ਚੰਡੀਗੜ੍ਹ – ਇੰਡੀਆ ਅਤੇ ਚੀਨ ਨੇ 13 ਸਤੰਬਰ 2022 ਨੂੰ ਗਸ਼ਤ ਨਾਕੇ-15 (ਗਾਰਗਾ ਹੌਟ ਸਪਰਿੰਗ) ਤੋਂ ਫੌਜਾਂ ਪਿੱਛੇ ਹਟਾਉਣ ਦਾ ਅਮਲ ਪੂਰਾ ਕਰ ਲੈਣ ਦੀ ਤਸਦੀਕ ਕੀਤੀ ਹੈ। ਦੋਵਾਂ ਧਿਰਾਂ ਨੇ ਲੰਘੇ ਵੀਰਵਾਰ ਇਸ ਨਾਕੇ ਤੋਂ ਆਪਣੀਆਂ ਫੌਜਾਂ ਪਿੱਛੇ ਹਟਾਉਣ ਦਾ ਐਲਾਨ ਕੀਤਾ ਸੀ। ਮਈ 2020 ਤੋਂ ਇੰਡੀਆ ਅਤੇ ਚੀਨ ਦੀਆਂ ਫੌਜਾਂ ਲੱਦਾਖ ਵਿਚ ਕਈ ਥਾਵਾਂ ਉੱਤੇ ਆਹਮੋ ਸਾਹਮਣੇ ਹਨ। ਕਈ ਗੇੜ ਦੀ ਗੱਲਬਾਤ ਤੋਂ ਬਾਅਦ ਹਾਲੀ ਸਿਰਫ ਦੋ ਨਾਕਿਆਂ ਤੋਂ ਹੀ ਫੌਜਾਂ ਪਿੱਛੇ ਹਟਾਈਆਂ ਗਈਆਂ ਹਨ। ਡੈਮਚੌਕ ਅਤੇ ਡਿਪਸਾਂਗ ਇਲਾਕਿਆਂ ਵਿਚ ਹਾਲੀ ਵੀ ਇੰਡੀਆ ਅਤੇ ਚੀਨ ਦੀਆਂ ਫੌਜਾਂ ਆਹਮੋ ਸਾਹਮਣੇ ਹੀ ਹਨ।
ਆਉਂਦੇ ਦਿਨਾਂ ਵਿੱਚ ਉਜ਼ਬੇਕਿਸਤਾਨ ਦੇ ਸਮਰਕੰਦ ਵਿਖੇ ਹੋਣ ਵਾਲੀ ਸ਼ਿੰਘਾਈ ਸਹਿਯੋਗ ਸੰਗਠਨ ਦੀ ਬੈਠਕ ਵਿਚ ਇੰਡੀਆ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਲੋਂ ਸ਼ਮੂਲੀਅਤ ਕੀਤੀ ਜਾਣੀ ਹੈ। ਕਨਸੋਆਂ ਹਨ ਕਿ ਦੋਵੇਂ ਇਸ ਬੈਠਕ ਦੌਰਾਨ ਆਪਸ ਵਿਚ ਗੱਲਬਾਤ ਕਰ ਸਕਦੇ ਹਨ।