ ਵਧੇਰੇ ਪੈਰੋਕਾਰ ਹਨ, ਵਿਸ਼ਵ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਗਿਣਿਆ ਜਾਂਦਾ ਹੈ ਪਰ ਤਰਾਸਦੀ ਹੈ, ਕਿ ਪਿਛਲੇ 65 ਵਰਿ੍ਹਆਂ ਤੋਂ ਉਸ ਨੂੰ ‘ਲੋਕਤੰਤਰੀ ਭਾਰਤ’ ‘ਚ ਆਪਣੀ ਵੱਖਰੀ ਹੋਂਦ ਦਰਸਾਉਣ ਲਈ ਹੱਥ ਪੈਰ ਮਾਰਨੇ ਪੈ ਰਹੇ ਹਨ |
ਪੱਤਰਕਾਰ ਮਿਲਣੀ ਕਰਦਿਆਂ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਅਤੇ ਪ੍ਰਧਾਨ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਨੇ ਦੱਸਿਆ ਅਗਾਮੀ 26 ਜਨਵਰੀ ਨੂੰ ਭਾਰਤੀ ਗਣਤੰਤਰ ਦਿਵਸ ਮੌਕੇ ਪਹੁੰਚ ਰਹੇ ਅਮਰੀਕੀ ਰਾਸ਼ਟਰਪਤੀ ਬਰਾਕ ਉਬਾਮਾ ਤੱਕ ਇਕ ਲੱਖ ਹਸਤਾਖਰਾਂ ਵਾਲੀ ਪਟੀਸ਼ਨ ਭੇਜ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੋਂ ਸਿੱਖਾਂ ਨਾਲ ਕੀਤੀ ਜਾ ਰਹੀ ਵਧੀਕੀ ਦਾ ਕਾਰਨ ਪੁੱਛਣ ਲਈ ਕਿਹਾ ਜਾਵੇਗਾ |