ਸ੍ਰੀਨਗਰ: ਭਾਰਤ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਅਜ਼ਾਦੀ ਪਸੰਦ ਆਗੂ ਸਈਅਤ ਸ਼ਾਹ ਗਿਲਾਨੀ ਦੇ ਵੱਡੇ ਪੁੱਤਰ ਨਈਮ ਸ਼ਾਹ ਗਿਲਾਨੀ ਨੂੰ ਉਨ੍ਹਾਂ ਦੇ ਬੈਂਕ ਖਾਤਿਆਂ ਦੀ ਜਾਂਚ ਲਈ ਐਨ.ਆਈ.ਏ. ਨੇ ਪੁੱਛਗਿੱਛ ਲਈ ਸੱਦਿਆ ਹੈ।
ਐਨ.ਆਈ.ਏ. (NIA) ਨੇ ਹੁਰੀਅਤ ਆਗੂ ਗਿਲਾਨੀ ਦੇ ਪੁੱਤਰ ਨੂੰ ਉਨ੍ਹਾਂ ਦੇ ਬੈਂਕ ਖਾਤਿਆਂ ‘ਚ ਕਥਿਤ ਤੌਰ ‘ਤੇ ਵਿਦੇਸ਼ਾਂ ਤੋਂ ਆਏ ਫੰਡ ਬਾਰੇ ਪੁੱਛਗਿੱਛ ਲਈ ਸੱਦਿਆ ਹੈ। ਇਸ ਖਬਰ ਦੀ ਤਸਦੀਕ ਕਰਦੇ ਹੋਏ ਨਈਮ ਗਿਲਾਨੀ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਐਨ.ਆਈ.ਏ. ਦਾ ਸੰਮਨ ਸੋਮਵਾਰ ਨੂੰ ਮਿਿਲਆ। ਉਨ੍ਹਾਂ ਨੇ ਕਿਹਾ ਕਿ ਉਹ ਮੰਗਲਵਾਰ ਨੂੰ ਐਨ.ਆਈ.ਏ. ਦੇ ਦਫਤਰ ਜਾਣਗੇ।
ਨਈਮ ਗਿਲਾਨੀ ਨੇ ਕਿਹਾ ਕਿ ਉਨ੍ਹਾਂ ਨੂੰ ਐਨ.ਆਈ.ਏ. ਵਲੋਂ ਸੱਦਣ ‘ਤੇ ਬਹੁਤ ਹੈਰਾਨੀ ਹੋ ਰਹੀ ਹੈ। ਉਨ੍ਹਾਂ ਕਿਹਾ, “ਮੈਂ ਤਾਂ ਸਿਆਸੀ ਬੰਦਾ ਵੀ ਨਹੀਂ ਹਾਂ, ਮੈਂ ਤਾਂ ਇਕ ਡਾਕਟਰ ਹਾਂ, ਫਿਰ ਮੈਨੂੰ ਕਿਉਂ ਬੁਲਾਇਆ ਗਿਆ?”
ਖ਼ਬਰਾਂ ਮੁਤਾਬਕ ਐਨ.ਆਈ.ਏ. ਉਨ੍ਹਾਂ ਦੇ ਖਾਤੇ ਵਿਚ ਵਿਦੇਸ਼ ਤੋਂ ਆਏ ਪੈਸਿਆਂ ਬਾਰੇ ਪੁੱਛਣਾ ਚਾਹੁੰਦੀ ਹੈ। ਸਰਕਾਰ ਦਾਅਵਾ ਕਰਦੀ ਰਹੀ ਹੈ ਕਿ ਕਸ਼ਮੀਰ ‘ਚ ਪੱਥਰਬਾਜ਼ੀ ਕਰਨ ਵਾਲੇ ਨੌਜਵਾਨਾਂ ਨੂੰ ਵਿਦੇਸ਼ਾਂ ਤੋਂ ਪੈਸੇ ਮਿਲਦੇ ਹਨ।
ਨਈਮ ਗਿਲਾਨੀ ਨੇ ਕਿਹਾ, “ਜੇ ਸਰਕਾਰ ਉਨ੍ਹਾਂ ਦੇ ਖਾਤਿਆਂ ਬਾਰੇ ਜਾਣਕਾਰੀ ਚਾਹੁੰਦੀ ਹੈ ਤਾਂ ਉਹ ਉਸ ਲਈ ਤਿਆਰ ਹਨ। ਮੇਰਾ ਇਕ ਹੀ ਬੈਂਕ ਖਾਤਾ ਹੈ ਜਿਸ ਵਿਚ ਸਿਰਫ 31 ਹਜ਼ਾਰ ਰੁਪਏ ਹਨ। ਇਹ ਮੇਰੇ ਪਿਤਾ ਨੂੰ ਕਮਜ਼ੋਰ ਕਰਨ ਦੀ ਭਾਰਤ ਸਰਕਾਰ ਦੀ ਇਕ ਚਾਲ ਹੈ। ਇਸ ਵਿਚ ਉਨ੍ਹਾਂ ਨੂੰ ਕਦੇ ਕਾਮਯਾਬੀ ਨਹੀਂ ਮਿਲੇਗੀ।”
ਹੁਰੀਅਤ ਕਾਨਫਰੰਸ ਦੇ ਬੁਲਾਰੇ ਅਤੇ ਸਈਅਦ ਅਲੀ ਸ਼ਾਹ ਗਿਲਾਨੀ ਦੇ ਜਵਾਈ ਅਲਤਾਫ ਅਹਿਮਦ ਸ਼ਾਹ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ ਕਿ ਗਿਲਾਨੀ ਸਾਹਿਬ ਇਸ ਕਿਸਮ ਦੇ ਦਬਾਅ ‘ਚ ਆਉਣ ਵਾਲੇ ਨਹੀਂ ਹਨ। ਉਨ੍ਹਾਂ ਭਾਰਤ ਸਰਕਾਰ ਦੀ ਗੱਲ ਕਰਦਿਆਂ ਕਿਹਾ, “ਤੁਸੀਂ ਸਿਰ ‘ਤੇ ਪਿਸਤੌਲ ਰੱਖ ਕੇ ਗਿਲਾਨੀ ਸਾਹਿਬ ਨੂੰ ਕਹਿ ਰਹੇ ਹੋ ਕਿ ਉਹ ਆਪਣੇ ਰਵੱਈਆ ਨਰਮ ਰੱਖਣ। ਇੰਝ ਨਹੀਂ ਹੁੰਦਾ।”
ਅਲਤਾਫ ਸ਼ਾਹ ਮੁਤਾਬਕ, “ਭਾਰਤ ਸਰਕਾਰ ਇਕ ਪਾਸੇ ਤਾਂ ਆਲ ਪਾਰਟੀ ਟੀਮ ਭੇਜ ਰਹੀ ਹੈ ਗੱਲ ਕਰਨ ਨੂੰ ਦੂਜੇ ਪਾਸੇ ਸਾਡੇ ਲੋਕਾਂ ਨੂੰ ਤੰਗ ਕਰ ਰਹੀ ਹੈ। ਇਨ੍ਹਾਂ ਹਾਲਾਤਾਂ ਵਿਚ ਗੱਲ ਕੌਣ ਕਰੇਗਾ?”
ਹਿਜ਼ਬੁਲ ਕਮਾਂਡਰ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਹੁਣ ਤਕ 70 ਕਸ਼ਮੀਰੀ ਮਾਰੇ ਗਏ ਹਨ ਅਤੇ ਹਜ਼ਾਰਾਂ ਦੀ ਤਾਦਾਦ ‘ਚ ਜ਼ਖਮੀ ਹਨ। ਇਨ੍ਹਾਂ ਵਿਚੋਂ 40-50 ਦੇ ਕਰੀਬ ਲੋਕ ਪੈਲੇਟ ਗੰਨਾਂ ਕਰਕੇ ਅੰਨ੍ਹੇ ਹੋ ਗਏ।
ਹੁਰੀਅਤ ਕਾਨਫਰੰਸ ਨੇ ਜਿਹੜੇ ਬੰਦ ਦਾ ਸੱਦਾ ਦਿੱਤਾ ਸੀ ਉਹ ਹਾਲੇ ਵੀ ਜਾਰੀ ਹੈ। ਹੁਰੀਅਤ ਆਗੂ ਸਈਅਤ ਅਲੀ ਸ਼ਾਹ ਗਿਲਾਨੀ ਸਣੇ ਸਾਰੇ ਵੱਡੇ ਆਗੂ ਘਰਾਂ ‘ਚ ਨਜ਼ਰਬੰਦ ਹਨ।
ਅਲਤਾਫ ਸ਼ਾਹ ਕਹਿੰਦੇ ਹਨ ਕਿ ਹੁਰੀਅਤ ਕਾਨਫਰੰਸ ਗੱਲ ਕਰਨਾ ਚਾਹੁੰਦੀ ਹੈ ਪਰ ਭਾਰਤ ਸਰਕਾਰ ਦੀ ਜ਼ਿਦ ਕਿ “ਸੰਵਿਧਾਰ ਦੇ ਦਾਇਰੇ ‘ਚ” ਤੋਂ ਬਗੈਰ।
ਉਨ੍ਹਾਂ ਨੇ ਦੱਸਿਆ, ਭਾਰਤ ਸਰਕਾਰ ਨੇ 2002 ‘ਚ ਗਿਲਾਨੀ ਸਾਹਿਬ ਦੇ ਕਈ ਰਿਸ਼ਤੇਦਾਰਾਂ ਦੇ ਘਰਾਂ ‘ਚ ਇਨਕਮ ਟੈਕਸ ਦੇ ਛਾਪੇ ਮਾਰੇ ਸੀ, ਜਿਨ੍ਹਾਂ ਵਿਚ ਇਕ ਮੈਂ ਵੀ ਸੀ। ਪਰ ਬਾਅਦ ‘ਚ ਇਹ ਸਾਫ ਹੋ ਗਿਆ ਕਿ ਉਹ ਝੂਠੇ ਕੇਸ ਦੇ ਆਧਾਰ ‘ਤੇ ਹੋਇਆ।”
ਨਈਮ ਗਿਲਾਨੀ ਪੇਸ਼ੇ ਤੋਂ ਡਾਕਟਰ ਹਨ। ਉਹ ਸ੍ਰੀਨਗਰ ‘ਚ ਆਪਣੇ ਪਿਤਾ ਨਾਲ ਹੀ ਰਹਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਐਨ.ਆਈ.ਏ. 2011 ‘ਚ ਉਨ੍ਹਾਂ ਖਿਲਾਫ ਦਰਜ ਕਿਸੇ ਕੇਸ ਦੇ ਮਸਲੇ ‘ਤੇ ਪੁੱਛਗਿੱਛ ਕਰਨਾ ਚਾਹੁੰਦੀ ਹੈ।
ਨਈਮ ਗਿਲਾਨੀ 8 ਸਾਲ ਪਾਕਿਸਤਾਨ ‘ਚ ਰਹਿਣ ਤੋਂ ਬਾਅਦ 2010 ‘ਚ ਕਸ਼ਮੀਰ ਵਾਪਸ ਆਇਆ ਸੀ। ਉਨ੍ਹਾਂ ਦੱਸਿਆ, “ਮੈਂ ਇਖਵਾਨ (ਆਤਮ ਸਮਰਪਣ ਕਰਨ ਵਾਲੇ ਮੁਜਾਹਦੀਨਾਂ) ਦੇ ਹਮਲਿਆਂ ਤੋਂ ਬਚਣ ਲਈ ਪਾਕਿਸਤਾਨ ਚਲਿਆ ਗਿਆ ਸੀ। ਮੈਂ ਪਾਸਪੋਰਟ ਦੇ ਨਾਲ ਕਾਨੂੰਨੀ ਤਰੀਕੇ ਨਾਲ ਪਾਕਿਸਤਾਨ ਗਿਆ ਸੀ ਅਤੇ ਕਾਨੂੰਨੀ ਤਰੀਕੇ ਨਾਲ ਵਾਪਸ ਮੁੜਿਆ।”
ਨਈਮ ਗਿਲਾਨੀ ਅੱਜਕੱਲ੍ਹ ਸ੍ਰੀਨਗਰ ਦੇ ਇਕ ਸਰਕਾਰੀ ਹਸਪਤਾਲ ‘ਚ ਕੰਮ ਕਰਦੇ ਹਨ।