ਓਨਟਾਰੀਓ: ਮੀਡੀਆ ਰਿਪੋਰਟਾਂ ਮੁਤਾਬਕ ਕੈਨੇਡੀਅਨ ਸਿਆਸਤਦਾਨ ਜਗਮੀਤ ਸਿੰਘ, ਜਿਨ੍ਹਾਂ ਨੂੰ ਕਿ ਤਿੰਨ ਸਾਲ ਪਹਿਲਾਂ ਭਾਰਤ ਦਾ ਵੀਜ਼ਾ ਦੇਣ ਤੋਂ ਭਾਰਤੀ ਅਧਿਕਾਰੀਆਂ ਵਲੋਂ ਨਾਂਹ ਕਰ ਦਿੱਤੀ ਗਈ ਸੀ, ਨੇ ਕਿਹਾ ਕਿ ਭਾਰਤ ਉਨ੍ਹਾਂ ਦੇ ਨਿਊ ਡੈਮੋਕਰੇਟਿਕ ਪਾਰਟੀ (NDP) ਦੇ ਆਗੂ ਬਣਨ ਦੇ ਪ੍ਰਚਾਰ ‘ਚ ਰੁਕਾਵਟਾਂ ਖੜ੍ਹੀਆਂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਹਿੰਦੁਸਤਾਨ ਟਾਈਮਸ ਨੇ ਲਿਖਿਆ ਕਿ ਜਗਮੀਤ ਸਿੰਘ ਐਨ.ਡੀ.ਪੀ. ਦੇ ਆਗੂ ਦੀ ਚੋਣ ਲਈ ਇਕ ਕਾਬਲ ਉਮੀਦਵਾਰ ਦੇ ਤੌਰ ‘ਤੇ ਉਭਰੇ ਹਨ ਪਰ ਭਾਰਤ ਸਰਕਾਰ ਨਾਲ ਉਨ੍ਹਾਂ ਦੇ ਸਬੰਧ ਚੰਗੇ ਨਹੀਂ ਰਹੇ।
ਕੈਨੇਡਾ ਦੇ ਰੋਜ਼ਾਨਾ ਅਖ਼ਬਾਰ ‘ਦਾ ਗਲੋਬ ਐਂਡ ਮੇਲ’ ਨੂੰ ਜਗਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਸਮਰਥਕਾਂ ਨੇ ਜਾਣਕਾਰੀ ਦਿੱਤੀ ਕਿ ਓਟਾਵਾ ‘ਚ ਭਾਰਤੀ ਹਾਈ ਕਮੀਸ਼ਨ ਨੇ ਆਪਣਾ ਪ੍ਰਭਾਵ ਇਸਤੇਮਾਲ ਕਰਕੇ ਉਨ੍ਹਾਂ ਦੇ ਪ੍ਰਚਾਰ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਇਸੇ ਤਰ੍ਹਾਂ ਦਾ ਬਿਆਨ ਉਨ੍ਹਾਂ ਵੈਨਕੂਵਰ ਦੇ ਹਫਤਾਵਾਰੀ ਨੂੰ ਵੀ ਦਿੱਤਾ ਸੀ ਕਿ “ਕੁਝ ਲੋਕਾਂ ਨੇ ਪਹਿਲਾਂ ਪ੍ਰਚਾਰ ਲਈ ਫੰਡ ਦੇਣ ‘ਚ ਦਿਲਚਸਪੀ ਦਿਖਾਈ ਸੀ ਪਰ ਬਾਅਦ ‘ਚ ਕਿਸੇ ਦਬਾਅ ਕਾਰਨ ਉਨ੍ਹਾਂ ਦਾ ਮਨ ਬਦਲ ਗਿਆ।” ਉਨ੍ਹਾਂ ਕਿਹਾ, “ਮੈਂ ਹਾਲੇ ਵੀ ਕਈ ਗਵਾਹ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਤਾਂ ਜੋ ਸਾਬਤ ਕੀਤਾ ਜਾ ਸਕੇ ਅਤੇ ਬਣਦੀ ਕਾਰਵਾਈ ਕੀਤੀ ਜਾ ਸਕੇ।”
ਓਂਟਾਰੀਓ ਸੂਬਾ ਸਰਕਾਰ ਦੇ ਮੈਂਬਰ ਜਗਮੀਤ ਸਿੰਘ ਨੂੰ 2013 ਦੇ ਅਖੀਰ ‘ਚ ਭਾਰਤ ਜਾਣ ਲਈ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਉਨ੍ਹਾਂ ਨੇ 1984 ‘ਚ ਭਾਰਤ ਦੀ ਰਾਜਧਾਨੀ ਦਿੱਲੀ ਅਤੇ ਹੋਰ ਸ਼ਹਿਰਾਂ ‘ਚ ਸਰਕਾਰੀ ਸ਼ਹਿ ‘ਤੇ ਯੋਜਨਾਬੱਧ ਤਰੀਕੇ ਨਾਲ ਸਿੱਖਾਂ ਦੇ ਕਤਲਾਂ ਨੂੰ “ਨਸਲਕੁਸ਼ੀ” ਵਜੋਂ ਮਾਨਤਾ ਦਿਵਾਉਣ ਲਈ 2016 ‘ਚ ਓਂਟਾਰੀਓ ਵਿਧਾਨ ਸਭਾ ‘ਚ ਮਤਾ ਪੇਸ਼ ਕੀਤਾ ਸੀ। ਹਾਲਾਂਕਿ ਉਸ ਸਾਲ ਮਤਾ ਪਾਸ ਨਹੀਂ ਹੋ ਸਕਿਆ। ਪਰ ਅਗਲੇ ਸਾਲ ਉਨ੍ਹਾਂ ਨੇ ਇਸ ਨੂੰ ਪਾਸ ਕਰਾਉਣ ‘ਚ ਕਾਮਯਾਬੀ ਹਾਸਲ ਕੀਤੀ। ਜੂਨ 1984 ਦੀ ਸਾਲਾਨਾ ਯਾਦ ਵਾਲੇ ਦਿਨ ਉਨ੍ਹਾਂ ਆਪਣੇ ਬਿਆਨ ‘ਚ ਕਿਹਾ, “ਇਹ ਉਹ ਦਿਨ ਸੀ ਜਦੋਂ ਭਾਰਤ ਨੇ ਸਿੱਖ ਘਟਗਿਣਤੀਆਂ ਦੇ ਖਿਲਾਫ ਨਸਲਕੁਸ਼ੀ ਮੁਹਿੰਮ ਦੀ ਸ਼ੁਰੂਆਤ ਕੀਤੀ। ਭਾਰਤੀ ਫੌਜ ਨੇ ਇਕ ਦਿਨ ‘ਚ ਹੀ ਹਜ਼ਾਰਾਂ ਬੇਕਸੂਰ ਲੋਕਾਂ ਨੂੰ ਮਾਰ ਦਿੱਤਾ। ਇਹ ਕਤਲੇਆਮ ਅਗਲੇ ਵੀਹ ਵਰ੍ਹੇ ਜਾਰੀ ਰਿਹਾ। ਸਮੁੱਚੇ ਪੰਜਾਬ ‘ਚ ਸਿੱਖ ਨੌਜਵਾਨ ਗਾਇਬ ਹੋਣ ਲੱਗੇ, ਤਸੀਹੇ ਦਿੱਤੇ ਗਏ, ਸਿੱਖਾਂ ਨੇ ਸਰਕਾਰ ਵਲੋਂ ਚਲਾਏ ਜਾ ਰਹੇ ਅੱਤਵਾਦ ਦਾ ਸਾਹਮਣਾ ਕੀਤਾ।” ਉਨ੍ਹਾਂ ਆਪਣੇ ਬਿਆਨ ‘ਚ ਸਰਕਾਰੀ ਅੱਤਵਾਦ ਨੂੰ “ਸਿੱਖਾਂ ਦੀ ਅਲਖ ਮੁਕਾਉਣ ਦੀ ਕੋਸ਼ਿਸ਼” ਵਜੋਂ ਬਿਆਨਿਆ।
ਸਬੰਧਤ ਖ਼ਬਰ:
ਉਂਟਾਰੀਓ ਸਟੇਟ (ਕੈਨੇਡਾ) ਦੀ ਪਾਰਲੀਮੈਂਟ ਵਲੋਂ 1984 ਨੂੰ ਸਿੱਖ ਨਸਲਕੁਸ਼ੀ ਮੰਨਦਿਆਂ ਨਿਖੇਧੀ ਮਤਾ ਪਾਸ …