Site icon Sikh Siyasat News

ਨਹਿਰੂ ਦੀਆਂ ਗਲਤੀਆਂ ਨੂੰ ਦੁਹਰਾ ਰਿਹੈ ਮੋਦੀ, 55 ਸਾਲ ਬਾਅਦ ਵੀ ਸਬਕ ਨਹੀਂ ਸਿੱਖਿਆ ਭਾਰਤ ਨੇ:ਚੀਨੀ ਮੀਡੀਆ

ਬੀਜਿੰਗ: ਡੋਕਲਾਮ ਮਾਮਲੇ ‘ਤੇ ਚੀਨ ਅਤੇ ਭਾਰਤ ਵਿਚਾਲੇ ਚੱਲ ਰਹੇ ਤਣਾਅ ਵਿਚਕਾਰ ਚੀਨ ਦੇ ਸਰਕਾਰੀ ਅਖ਼ਬਾਰ ਗਲੋਬਲ ਟਾਈਮਜ਼ ਨੇ ਭਾਰਤ ਦੀ ਨਰਿੰਦਰ ਮੋਦੀ ਸਰਕਾਰ ਨੂੰ ਚੀਨ ਦੀਆਂ ਧਮਕੀਆਂ ਨੂੰ ਨਜ਼ਰਅੰਦਾਜ ਨਾ ਕਰਨ ਦੀ ਚਿਤਾਵਨੀ ਦਿੱਤੀ ਹੈ। ਗਲੋਬਲ ਟਾਈਮਜ਼ ਵੱਲੋਂ ਆਪਣੇ ਸੰਪਾਦਕੀ ‘ਚ ਡੋਕਲਾਮ ਮਾਮਲੇ ‘ਤੇ ਭਾਰਤ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ, ਜੇਕਰ ਭਾਰਤ ਲਗਾਤਾਰ ਚੀਨ ਦੀਆਂ ਧਮਕੀਆਂ ਨੂੰ ਨਜ਼ਰਅੰਦਾਜ਼ ਕਰਦਾ ਰਿਹਾ ਤਾਂ ਯਕੀਨੀ ਯੁੱਧ ਹੋ ਕੇ ਰਹੇਗਾ। ਉਨ੍ਹਾਂ ਕਿਹਾ ਕਿ ਨਵੀਂ ਦਿੱਲੀ ਅੱਜ ਵੀ 1962 ਦੀ ਜਵਾਹਰ ਲਾਲ ਨਹਿਰੂ ਸਰਕਾਰ ਦੀ ਤਰ੍ਹਾਂ ਅਨੁਭਵਹੀਣ ਹੈ। ਉਨ੍ਹਾਂ ਕਿਹਾ ਕਿ ਉਸ ਵੇਲੇ ਨਹਿਰੂ ਸਰਕਾਰ ਨੂੰ ਵੀ ਇਹ ਹੀ ਲੱਗਾ ਸੀ ਕਿ ਚੀਨ, ਭਾਰਤ ‘ਤੇ ਹਮਲਾ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ, ’55 ਸਾਲ ਹੋ ਗਏ, ਪਰ ਭਾਰਤ ਸਰਕਾਰ ਅਜੇ ਵੀ ਅਨੁਭਵਹੀਣ ਹੈ, ਜਿਸ ਤਰ੍ਹਾਂ ਪਹਿਲਾਂ ਸੀ ਅਤੇ ਉਨ੍ਹਾਂ ਨੇ 55 ਸਾਲ ਬਾਅਦ ਵੀ ਸਬਕ ਨਹੀਂ ਸਿੱਖਿਆ। ਉਨ੍ਹਾਂ ਕਿਹਾ ਕਿ ਭਾਰਤ ਖੁਦ ਨੂੰ ਹਾਲਾਤ ਨਾਲ ਨਜਿੱਠਣ ਦੇ ਲਈ ਤਿਆਰ ਨਹੀਂ ਕਰ ਰਿਹਾ ਬਲਕਿ ਆਪਣੇ ਦੇਸ਼ ਦੀ ਜਨਤਾ ਨੂੰ ਸਭ ਕੁਝ ਠੀਕ ਹੋਣ ਦਾ ਦਿਲਾਸਾ ਦੇ ਰਿਹਾ ਹੈ।

ਫੋਟੋ: ਚਾਇਨਾ ਡੇਲੀ

ਚੀਨ ਦੀ ਇਕ ਸੀਨੀਅਰ ਅਧਿਕਾਰੀ ਨੇ ਦਾਅਵਾ ਕਰਦਿਆਂ ਕਿਹਾ ਕਿ ਭੂਟਾਨ ਨੇ ਇਹ ਮੰਨਿਆ ਹੈ ਕਿ ਡੋਕਲਾਮ ਇਲਾਕੇ ਨਾਲ ਸਾਡਾ ਸਬੰਧ ਨਹੀਂ ਹੈ।

ਦੋਵਾਂ ਦੇਸ਼ਾਂ ਦੇ ਫੌਜੀਆਂ ਦੀ ਇਕੱਠਿਆਂ ਵਾਪਸੀ ਦੇ ਭਾਰਤ ਦੇ ਸੁਝਾਅ ਨੂੰ ਰੱਦ ਕਰਦਿਆਂ ਚੀਨ ਨੇ ਕਿਹਾ ਕਿ ਜੇਕਰ ਅਸੀਂ ਕਸ਼ਮੀਰ ਅਤੇ ਉਤਰਾਖੰਡ ਦੇ ਕਾਲਾਪਾਣੀ ਇਲਾਕੇ ‘ਚ ਦਾਖ਼ਲ ਹੋ ਗਏ ਤਾਂ ਫਿਰ ਭਾਰਤ ਕੀ ਕਰੇਗਾ? ਚੀਨੀ ਵਿਦੇਸ਼ ਮੰਤਰਾਲੇ ਦੇ ਸਰਹੱਦ ਅਤੇ ਸਮੁੰਦਰੀ ਮਾਮਲਿਆਂ ਵਿਭਾਗ ਦੀ ਡਾਇਰੈਕਟਰ ਜਨਰਲ ਵਾਂਗ ਵੇਨਲੀ ਨੇ ਕਿਹਾ ਕਿ, ‘ਜੇਕਰ ਕੇਵਲ ਇਕ ਭਾਰਤੀ ਫੌਜੀ ਵੀ ਹੈ ਤਾਂ ਵੀ ਸਾਡੀ ਪ੍ਰਭੂਸੱਤਾ ਅਤੇ ਖ਼ੇਤਰੀ ਏਕਤਾ ਦੀ ਉਲੰਘਣਾ ਹੈ’। ਵਾਂਗ ਨੇ ਚੀਨੀ ਦੌਰੇ ‘ਤੇ ਗਏ ਭਾਰਤੀ ਮੀਡੀਆ ਦੇ ਵਫ਼ਦ ਨੂੰ ਉਕਤ ਜਾਣਕਾਰੀ ਦਿੰਦਿਆਂ ਡੋਕਲਾਮ ‘ਚ ਮੌਜੂਦਾ ਤਣਾਅ ਨੂੰ ਖ਼ਤਮ ਕਰਨ ਲਈ ਭਾਰਤੀ ਫੌਜੀਆਂ ਦੀ ਇਥੋਂ ਵਾਪਸੀ ਦੇ ਚੀਨ ਦੇ ਰੁਖ ਨੂੰ ਮੁੜ ਦੁਹਰਾਉਂਦਿਆਂ ਕਿਹਾ ਕਿ, ‘ਇਸ ਸਮੇਂ ਭਾਰਤ ਨਾਲ ਗੱਲਬਾਤ ਸੰਭਵ ਨਹੀਂ ਹੈ। ਸਾਡੇ ਦੇਸ਼ ਦੇ ਲੋਕ ਇਹ ਸੋਚਣਗੇ ਕਿ ਸਾਡੀ ਸਰਕਾਰ ਅਸਮਰੱਥ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਭਾਰਤੀ ਫੌਜੀ ਚੀਨੀ ਇਲਾਕੇ ‘ਚੋਂ ਵਾਪਸ ਨਹੀਂ ਜਾਂਦੇ, ਤਦ ਤੱਕ ਦੋਵਾਂ ਦੇਸ਼ਾਂ ਵਿਚਾਲੇ ਠੋਸ ਗੱਲਬਾਤ ਨਹੀਂ ਹੋਵੇਗੀ’। ਚੀਨੀ ਅਧਿਕਾਰੀ ਵਾਂਗ ਨੇ ਕਸ਼ਮੀਰ ਦਾ ਮੁੱਦਾ ਚੁੱਕਿਆ ਅਤੇ ਭਾਰਤ ਤੇ ਨੇਪਾਲ ਦਰਮਿਆਨ ਕਾਲਾਪਾਣੀ ਵਿਵਾਦ ਦਾ ਹਵਾਲਾ ਦਿੱਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version