ਚੰਡੀਗੜ੍ਹ: ਭਾਰਤ ਅਤੇ ਪਾਕਿਸਤਾਨ ਵਲੋਂ ਕਸ਼ਮੀਰ ਚ ਕਬਜੇ ਵਾਲੀ ਲੀਕ (ਐਲ.ਓ.ਸੀ.) ਤੋਂ ਪਾਰ ਇਕ ਦੂਜੇ ਵੱਲ ਗੋਲੀਬਾਰੀ ਜਾਰੀ ਹੈ। ਜਿੱਥੇ ਭਾਰਤੀ ਮੀਡੀਆ ਭਾਰਤ ਸਰਕਾਰ ਦੇ ਕਬਜੇ ਹੇਠਲੇ ਕਸ਼ਮੀਰ ਵਿਚ ਪਾਕਿਸਤਾਨ ਵਲੋਂ ਗੋਲੀਬਾਰੀ ਕੀਤੇ ਜਾਣ ਤੇ ਇਸ ਗੋਲੀਬਾਰੀ ਵਿਚ ਭਾਰਤੀ ਫੌਜੀਆਂ ਤੇ ਆਮ ਲੋਕਾਂ ਦੇ ਮਾਰੇ ਜਾਣ ਦੀਆਂ ਖਬਰਾਂ ਛਾਪ ਰਿਹਾ ਹੈ ਓਥੇ ਦੂਜੇ ਬੰਨੇ ਜੇਕਰ ਪਾਕਿਸਤਾਨੀ ਖਬਰਖਾਨੇ ਤੇ ਨਜ਼ਰ ਮਾਰੀ ਜਾਵੇ ਤਾਂ ਓਥੇ ਭਾਰਤ ਵਲੋਂ ਪਾਕਿਸਤਾਨ ਦੇ ਕਬਜੇ ਹੇਠਲੇ ਕਸ਼ਮੀਰ ਦੇ ਇਲਾਕੇ ਵਿਚ ਗੋਲੀਬਾਰੀ ਕੀਤੇ ਜਾਣ, ਤੇ ਇਸ ਗੋਲੀਬਾਰੀ ਵਿਚ ਪਾਕਿਸਤਾਨੀ ਫੌਜੀਆਂ ਤੇ ਆਮ ਲੋਕਾਂ ਦੇ ਮਾਰੇ ਜਾਣ ਦੀਆਂ ਖਬਰਾਂ ਛਪ ਰਹੀਆਂ ਹਨ।
ਪਾਕਿਸਤਾਨ ਦੇ ਅਖਬਾਰ ਦਾ ਡਾਨ ਚ ਲੱਗੀ ਖਬਰ ਮੁਤਾਬਕ ਭਾਰਤੀ ਕਬਜੇ ਹੇਠਲੇ ਕਸ਼ਮੀਰ ਤੋਂ ਪਾਕਿਸਤਾਨੀ ਕਬਜੇ ਹੇਠਲੇ ਕਸ਼ਮੀਰ ਵੱਲ ਐਤਵਾਰ ਨੂੰ ਕੀਤੀ ਗਈ ਗੋਲੀਬਾਰ ਵਿਚ ਪਾਕਿਸਤਾਨੀ ਫੌਜ ਦੇ 2 ਸਿਪਾਹੀ ਅਤੇ 2 ਆਮ ਲੋਕ ਮਾਰੇ ਗਏ ਜਦਕਿ ਇਸ ਦੌਰਾਨ 3 ਹੋਰ ਲੋਕ ਜਖਮੀ ਹੋ ਗਏ।
ਜ਼ਿਕਰਯੋਗ ਹੈ ਕਿ ਦੋਵੇਂ ਗਵਾਂਡੀ ਮੁਲਕਾਂ ਦਰਮਿਆਨ ਖਿੱਚੋ ਤਾਣ ਇਸ ਵੇਲੇ ਸਿਖਰਾਂ ਤੇ ਹੈ ਅਤੇ ਲੰਘੇ ਹਫਤੇ ਦੋਵਾਂ ਦੀਆਂ ਫੌਜਾਂ ਦੀ ਹਵਾਈ ਝੜਪ ਵੀ ਹੋ ਗਈ ਸੀ। ਲੰਘੇ ਬੁੱਧਵਾਰ ਨੂੰ ਹੋਈ ਹਵਾਈ ਲੜਾਈ ਵਿਚ ਪਾਕਿਸਤਾਨ ਨੇ ਭਾਰਤ ਦਾ ਇਕ ਜਹਾਜ਼ ਸੁੱਟ ਲਿਆ ਸੀ ਤੇ ਇਕ ਹਵਾਈ ਫੌਜੀ ਫੜ ਲਿਆ ਸੀ ਜਿਸ ਨੂੰ ਪਾਕਿਸਤਾਨ ਸਰਕਾਰ ਨੇ ਲੰਘੇ ਦਿਨੀਂ ‘ਅਮਨ ਦੇ ਸੁਨੇਹੇ’ ਦੇ ਤੌਰ ਉੱਤੇ ਵਾਪਸ ਭੇਜ ਦਿੱਤਾ ਸੀ। ਭਾਵੇਂ ਕਿ ਭਾਰਤੀ ਮੀਡੀਆ ਵੀ ਪਾਕਿਸਤਾਨ ਦਾ ਇਕ ਲੜਾਕੂ ਜਹਾਜ਼ ਭਾਰਤ ਵਲੋਂ ਸੁੱਟ ਲੈਣ ਦਾ ਦਾਅਵਾ ਕਰ ਰਿਹਾ ਹੈ ਪਰ ਇਸ ਦਾਅਵੇ ਦੀ ਕੋਈ ਠੋਸ ਪੁਸ਼ਟੀ ਹਾਲੀ ਤੱਕ ਨਹੀਂ ਹੋਈ।
ਇਸ ਦੌਰਾਨ ਦੁਨੀਆ ਦੇ ਹੋਰਨਾਂ ਮੁਲਕਾਂ ਦੀਆਂ ਸਰਕਾਰਾਂ ਵਲੋਂ ਦੋਵਾਂ ਦੋਸ਼ਾਂ ਨੂੰ ਆਪਸੀ ਤਣਾਅ ਨੂੰ ਘਟਾਉਣ ਦੀਆਂ ਸਲਾਹਾਂ ਦਿੱਤੀਆਂ ਜਾ ਰਹੀਆਂ ਹਨ।