ਸਿੱਖ ਖਬਰਾਂ

ਫਿਲਮ “ਦੀ ਬਲੱਡ ਸਟਰੀਟ” ਨੂੰ ਭਾਰਤੀ ਸੈਂਸਰ ਬੋਰਡ ਵੱਲੋਂ ਹਰੀ ਝੰਡੀ

By ਸਿੱਖ ਸਿਆਸਤ ਬਿਊਰੋ

March 31, 2015

ਸਿਰਸਾ (30 ਮਾਰਚ 2015): ਸਿੱਖ ਸੰਘਰਸ਼ ਨਾਲ ਸਬੰਧਿਤ ਫਿਲਮਾਂ ਵਿੱਚੋਂ ਫਿਲਮ ‘ਦਿ ਬਲੱਡ ਸਟਰੀਟ’ ਨੂੰ ਭਾਰਤੀ ਸੈਂਸਰ ਬੋਰਡ ਵੱਲੋਂ ਪਹਿਲਾਂ ਭਾਰਤ ਦੇ ਸਿਨੇਮਾ ਘਰਾਂ ਵਿੱਚ ਦਿਖਾਉਣ ਤੇ ਰੋਕ ਲਗਾ ਦਿੱਤੀ ਸੀ , ਹੁਣ ਉਸਨੂੰ ਸੈਂਸਰ ਬੋਰਡ ਵੱਲੋਂ ਪ੍ਰਮਾਣ ਪੱਤਰ ਮਿਲ ਗਿਆ ਹੈ।

ਇਸ ਫਿਲਮ ਨੂੰ ਭਾਰਤ ਵਿੱਚ ਮਈ ਦੇ ਪਹਿਲੇ ਹਫਤੇ ਰਿਲੀਜ਼ ਕੀਤਾ ਜਾ ਰਿਹਾ ਹੈ। ਫਿਲਮ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੇ ਕਲਾਕਾਰ ਕਰਮਜੀਤ ਸਿੰਘ ਬਰਾੜ ਨੇ ਦੱਸਿਆ ਹੈ ਕਿ ਇਹ ਫਿਲਮ ਪੰਜਾਬ ਅੰਦਰ ਖਾੜਕੂਵਾਦ ਦੇ ਦੌਰ ਦੌਰਾਨ ਵਾਪਰੀਆਂ ਸੱਚੀਆਂ ਘਟਨਾਵਾਂ ’ਤੇ ਅਧਾਰਿਤ ਹੈ।

ਇਸ ਫਿਲਮ ਨੂੰ ਸੈਂਸਰ ਬੋਰਡ ਨੇ ਪਹਿਲਾਂ ਇਹ ਕਹਿੰਦੇ ਹੋਏ ਪ੍ਰਮਾਣ ਪੱਤਰ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਫਿਲਮ ਨੌਜਵਾਨਾਂ ਨੂੰ ਭੜਕਾਉਣ ਦਾ ਕੰਮ ਕਰੇਗੀ । ਉਨ੍ਹਾਂ ਨੇ ਦੱਸਿਆ ਕਿ ਇਸ ਫਿਲਮ ਵਿੱਚ ਪੰਜਾਬ ਵਿੱਚ 1984 ਤੋਂ ਬਾਅਦ 1987 ਤੋਂ 1992 ਤੱਕ ਦੇ ਦੌਰ ਨੂੰ ਦਿਖਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ ਸਿੱਖ ਸੰਘਰਸ਼ ਨਾਲ ਸੰਘਰਸ਼ ਨਾਲ ਸੰਬਧਿਤ ਫਿਲਮ “ਸਾਡਾ ਹੱਕ” ਨੂੰ ਦਰਸ਼ਕਾਂ ਵੱਲੋਂ ਮਿਲੇ ਵਧੀਆ ਹੁੰਗਾਰੇ ਤੋਂ ਬਾਅਦ ਇਸ ਪਾਸੇ ਫਿਲਮਾਂ ਬਣਾਉਣਾ ਦਾ ਰੁਝਾਨ ਕਾਫੀ ਵਧਿਆ ਹੈ।

ਇਹ ਫਿਲਮਾਂ ਮੁੱਖ ਤੌਰ ‘ਤੇ ਵਪਾਰਕ ਹਿੱਤਾਂ ਨੂੰ ਮੁੱਖ ਰੱਖਕੇ ਬਣਾਈਆਂ ਗਈਆਂ/ਜਾ ਰਹੀਆਂ ਹਨ, ਪਰ ਇਨ੍ਹਾਂ ਫਿਲਮਾਂ ਵਿੱਚ ਵਰਤੀ ਗਈ ਤਕਨੀਕ ਅਤੇ ਅਦਾਕਾਰੀ ਦੇ ਪੱਖੋ ਇਨ੍ਹਾਂ ਫਿਲਮਾ ਦਾ ਪੱਧਰ ਵਧੀਆ ਨਹੀਂ ਹੈ, ਜਿਸ ਕਰਕੇ ਸੁਹਿਰਦ ਸਿੱਖ ਹਲਕਿਆਂ ਵਿੱਚ ਇਸ ਪ੍ਰਤੀ ਚਿੰਤਾ ਪ੍ਰਗਾਟਾਈ ਜਾ ਰਹੀ ਹੈ।ਕਿਉਕਿ ਤਕਨੀਕ ਅਤੇ ਅਦਾਕਰੀ ਪੱਖੋ ਮਾੜੀਆਂ ਫਿਲਮਾਂ ਜਿੱਥੇ ਦਰਸ਼ਕਾਂ ਨੂੰ ਸੰਤੁਸ਼ਟ ਕਰਨ ਵਿੱਚ ਨਾਕਾਮ ਰਹਿੰਦੀਆਂ ਹਨ, ਉੱਥੇ ਇਸ ਖੇਤਰ ਦੀਆਂ ਭਵਿੱਖਤ ਸੰਭਾਵਨਾਵਾਂ ‘ਤੇ ਵੀ ਨਾਂਹਪੱਖੀ ਅਸਰ ਛੱਡਦੀਆਂ ਹਨ।

ਇਸਤੋਂ ਪਹਿਲਾਂ ਵੀ ਰਾਜ ਕਾਕੜਾ ਦੀ ਪਹਿਲੀ ਪੰਜਾਬੀ ਫਿਲਮ “ਕੌਮ ਦੇ ਹੀਰੇ” ‘ਤੇ ਵੀ ਭਾਰਤ ਵਿੱਚ ਪਾਬੰਦੀ ਲਾ ਦਿੱਤੀ ਸੀ।ਸ਼ਹੀਦ ਭਾਈ ਬੇਅੰਤ ਸਿੰਘ, ਸਤਵੰਤ ਸਿੰਘ, ਕੇਹਰ ਸਿੰਘ ਦੇ ਜੀਵਣ ‘ਤੇ ਅਧਾਰਿਤ ਹੋਣ ਕਰਕੇ ਇਸ ਫਿਲਮ ਦੀ ਕਾਫੀ ਪ੍ਰਸ਼ੰਸਾ ਹੋਈ ਸੀ, ਭਾਂਵੇ ਕਿ ਤਕਨੀਕ, ਨਿਰਦੇਸ਼ਨ ਅਤੇ ਅਦਾਕਾਰੀ ਪੱਖੋਂ ਕਮਜ਼ੋਰ ਹੋਣ ਕਰਕੇ ਇਹ ਫਿਲਮ ਅਲੋਚਕਾਂ ਲਈ ਚਰਚਾ ਦਾ ਵਿਸ਼ਾ ਬਣੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: