ਚੰਡੀਗੜ੍ਹ/ਲਾਹੌਰ: ਪਾਕਿਸਤਾਨ ਵਲੋਂ ਕਰਤਾਰਪੁਰ ਲਾਂਘੇ ਦੇ ਸੰਬੰਧ ਵਿਚ ਖਰੜਾ ਭਾਰਤ ਨੂੰ ਭੇਜੇ ਜਾਣ ਤੋਂ ਬਾਅਦ ਭਾਰਤ ਵਲੋਂ ਪਾਕਿਸਤਾਨੀ ਨੁਮਾਇੰਦਿਆਂ ਨੂੰ ਭਾਰਤ ਆਉਣ ਲਈ ਦੋ ਤਰੀਕਾਂ ਦਾ ਸੁਝਾਅ ਦਿੱਤਾ ਗਿਆ ਸੀ।
ਪਾਕਿਸਤਾਨ ਵਿਦੇਸ਼ੀ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਇਸ ਉੱਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ” ਪਾਕਿਸਤਾਨ ਨੇ ਭਾਰਤ-ਪਾਕਿ ਵਿਚਾਲੇ ਲਾਂਘੇ ਸੰਬੰਧੀ ਹੋਣ ਜਾ ਸਮਝੌਤੇ ਲਈ ਪੂਰੀ ਮਿਹਨਤ ਨਾਲ ਵਿਸਤਾਰਤ ਖਰੜਾ ਤਿਆਰ ਕਰਕੇ ਭੇਜਿਆ ਸੀ ਅਤੇ ਭਾਰਤੀ ਨੁਮਾਇੰਦਿਆਂ ਨੂੰ ਏਥੇ ਆਉਣ ਦਾ ਸੱਦਾ ਦਿੱਤਾ ਸੀ।
“ਪਾਕਿਸਤਾਨ ਦੇ ਇਸ ਕਾਰਜ ਦਾ ਸੁਚੱਜੇ ਢੰਗ ਨਾਲ ਜਵਾਬ ਦੇਣ ਦੀ ਥਾਵੇਂ ਭਾਰਤ ਨੇ ਪਾਕਿਸਤਾਨ ਦੇ ਨੁਮਾਇੰਦਿਆਂ ਨੂੰ ਭਾਰਤ ਆਉਣ ਲਈ 26 ਫਰਵਰੀ ਅਤੇ 7 ਮਾਰਚ ਦੋ ਤਰੀਕਾਂ ਦਾ ਸੁਝਾਅ ਦੇ ਦਿੱਤਾ ਜੋ ਕਿ ਬਹੁਤ ਹੀ ਬਚਕਾਨਾ ਹੈ।”
“ਭਾਰਤ ਏਡੇ ਵੱਡੇ ਮਸਲੇ ਨੂੰ ਲੈ ਕੇ ਜਵਾਕਾਂ ਵਾਲਾ ਵਿਹਾਰ ਕਰ ਰਿਹਾ ਐ ਪਰ ਪਾਕਿਸਤਾਨ ਇਸ ਸੰਬੰਧੀ ਪੂਰੀ ਤਰ੍ਹਾਂ ਗੰਭੀਰ ਹੈ ਸਾਡਾ ਪ੍ਰਤੀਕਰਮ ਪੂਰੀ ਸਮਝਦਾਰੀ ਵਾਲਾ ਹੀ ਹੋਵੇਗਾ।”
ਜਿਕਰਯੋਗ ਹੈ ਕਿ 1947 ਦੀ ਭਾਰਤ ਪਾਕਿਸਤਾਨ ਵੰਡ ਮਗਰੋਂ ਲੱਖਾਂ ਸਿੱਖਾਂ ਨੂੰ ਆਪਣੇ ਗੁਰਧਾਮ ਛੱਡ ਕੇ ਪੂਰਬ ਵੱਲ੍ਹ ਆਉਣਾ ਪਿਆ, ਸੰਗਤਾ ਦੀ ਇਹੋ ਅਰਦਾਸ ਰਹਿੰਦੀ ਹੈ ਕਿ ਅਕਾਲ ਪੁਰਖ ਉਹਨਾਂ ਨੂੰ ਪਾਕਿਸਤਾਨ ਵਿਚਲੇ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ਣ ਸੰਗਤਾਂ ਦੀ ਲੰਬੇ ਸਮੇਂ ਤੋਂ ਮੰਗ ਨੂੰ ਵੇਖਦਿਆਂ ਗੁਰੂ ਨਾਨਕ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਨਾਰੋਵਾਲ ਦੇ ਭਾਰਤ ਵਿਚਲੀ ਸੰਗਤ ਦੇ ਦਰਸ਼ਨ ਲਈ ਭਾਰਤ-ਪਾਕਿਸਤਾਨ ਵਿਚਾਲੇ ਲਾਂਘਾ ਉਸਾਰਿਆ ਜਾ ਰਿਹਾ ਹੈ।ਜਿਸ ਰਾਹੀਂ ਸੰਗਤਾਂ ਬਗੈਰ ਵੀਜੇ ਦੇ ਪਾਕਿਸਤਾਨ ਵਿਚ ਪੈਂਦੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣਗੀਆਂ।