Syed Ali Shah Geelani (C), chairman of the hardline Hurriyat (Freedom) Conference group, and his supporters attend a protest in Srinagar against the recent killings in Kashmir, July 13, 2016. REUTERS/Danish Ismail TPX IMAGES OF THE DAY

ਸਿਆਸੀ ਖਬਰਾਂ

ਜੰਨਤ ਕਹੇ ਜਾਣ ਵਾਲੇ ਕਸ਼ਮੀਰ ਵਿਚ ਪੁਲਿਸ ਫਾਇਰਿੰਗ ਦੌਰਾਨ ਮਰਨ ਵਾਲਿਆਂ ਦੀ ਗਿਣਤੀ ‘ਚ ਲਗਾਤਾਰ ਵਾਧਾ

By ਸਿੱਖ ਸਿਆਸਤ ਬਿਊਰੋ

July 14, 2016

ਸ੍ਰੀਨਗਰ: ਸ਼ਹਿਰ ਪੰਪੋਰ ਅਤੇ ਕੁਪਵਾੜਾ ਸਮੇਤ ਕਸ਼ਮੀਰ ਘਾਟੀ ਦੇ ਕੁਝ ਹਿੱਸਿਆਂ ਵਿੱਚ ਕਰਫਿਊ ਜਾਰੀ ਹੈ ਜਦੋਂ ਕਿ ਵਾਦੀ ਦੇ ਬਾਕੀ ਹਿੱਸਿਆਂ ਵਿੱਚ ਲੋਕਾਂ ਦੇ ਘੁੰਮਣ ਫਿਰਨ ’ਤੇ ਰੋਕਾਂ ਲਗਾ ਦਿੱਤੀਆਂ ਹਨ। ਪੁਲਿਸ ਦੀ ਫਾਇਰਿੰਗ ਨਾਲ ਹੋਈਆਂ ਮੌਤਾਂ ਦੀ ਗਿਣਤੀ 35 ਹੋ ਗਈ ਹੈ। ਪੁਲਿਸ ਅਧਿਕਾਰੀਆਂ ਨੇ ਹਿਜ਼ਬੁਲ ਮੁਜਾਹਿਦੀਨ ਦੇ ਕਮਾਂਡਰ ਬੁਰਹਾਨ ਵਾਨੀ ਦੇ ਮੁਕਾਬਲੇ ਵਿੱਚ ਮਾਰੇ ਜਾਣ ਬਾਅਦ ਸ਼ੁੱਕਰਵਾਰ ਸ਼ਾਮ ਨੂੰ ਹੋਏ ਟਕਰਾਅ ’ਚ ਸੱਤ ਹੋਰ ਵਿਅਕਤੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ।

ਇਕ ਪੁਲੀਸ ਅਧਿਕਾਰੀ ਨੇ ਦੱਸਿਆ, ‘ਹੁਣ ਤਕ ਇਕ ਪੁਲੀਸ ਮੁਲਾਜ਼ਮ ਸਮੇਤ ਕੁੱਲ 35 ਮੌਤਾਂ ਹੋ ਚੁੱਕੀਆਂ ਹਨ। ਇਨ੍ਹਾਂ ’ਚ ਅੱਜ ਸਵੇਰੇ ਐਸਕੇਆਈਐਮਐਸ ਹਸਪਤਾਲ ਵਿੱਚ ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਦਮ ਤੋੜਨ ਵਾਲਾ ਇਕ ਨਾਗਰਿਕ ਵੀ ਸ਼ਾਮਲ ਹੈ। ਕੁਲਗਾਮ ਜ਼ਿਲ੍ਹੇ ਦੇ ਖੁਦਵਾਨੀ ਵਿੱਚ ਸ਼ਨਿਚਰਵਾਰ ਨੂੰ ਜ਼ਖ਼ਮੀ ਹੋਏ ਮੁਸ਼ਤਾਕ ਅਹਿਮਦ ਡਾਰ ਦੀ ਅੱਜ ਸਵੇਰੇ ਮੌਤ ਹੋ ਗਈ।’

ਤਾਜ਼ਾ ਅੰਕੜਿਆਂ ਮੁਤਾਬਕ ਸਭ ਤੋਂ ਵੱਧ ਮੌਤਾਂ ਜ਼ਿਲ੍ਹਾ ਅਨੰਤਨਾਗ (16) ਵਿੱਚ ਹੋਈਆਂ। ਇਸ ਬਾਅਦ ਕੁਲਗਾਮ ਵਿੱਚ ਅੱਠ ਮੌਤਾਂ, ਸ਼ੋਪੀਆਂ ਵਿੱਚ ਪੰਜ, ਪੁਲਵਾਮਾ ਵਿੱਚ ਤਿੰਨ, ਸ੍ਰੀਨਗਰ ਵਿੱਚ ਇਕ ਅਤੇ ਕੁਪਵਾੜਾ ਵਿੱਚ ਇਕ ਮੌਤ ਹੋਈ। ਕਸ਼ਮੀਰ ਵਿੱਚ ਲਗਾਤਾਰ ਪੰਜਵੇਂ ਦਿਨ ਮੁਕੰਮਲ ਬੰਦ ਰਿਹਾ। ਅਜ਼ਾਦੀ ਪਸੰਦ ਆਗੂਆਂ ਵਲੋਂ ਦਿੱਤੇ ਹੜਤਾਲ ਦੇ ਸੱਦੇ ਕਾਰਨ ਦੁਕਾਨਾਂ ਤੇ ਵਪਾਰਕ ਅਦਾਰੇ ਅਤੇ ਜਨਤਕ ਆਵਾਜਾਈ ਦੇ ਸਾਧਨ ਬੰਦ ਰਹੇ। ਮੋਬਾਈਲ ਇੰਟਰਨੈੱਟ ਅਤੇ ਰੇਲ ਸੇਵਾਵਾਂ ਹਾਲੇ ਵੀ ਮੁਤਲਵੀ ਹਨ ਜਦੋਂ ਕਿ ਕੱਲ੍ਹ ਪ੍ਰਦਰਸ਼ਨ ਦੌਰਾਨ ਇਕ ਨੌਜਵਾਨ ਦੀ ਮੌਤ ਕਾਰਨ ਕੁਪਵਾੜਾ ਵਿੱਚ ਮੋਬਾਈਲ ਟੈਲੀਫੋਨ ਸੇਵਾਵਾਂ ਵੀ ਬੰਦ ਰਹੀਆਂ। ਦੱਖਣੀ ਕਸ਼ਮੀਰ ਦੇ ਚਾਰ ਜ਼ਿਲ੍ਹਿਆਂ ਵਿੱਚ ਮੋਬਾਈਲ ਤੋਂ ਕਾਲ ਸੇਵਾ ਥੋੜ੍ਹੇ ਸਮੇਂ ਲਈ ਬੰਦ ਕੀਤੀ ਗਈ ਹੈ।

ਹੁਰੀਅਤ ਕਾਨਫਰੰਸ ਦੇ ਚੇਅਰਮੈਨ ਸੱਯਦ ਅਲੀ ਸ਼ਾਹ ਗਿਲਾਨੀ ਨੇ ਅੱਜ ਪਾਬੰਦੀਆਂ ਦੀ ਉਲੰਘਣਾ ਕਰਦਿਆਂ 1931 ਦੇ ਸ਼ਹੀਦਾਂ ਦੀ 85ਵੀਂ ਬਰਸੀ ਮੌਕੇ ਸ਼ਹੀਦਾਂ ਦੇ ਕਬਰਿਸਤਾਨ ਵੱਲ ਮਾਰਚ ਦਾ ਯਤਨ ਕੀਤਾ, ਜਿਸ ਕਾਰਨ ਪੁਲੀਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਪ੍ਰਦਰਸ਼ਨਾਂ ਦੌਰਾਨ ਨਾਗਰਿਕਾਂ ਦੀ ਮੌਤ ਦੇ ਰੋਸ ’ਚ ਅਜ਼ਾਦੀ ਪਸੰਦ ਆਗੂਆਂ ਨੇ ਅੱਜ ਕਸ਼ਮੀਰ ਬੰਦ 15 ਜੁਲਾਈ ਤਕ ਵਧਾ ਦਿੱਤਾ ਹੈ। ਸਈਦ ਅਲੀ ਸ਼ਾਹ ਗਿਲਾਨੀ ਅਤੇ ਮੀਰਵਾਇਜ਼ ਉਮਰ ਫਾਰੂਕ ਦੀ ਅਗਵਾਈ ਵਾਲੇ ਹੁਰੀਅਤ ਕਾਨਫਰੰਸ ਦੇ ਧੜਿਆਂ ਅਤੇ ਮੁਹੰਮਦ ਯਾਸੀਨ ਮਲਿਕ ਦੀ ਪ੍ਰਧਾਨਗੀ ਵਾਲੇ ਜੇਕੇਐਲਐਫ ਵੱਲੋਂ ਜਾਰੀ ਕੀਤੇ ਸਾਂਝੇ ਬਿਆਨ ਮੁਤਾਬਕ, ‘ਲੋਕਾਂ ਨੂੰ 14 ਤੇ 15 ਜੁਲਾਈ ਨੂੰ ਮੁਕੰਮਲ ਹੜਤਾਲ ਦੀ ਅਪੀਲ ਕੀਤੀ ਜਾਂਦੀ ਹੈ।’

ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਸੂਬੇ ਨੂੰ ਖੂਨਖਰਾਬੇ ਤੇ ਹਿੰਸਾ ਦੇ ਭੰਵਰ ਵਿੱਚੋਂ ਕੱਢਣ ਲਈ ਲੋਕਾਂ ਤੋਂ ਸਹਿਯੋਗ ਮੰਗਦਿਆਂ ਕਿਹਾ ਕਿ ਵਾਦੀ ’ਚ ਮੌਤਾਂ ਕਾਰਨ ਉਨ੍ਹਾਂ ਦਾ ਦਿਲ ਦੁੱਖ ਤੇ ਉਦਾਸੀ ਨਾਲ ਭਰ ਗਿਆ ਹੈ। ਉਹ ਇਥੇ ਖਵਾਜਾ ਬਾਜ਼ਾਰ ਇਲਾਕੇ ਵਿੱਚ 1931 ਦੇ ਸ਼ਹੀਦਾਂ ਦੀ ਕਬਰਗਾਹ ’ਤੇ ਸ਼ਰਧਾਂਜਲੀ ਦੇਣ ਆਏ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: