ਚੰਡੀਗੜ੍ਹ ( 7 ਅਗਸਤ, 2015): ਭਾਰਤੀ ਖੂਫੀਆ ਏਜ਼ੰਸੀਆਂ ਵੱਲੋਂ ਆਉਣ ਵਾਲੀ ਪੰਜਾਬੀ ਫਿਲਮ “ਮਾਸਟਰ ਮਾਈਂਡ ਸੁੱਖਾ ਜ਼ਿੰਦਾ” ‘ਤੇ ਭਾਰਤੀ ਫਿਲਮ ਬੋਰਡ ਕੋਲ ਚਿੰਤਾ ਜ਼ਾਹਰ ਕਰਨ ਕਰਕੇ ਸੈਂਸਰ ਬੋਰਡ ਵੱਲੋਂ ਫਿਲਮ ਨੂੰ ਪਾਸ ਕਰਨ ‘ਤੇ ਦੁਬਾਰਾ ਵਿਚਾਰ ਕਰਨ ਦੀ ਸੰਭਾਵਨਾ ਹੈ।
ਭਾਰਤੀ ਮੀਡੀਆ ਵਿੱਚ ਨਸ਼ਰ ਰਿਪੋਰਟਾਂ ਅਨੁਸਾਰ ਸੁਰੱਖਿਆ ਏਜ਼ੰਸੀਆਂ ਨੇ ਫਿਲਮ ‘ਤੇ ਇਤਰਾਜ਼ ਉਠਾਉਦਿਆਂ ਕਿਹਾ ਕਿ ਇਸ ਵਿੱਚ ਸਾਬਕਾ ਫੌਜ ਮੁਖੀ ਜਨਰਲ ਏ.ਐੱਸ ਵੈਦਿਆ ਦੇ ਕਤਲ ਦੀ ਵਡਿਆਈ ਕੀਤੀ ਗਈ ਹੈ ਅਤੇ ਇਹ ਅਜ਼ਾਦ ਸਿੱਖ ਰਾਜ ਦੇ ਪੱਖ ਵਿੱਚ ਹਮਦਰਦੀ ਪੈਦਾ ਕਰਦੀ ਹੈ।
ਭਾਰਤੀ ਫਿਲਮ ਸੈਂਸਰ ਬੋਰਡ ਨੇ ਜੁਲਾਈ ਮਹੀਨੇ ਵਿੱਚ ਇਸ ਫਿਲਮ ਨੂੰ ਹਰੀ ਝੰਡੀ ਦੇ ਦਿੱਤੀ ਸੀ ਅਤੇ ਫਿਲਮ ਨੇ 11 ਸਤੰਬਰ ਨੂੰ ਜਾਰੀ ਹੋਣਾ ਹੈ।
ਫਿਲਮ “ਮਾਸਟਰ ਮਾਈਂਡ ਸੁੱਖਾ-ਜ਼ਿੰਦਾ” ਸਿੱਖ ਸੰਘਰਸ਼ ਦੇ ਸ਼ਹੀਦਾਂ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿੰਘ ਸੁੱਖਾ ਦੀ ਸ਼ਹਾਦਤ ‘ਤੇ ਅਧਾਰਿਤ ਹੈ, ਜਿੰਨਾਂ ਨੇ ਲਗਭਗ ਜੂਨ 1984 ਵਿੱਚ ਭਾਰਤੀ ਫੌਜ ਵੱਲੋਂ ਸ੍ਰੀ ਦਰਬਾਰ ਸਾਹਿਬ ਅਤੇ ਹੋਰ ਗੁਰਦੁਆਰਾ ਸਾਹਿਬਾਨ ‘ਤੇ ਕੀਤੇ ਹਮਲੇ ਤੋਂ ਬਾਅਦ 10 ਅਗਸਤ 1986 ਨੂੰ ਜਨਰਲ ਵੈਦਿਆ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ।ਧਿਆਨ ਦੇਣ ਯੋਗ ਹੈ ਕਿ ਜਨਰਲ ਵੈਦਿਆ ਦਰਬਾਰ ਸਾਹਿਬ ‘ਤੇ ਹਮਲੇ ਸਮੇਂ ਭਾਰਤੀ ਫੌਜ ਦਾ ਮੁਖੀ ਸੀ।
ਭਾਰਤੀ ਫਿਲਮ ਸੈਂਸਰ ਬੋਰਡ ਨੂੰ ਸੁਰੱਖਿਆ ਏਜ਼ੰਸੀਆਂ ਨੇ ਦੱਸਿਆ ਕਿ ਇਸ ਫਿਲਮ ਵਿੱਚ ਜੋ ਕੁਝ ਵਿਖਾਇਆ ਗਿਆ ਹੈ, ਉਸ ਨਾਲ ਅਮਨ-ਚੈਨ ਨੂੰ ਖਤਰਾ ਪੈਦਾ ਹੋਣ ਦੀ ਸੰਭਾਵਨਾ ਹੈ।
ਸੈਂਸਰ ਬੋਰਡ ਨੇ ਕਿਹਾ ਕਿ ਫਿਲਮ ਨੂੰ ਬੋਰਡ ਵੱਲੋਂ ਪਾਸ ਕਰ ਦਿੱਤਾ ਗਿਆ ਹੈ, ਪਰ ਸੁਰੱਖਿਆ ਏਜ਼ੰਸੀਆਂ ਵੱਲੋਂ ਉਠਾਏ ਗਏ ਇਤਰਾਜ਼ਾਂ ‘ਤੇ ਵੀਚਾਰ ਕੀਤਾ ਜਾ ਰਿਹਾ ਹੈ।
ਇਹ ਫਿਲਮ ਭਾਈ ਜਿੰਦਾ ਅਤੇ ਭਾਈ ਸੁੱਖਾ ਵੱਲੋਂ ਲਿਖੀਆਂ ਜੇਲ ਚਿੱਠੀਆਂ ‘ਤੇ ਅਧਾਰਿਤ ਹੈ ਅਤੇ ਇਸ ਵਿੱਚ ਉਨ੍ਹਾਂ ਦੀ ਬਹਾਦਰੀ ਨੂੰ ਵਿਖਾਇਆ ਗਿਆ ਹੈ।
ਅਸਟਰੇਲੀਆਂ ਦੇ ਨਿਰਮਾਤਾ ਸਿੰਘ ਬ੍ਰਦਰਜ਼ ਵੱਲੋਂ ਬਣਾਈ ਇਸ ਫਿਲਮ ਨੂੰ ਸੁਖਜਿੰਦਰ ਸਿੰਘ ਸ਼ੇਰਾ ਨੇ ਨਿਰਦੇਸ਼ਿਤ ਕੀਤਾ ਹੈ ਅਤੇ ਇਹ ਫਿਲਮ ਕੌਮਾਂਤਰੀ ਪੱਧਰ ‘ਤੇ ਜਾਰੀ ਹੋਣ ਦੀ ਤਿਆਰੀ ਵਿੱਚ ਹੈ।
ਫਿਲਮ “ਮਾਸਟਰ ਮਾਈਂਡ ਸੁੱਖਾ ਜਿੰਦਾ” ਪਿਛਲੇ ਸਮੇਂ ਵਿੱਚ ਬਣੀਆਂ ਉਨਾਂ ਫਿਲਮਾਂ ਦੀ ਲੜੀ ਵਿੱਚੋਂ ਹੈ ਜੋ 1984 ਦੇ ਬਾਅਦ ਦੇ ਹਾਲਾਤਾਂ ‘ਤੇ ਬਣੀਆਂ ਹਨ। ਸੰਨ 2013 ਵਿੱਚ 1984 ਤੋਂ ਬਾਅਦ ਦੀਆਂ ਘਟਨਾਵਾਂ ‘ਤੇ ਅਧਾਰਿਤ ੀਫਲਮ “ਸਾਡਾ ਹੱਕ” ‘ਤੇ ਪੰਜਾਬ , ਹਰਿਆਣਾ, ਜੰਮੂ ਕਸ਼ਮੀਰ, ਹਿਮਾਚਲ ਅਤੇ ਦਿੱਲੀ ਦੀਆਂ ਸਰਕਾਰਾਂ ਨੇ ਪਾਬੰਦੀ ਲਾ ਦਿੱਤੀ ਸੀ।ਪਰ ਭਾਰਤੀ ਸੁਪਰੀਮ ਕੋਰਟ ਨੇ ਬਾਅਦ ਵਿੱਚ ਇਸ ਨੂੰ ਪ੍ਰਵਾਨਗੀ ਦੇ ਦਿੱਤੀ ਸੀ।
ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਦੇ ਜੀਵਨ ‘ਤੇ ਬਣੀ ਫਿਲਮ “ਕੌਮ ਦੇ ਹੀਰੇ” ,ਜਿਸ ਵਿੱਚ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਦੇ ਕਤਲ ਦੀ ਘਟਨਾ ਨੂੰ ਫਿਲਮਾਇਆ ਗਿਆ ਸੀ, ਨੂੰ ਸੈਂਸਰ ਬੋਰਡ ਨੇ ਪਾਸ ਨਹੀਂ ਕੀਤਾ ਸੀ।