ਵਾਸ਼ਿੰਗਟਨ: ਮੀਡੀਏ ਤੋਂ ਮਿਲੀ ਜਾਣਕਾਰੀ ਅਨੂਸਾਰ ਅਮਰੀਕੀ ਸੂਬੇ ਪੈਨਸਿਲਵੇਨੀਆ ਵਿੱਚ ਹਾਈ ਸਕੂਲ ਪੱਧਰੀ ਫੁਟਬਾਲ ਮੁਕਾਬਲੇ ਵਿੱਚੋਂ ਰੈਫਰੀ ਨੇ ਸਿੱਖ ਵਿਦਿਆਰਥੀ ਨੂੰ ਦਸਤਾਰ ਬੰਨ੍ਹੀ ਹੋਣ ਕਾਰਨ ਬਾਹਰ ਕੱਢ ਦਿੱਤਾ।
ਡਬਲਯੂ.ਪੀ.ਵੀ.ਆਈ-ਟੀਵੀ ਅਨੁਸਾਰ ਮਾਰਪਲ-ਨਿਊਟਾਊਨ ਸਕੂਲ ਡਿਸਟ੍ਰਿਕਟ ਦੇ ਅਧਿਕਾਰੀਆਂ ਨੇ ਕਿਹਾ ਕਿ ਇਹ ਘਟਨਾ ਮੰਗਲਵਾਰ ਨੂੰ ਵਾਪਰੀ, ਜਦੋਂ ਹਾਈ ਸਕੂਲ ਦੇ ਵਿਦਿਆਰਥੀ, ਕੋਨੇਸਟੋਗਾ ਹਾਈ ਟੀਮ ਖ਼ਿਲਾਫ਼ ਮੈਚ ਖੇਡ ਰਹੇ ਸਨ।
ਚਸ਼ਮਦੀਦਾਂ ਨੇ ਕਿਹਾ ਕਿ ਰੈਫਰੀ ਨੇ ਇਸ ਖਿਡਾਰੀ ਨੂੰ ਮੈਦਾਨ ਉਤੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਕਿਉਂਕਿ ਉਸ ਨੇ ਦਸਤਾਰ ਬੰਨ੍ਹੀ ਹੋਈ ਸੀ। ਰੈਫਰੀ ਨੇ ਹਾਈ ਸਕੂਲ ਫੁਟਬਾਲ ਬਾਰੇ ਕੌਮੀ ਫੈਡਰੇਸ਼ਨ ਦੇ ਨਿਯਮਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਕੋਈ ਵੀ ਖਿਡਾਰੀ ਗ਼ੈਰ ਕਾਨੂੰਨੀ ਉਪਕਰਨ ਨਹੀਂ ਪਾ ਸਕਦਾ।
ਪੈਨਸਿਲਵੇਨੀਆ ਇੰਟਰਸਕੂਲਾਸਟਿਕ ਅਥਲੈਟਿਕ ਐਸੋਸੀਏਸ਼ਨ (ਪੀਆਈਏਏ) ਅਨੁਸਾਰ ਜ਼ਿਲ੍ਹਾ ਅਧਿਕਾਰੀ ਧਾਰਮਿਕ ਵਸਤਾਂ ਪਾਉਣ ਦੀ ਅਪੀਲ ਉਤੇ ਅਜਿਹੇ ਨਿਯਮਾਂ ਤੋਂ ਛੋਟ ਦੇ ਸਕਦੇ ਹਨ। ਇਸ ਘਟਨਾ ਬਾਰੇ ਮਾਰਪਲ ਨਿਊਟਾਊਨ ਸਕੂਲ ਡਿਸਟ੍ਰਿਕਟ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਅਤੇ ਉਹ ਹੁਣ ਇਸ ਮਸਲੇ ਦੀ ਜਾਂਚ ਕਰ ਰਹੇ ਹਨ।