Site icon Sikh Siyasat News

ਨਿਸ਼ਾਨ ਸਾਹਿਬ ਸਾੜਨ ਅਤੇ ਉਸ ਤੋਂ ਬਾਅਦ ਦੀਆਂ ਘਟਨਾਵਾਂ ਸੋਚੀ ਸਮਝੀ ਸਾਜਿਸ਼, ਸਿੱਖ – ਮੁਸਲਮਾਨ ਲੈਣ ਵਿਵੇਕ ਤੋਂ ਕੰਮ:ਸ਼ਾਹੀ ਇਮਾਮ

ਲੁਧਿਆਣਾ ਵਿੱਚ ਵੀਰਵਾਰ ਨੂੰ ਪੰਜਾਬ ਦੇ ਸ਼ਾਹੀ ਇਮਾਮ ਹਬੀਬ-ਉਰ-ਰਹਿਮਾਨ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ।

ਲੁਧਿਆਣਾ, (15 ਮਈ 2014),:- ਬੁੱਧਵਾਰ ਨੂੰ ਹੈਦਰਾਬਾਦ ਵਿੱਚ ਨਿਸ਼ਾਨ ਸਾਹਿਬ ਨੂੰ ਸਾੜਨ ਦੀ ਘਟਨਾ ਅਤੇ ਉਸ ਤੋਂ ਬਾਅਦ ਸਿੱਖਾਂ ਅਤੇ ਮੁਸਲਮਾਨਾਂ ਵਿਚਕਾਰ ਹੋਈਆਂ ਹਿੰਸਕ ਘਟਨਾਵਾਂ ਦੀ ਨਿੰਦਾ ਕਰਦਿਆਂ ਲੁਧਿਆਣਾ  ਦੇ  ਸ਼ਾਹੀ ਇਮਾਮ ਨੇ ਇਨ੍ਹਾਂ ਘਟਨਾਵਾਂ ਨੂੰ ਸਿਆਸੀ ਮੰਤਵ ਤੋਂ ਪ੍ਰੇਰਿਤ ਦੱਸਦਿਆਂ ਸਿੱਖਾਂ ਅਤੇ ਮੁਸਲਮਾਨਾਂ ਨੂੰ ਵਿਵੇਕ ਤੋਂ ਕੰਮ ਲੈਣ ਦੀ ਅਪੀਲ ਕੀਤੀ।

ਅਜੀਤ ਅਖਬਾਰ ਅਨੁਸਾਰ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਹਬੀਬ-ਉਰ-ਰਹਿਮਾਨ ਲੁਧਿਆਣਵੀ ਨੇ ਕਿਹਾ ਹੈ ਕਿ ਹੈਦਰਾਬਾਦ ‘ਚ ਸਿੱਖ ਮੁਸਲਮਾਨ ਦੰਗੇ ਸੋਚੀ-ਸਮਝੀ ਸਾਜਿਸ਼ ਦਾ ਸਿੱਟਾ ਹਨ ਤਾਂ ਜੋ ਦੇਸ਼ ਭਰ ‘ਚ ਦੋਹਾਂ ਘੱਟ ਗਿਣਤੀਆਂ ਵਿਚਾਲੇ ਭਾਈਚਾਰੇ ਤੇ ਆਪਸੀ ਸਾਂਝ ਨੂੰ ਤੋੜਿਆ ਜਾ ਸਕੇ। ਅੱਜ ਜਾਮਾ ਮਸਜਿਦ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਾਹੀ ਇਮਾਮ ਨੇ ਹੈਦਰਾਬਾਦ ‘ਚ ਹੋਏ ਮੁਸਲਿਮ-ਸਿੱਖ ਦੰਗਿਆਂ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕਰਦਿਆਂ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਅਮਨ ਤੇ ਸ਼ਾਂਤੀ ਨੂੰ ਭੰਗ ਕਰਨ ਵਾਲਿਆਂ ਖਿਲਾਫ਼ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ।

ਸ਼ਾਹੀ ਇਮਾਮ ਮੌਲਾਨਾ ਹਬੀਬ-ਉਰ-ਰਹਿਮਾਨ ਲੁਧਿਆਣਵੀ ਨੇ ਕਿਹਾ ਕਿ ਹੈਦਰਾਬਾਦ ਦੇ ਮੁਸਲਿਮ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਉਥੇ ਘੱਟ ਗਿਣਤੀ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਇਸਲਾਮ ਧਰਮ ਹਰ ਤਰ੍ਹਾਂ ਦੀ ਗੁੰਡਾਗਰਦੀ ਦੇ ਖਿਲਾਫ਼ ਹੈ।

ਮੁਸਲਮਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਮਨ ਤੇ ਸ਼ਾਂਤੀ ਦੇ ਨਾਲ ਰਹਿਣ ਤੇ ਅਫ਼ਵਾਹਾਂ ਤੋਂ ਸੁਚੇਤ ਰਹਿ ਕੇ ਆਪਸੀ ਭਾਈਚਾਰਕ ਸਾਂਝ ਦੀ ਬਹਾਲੀ ਲਈ ਯਤਨ ਕਰਨ। ਇਸ ਮੌਕੇ ਕਾਰੀ ਮੁਹਤਰਮ, ਮੁਫ਼ਤੀ ਜਮਾਲੂਦੀਨ, ਮੌਲਾਨਾ ਸਾਲਿਮ, ਜੈਨੁਲ ਆਬਦੀਨ, ਸ਼ਾਹਨਵਾਜ, ਅਕਰਮ ਅਲੀ, ਰਹਿਮਤ ਅਲੀ ਅੰਸਾਰੀ, ਕਲਾਮ ਅੰਸਾਰੀ, ਅੰਜੂਮ ਅਸਗਰ, ਸ਼ਾਕਿਰ ਆਲਮ, ਤਨਵੀਰ ਆਲਮ, ਸਾਬਰ ਅਲੀ ਤੋਂ ਇਲਾਵਾ ਸ਼ਾਹੀ ਇਮਾਮ ਦੇ ਮੁੱਖ ਸਕੱਤਰ ਮੁਸਤਕੀਮ ਅਹਿਰਾਰੀ ਵੀ ਹਾਜ਼ਰ ਸਨ।

ਉਵੈਸੀ ਨਾਲ ਕੀਤੀ ਗੱਲਬਾਤ

ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਹਬੀਬ-ਉਰ-ਰਹਿਮਾਨ ਸਾਨੀ ਲੁਧਿਆਣਵੀ ਨੇ ਅੱਜ ਹੈਦਰਾਬਾਦ ਦੇ ਸੀਨੀਅਰ ਮੁਸਲਿਮ ਆਗੂ ਤੇ ਮੈਂਬਰ ਪਾਰਲੀਮੈਂਟ ਅਸਦਦੀਨ ਉਵੈਸੀ ਨਾਲ ਫੋਨ ‘ਤੇ ਵਿਸਥਾਰ ਪੂਰਵਕ ਗੱਲਬਾਤ ਕਰਕੇ ਦੰਗਿਆਂ ਸਬੰਧੀ ਸਾਰੀ ਜਾਣਕਾਰੀ ਹਾਸਲ ਕੀਤੀ। ਸ਼ਾਹੀ ਇਮਾਮ ਦੇ ਸਕੱਤਰ ਮੁਸਤਕੀਮ ਅਹਿਰਾਰੀ ਨੇ ਦੱਸਿਆ ਕਿ ਸ਼ਾਹੀ ਇਮਾਮ ਨੇ ਸ੍ਰੀ ਉਵੈਸੀ ਨੂੰ ਕਿਹਾ ਹੈ ਕਿ ਉਹ ਹੈਦਰਾਬਾਦ ‘ਚ ਰਹਿ ਰਹੇ ਸਿੱਖ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਉਣ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version