ਫਤਿਹਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਪਾਰਟੀ ਦੇ ਮੁੱਖ ਦਫਤਰ ਤੋਂ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਕਿ ਜੰਗ ਲੱਗਣ ਦੀ ਸੂਰਤ ਵਿਚ ਮੈਦਾਨ-ਏ-ਜੰਗ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਖ, ਗੁਜਰਾਤ ਦਾ ਕੱਛ ਇਲਾਕਾ ਬਣਨਗੇ। ਚੂੰਕਿ ਇਨ੍ਹਾਂ ਇਲਾਕਿਆਂ ‘ਚ ਸਿੱਖਾਂ ਦੀ ਵਸੋਂ ਕਾਫੀ ਹੈ ਇਸ ਲਈ ਸਿੱਖਾਂ ਦੀ ਬਿਨਾਂ ਵਜ੍ਹਾ ਨਸਲਕੁਸ਼ੀ ਹੋ ਜਾਵੇਗੀ। ਦੂਜਾ ਜੰਗ ਇਨਸਾਨੀ ਕਦਰਾਂ-ਕੀਮਤਾਂ, ਜਮਹੂਰੀਅਤ ਅਤੇ ਅਮਨ-ਚੈਨ ਦਾ ਘਾਣ ਕਰ ਦਿੰਦੀ ਹੈ। ਇਸ ਲਈ ਅਸੀਂ ਸਿੱਖ ਵਸੋਂ ਵਾਲੇ ਇਲਾਕੇ ਵਿਚ ਅਜਿਹਾ ਅਮਲ ਬਿਲਕੁਲ ਵੀ ਨਹੀਂ ਹੋਣ ਦਿਆਂਗੇ।
ਸਿਮਰਨਜੀਤ ਸਿੰਘ ਮਾਨ ਨੇ ਹਿੰਦ-ਫੌ਼ਜ ਦੇ ਮੁੱਖੀ ਜਨਰਲ ਬਿਪਨ ਰਾਵਤ ਵੱਲੋਂ ਪੰਜਾਬ ਅਤੇ ਜੰਮੂ-ਕਸ਼ਮੀਰ ਦੀਆਂ ਸਰਹੱਦਾਂ ਉਤੇ ਤੈਨਾਤ ਭਾਰਤੀ ਫ਼ੌਜਾਂ ਨੂੰ ਜੰਗ ਲਈ ਤਿਆਰ ਰਹਿਣ ਦੇ ਹੁਕਮਾਂ ਨੂੰ ਮੰਦਭਾਗਾ ਕਰਾਰ ਦਿੰਦੇ ਹੋਏ ਪੁਰਜ਼ੋਰ ਸ਼ਬਦਾਂ ਵਿਚ ਇਸਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਿੱਖ ਬਹੁਗਿਣਤੀ ਵਾਲਾ ਸੂਬਾ ਹੈ ਅਤੇ ਜੰਮੂ-ਕਸ਼ਮੀਰ ਮੁਸਲਿਮ ਬਹੁਗਿਣਤੀ ਵਾਲਾ ਸੂਬਾ ਹੈ। ਭਾਰਤੀ ਹੁਕਮਰਾਨ ਅਤੇ ਫ਼ੌਜ ਦੇ ਹਿੰਦੂਤਵ ਸੋਚ ਵਾਲੇ ਮੁੱਖੀ ਮੰਦਭਾਵਨਾ ਅਧੀਨ ਸਿੱਖਾਂ ਅਤੇ ਕਸ਼ਮੀਰੀਆਂ (ਮੁਸਲਮਾਨਾਂ) ਨੂੰ ਜੰਗ ਵਰਗੇ ਦੁਖਾਂਤ ਵੱਲ ਇਸ ਲਈ ਧਕੇਲਣ ਦੀ ਸਾਜਿ਼ਸ ਰਚ ਰਹੇ ਹਨ, ਕਿਉਂਕਿ ਇਹ ਦੋਵੇ ਕੌਮਾਂ ਘੱਟਗਿਣਤੀ ਕੌਮਾਂ ਹਨ। ਜਦਕਿ ਉਤਰਾਖੰਡ ਦਾ ਚੰਮੋਲੀ ਜ਼ਿਲ੍ਹਾ ਜੋ ਚੀਨ-ਭਾਰਤ ਸਰਹੱਦ ‘ਤੇ ਬਾਰਾਹੋਤੀ ਖੇਤਰ ਦੇ ਨਾਲ ਲੱਗਦਾ ਹੈ ਅਤੇ ਸਿੱਕਮ ਵਿਚ ਜਿਥੇ ਚੀਨ ਪੂਰੇ ਲਾਮ-ਲਸ਼ਕਰ ਨਾਲ ਦਾਖਲ ਹੋ ਚੁੱਕਾ ਹੈ ਅਤੇ ਇਸ ਇਲਾਕੇ ਵਿਚ ਆਪਣੀਆਂ ਫ਼ੌਜੀ ਸਰਗਰਮੀਆਂ ਕਰ ਰਿਹਾ ਹੈ, ਉਥੇ ਇਹ ਹਿੰਦੂ ਹੁਕਮਰਾਨ ਅਤੇ ਫ਼ੌਜ ਦੇ ਮੁੱਖੀ ਰਾਵਤ ਮੂੰਹ ਇਸ ਕਰਕੇ ਨਹੀਂ ਕਰਦੇ, ਕਿਉਂਕਿ ਇਹ ਹਿੰਦੂ ਬਹੁਗਿਣਤੀ ਵਾਲੇ ਇਲਾਕੇ ਹਨ ਅਤੇ ਚੀਨ ਨਾਲ ਜੰਗ ਲੱਗਣ ਦੀ ਸੂਰਤ ਵਿਚ ਵੱਡੀ ਗਿਣਤੀ ਵਿਚ ਹਿੰਦੂ ਮੌਤ ਦੇ ਮੂੰਹ ਵਿਚ ਜਾਣਗੇ।
ਜਾਰੀ ਪ੍ਰੈਸ ਬਿਆਨ ‘ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਕਿਹਾ ਗਿਆ ਕਿ ਜਨਰਲ ਬਿਪਨ ਰਾਵਤ ਪੰਜਾਬ ਅਤੇ ਕਸ਼ਮੀਰ ‘ਚ ਜੰਗ ਕਰਨ ਦੀ ਬਿਲਕੁਲ ਗੁਸਤਾਖੀ ਬਿਲਕੁਲ ਨਾ ਕਰੇ। ਸ. ਮਾਨ ਨੇ ਕਿਹਾ ਕਿ ਜਿਥੇ ਚੀਨ ਪੂਰੇ ਹੌਂਸਲੇ ਨਾਲ ਆਪਣੇ ਅਮਲੇ-ਫੈਲੇ ਤੇ ਜੰਗੀ ਸਮਾਨ ਨਾਲ ਦਾਖਲ ਹੋ ਰਿਹਾ ਹੈ, ਉਧਰ ਹੁਕਮਰਾਨ ਤੇ ਫ਼ੌਜਾਂ ਮੂੰਹ ਹੀ ਨਹੀਂ ਕਰ ਰਹੀਆਂ।