ਚੰਡੀਗੜ੍ਹ/ਅੰਮ੍ਰਿਤਸਰ: ਦਰਬਾਰ ਸਾਹਿਬ (ਅੰਮ੍ਰਿਤਸਰ) ਸਿੱਖਾਂ ਦਾ ਕੇਂਦਰੀ ਸਥਾਨ ਹੈ ਜਿਸ ਦੀ ਸਥਾਪਨਾ ਗੁਰੂ ਸਾਹਿਬਾਨ ਨੇ ਆਪ ਕਰਵਾਈ। ਅੰਮ੍ਰਿਤ ਦੇ ਸਰੋਵਰ ਵਿੱਚ ਉੱਸਰੇ ਦਰਬਾਰ ਸਾਹਿਬ ਦਾ ਚੌਗਿਰਦਾ ਕੁਦਰਤੀ ਮਹੌਲ ਵਾਲਾ ਸੀ। ਇਸ ਕੁਦਰਤੀ ਤੇ ਹਰੇ ਭਰੇ ਚੌਗਿਰਦੇ ਦੀਆਂ ਕੁਝ ਯਾਦਾਂ ਅਜੇ ਵੀ ਦਰਬਾਰ ਸਾਹਿਬ ਸਮੂਹ ਵਿੱਚ ਮੌਜੂਦ ਰੁੱਖਾਂ ਜਿਵੇਂ ਕਿ ਦੁੱਖਭੰਜਨੀ ਬੇਰੀ, ਬੇਰ ਬਾਬ ਬੁੱਢਾ ਜੀ, ਲਾਚੀ ਬੇਰੀ ਅਤੇ ਅਕਾਲ ਤਖਤ ਸਾਹਿਬ ਸਾਹਿਬ ਦੇ ਸਨਮੁਖ ਅਕਾਲ ਅਖਾੜੇ ਵਿੱਚਲੀ ਇਮਲੀ ਦੇ ਰੂਪ ਵਿੱਚ ਮੌਜੂਦ ਹਨ।
ਵਕਤ ਬੀਤਦੇ ਨਾਲ ਦਰਬਾਰ ਸਾਹਿਬ ਦੇ ਆਲੇ-ਦੁਆਲੇ ਦਾ ਮਹੌਲ ਗੈਰ-ਕੁਦਰਤੀ ਹੋਇਆ ਹੈ। ਪਿਛਲੀ ਤਕਰੀਬਨ ਇਕ ਸਦੀ ਤੋਂ ਦਰਬਾਰ ਸਾਹਿਬ ਦਾ ਕਾਰਜਕਾਰੀ ਪਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸ਼੍ਰੋ.ਗੁ.ਪ੍ਰ.ਕ.) ਕੋਲ ਹੈ ਤਾਂ ਜ਼ਾਹਰਾ ਰੂਪ ਵਿੱਚ ਇਸ ਤਬਦੀਲੀ ਦੀ ਜ਼ਿੰਮੇਵਾਰ ਵੀ ਉਸੇ ਤੇ ਹੀ ਆਉਣੀ ਹੈ।
ਹਾਲੀ ਬਹੁਤੇ ਸਮੇਂ ਦੀ ਗੱਲ ਨਹੀਂ ਹੈ ਜਦੋਂ ਸ਼੍ਰੋ.ਗੁ.ਪ੍ਰ.ਕ. ਨੇ ਆਪਣੇ ਸਿਆਸੀ ਆਕਾ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਇੱਛਾ ਪੂਰੀ ਕਰਨ ਲਈ ਦਰਬਾਰ ਸਾਹਿਬ ਸਮੂਹ ਦੇ ਆਲੇ ਦੁਆਲੇ ਖਾਲੀ ਕਰਵਾਈ ਥਾਂ ਉੱਤੇ ਸੰਗਮਰਮਰ ਪੱਥਰ ਥੱਪ ਕੇ ਓਥੇ ਕੁੱਲ ਮਹੌਲ ਗੈਰ-ਕੁਦਰਤੀ ਕਰ ਦਿੱਤਾ। ਭਾਵੇਂ ਕਿ ਇਸ ਥਾਂ ’ਤੇ ਹੁਣ ਗਮਲੇ ਰੱਖ ਕੇ ਇਸ ਨੂੰ ਹਰਿਆ-ਭਰਿਆ ਬਣਾਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਹਨ। ਪਰ ਸੰਗਮਰਮਰ ਤੇ ਪਏ ਗਮਲਿਆਂ ਵਿੱਚ ਲੱਗੇ ਬੂਟਿਆਂ ਦਾ ਕੁਰਦਤੀ ਮਹੌਲ ਵਿੱਚ ਲੱਗੇ ਰੁੱਖਾਂ ਨਾਲ ਕੀ ਮੁਕਾਬਲਾ। ਇਸ ਕੋਸ਼ਿਸ਼ ਨਾਲ ਜਿੰਨਾ ਕੇ ਮਹੌਲ ਕੁਦਰਤੀ ਤੇ ਹਰਿਆ-ਭਰਿਆ ਹੋ ਸਕਦਾ ਹੈ ਉਸਦਾ ਅੰਦਾਜ਼ ਕੋਈ ਵੀ ਸਹਿਜੇ ਹੀ ਲਾ ਸਕਦਾ ਹੈ।
ਅਜਿਹੇ ਵਿੱਚ ਹੁਣ ਖਬਰ ਹੈ ਕਿ ਦਰਬਾਰ ਸਾਹਿਬ ਦੇ ਆਲੇ ਦੁਆਲੇ ਨੂੰ ਹਰਿਆ-ਭਰਿਆ ਬਣਾਉਣ ਤੇ ਪ੍ਰਦੂਸ਼ਣ ਤੋਂ ਬਚਾਉਣ ਲਈ ਸ਼੍ਰੋ.ਗੁ.ਪ੍ਰ.ਕ. ਇਹ ਹਰੀ ਪੱਟੀ (ਵਰਟੀਕਲ ਗਾਰਡਨ) ਬਣਾਉਣ ਦੀ ਵਿਉਂਤ ਉਲੀਕ ਰਹੀ ਹੈ।
ਪੰਜਾਬੀ ਅਖਬਾਰ ‘ਪੰਜਾਬੀ ਟ੍ਰਿਿਬਊਨ’ ਨੇ ਲਿਿਖਆ ਹੈ ਕਿ ਬੀਤੇ ਦਿਨੀਂ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਐੱਸ.ਐੱਸ. ਮਰਵਾਹ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਆਏ ਸਨ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੂੰ ਪ੍ਰਦੂਸ਼ਣ ਤੋਂ ਬਚਾਅ ਲਈ ਕੁਝ ਸੁਝਾਅ ਦਿੱਤੇ ਸਨ, ਜਿਨ੍ਹਾਂ ਵਿੱਚ ਦਰਬਾਰ ਸਾਹਿਬ ਦੇ ਆਲੇ ਦੁਆਲੇ ਨੂੰ ਵਧੇਰੇ ਹਰਿਆ ਭਰਿਆ ਬਣਾਉਣਾ ਵੀ ਸ਼ਾਮਲ ਸੀ। ਉਨ੍ਹਾਂ ਸੁਝਾਅ ਦਿੱਤਾ ਕਿ ਦਰਬਾਰ ਸਾਹਿਬ ਦੇ ਆਲੇ-ਦੁਆਲੇ ਹਰੀ ਪੱਟੀ (ਵਰਟੀਕਲ ਗਾਰਡਨ) ਉਸਾਰੀ ਜਾਵੇ, ਜੋ ਕਿ ਪ੍ਰਦੂਸ਼ਣ ਦੀ ਰੋਕਥਾਮ ਵਿੱਚ ਮੱਦਦ ਕਰੇਗੀ।
‘ਵਰਟੀਕਲ ਗਾਰਡਨ’ ਵਿਧੀ ਬਾਰੇ ਮੱਕੜਜਾਲ (ਇੰਟਰਨੈਟ) ਤੋਂ ਜਿੰਨੀ ਕੁ ਮੁੱਢਲੀ ਜਾਣਕਾਰੀ ਮਿਲੀ ਹੈ ਉਸ ਮੁਤਾਬਕ ਇਹ ਢੰਗ ਤਰੀਕਾ ਕੰਧਾਂ, ਛੱਤਾਂ ਜਾਂ ਗਮਲੇ ਟੰਗਣਿਆਂ ਦੀ ਵਰਤੋਂ ਕਰਕੇ ਰਹੇ ਬੂਟੇ ਲਾਉਣ ਲਈ ਵਰਤਿਆ ਜਾਂਦਾ ਹੈ। ਦਰਬਾਰ ਸਾਹਿਬ ਵਿਖੇ ਹਰੀ ਪੱਟੀ ਬਣਾਉਣ ਦੀ ਤਜਵੀਜ਼ ਨੂੰ ਦਰਸਾਉਣ ਲਈ ਜੋ ਨਮੂਨਾ ਅਖਬਾਰ ਵਿੱਚ ਛਪਿਆ ਹੈ ਉਸ ਤੋਂ ਵੀ ਇੰਝ ਹੀ ਲੱਗਦਾ ਹੈ ਕਿ ਇਸ ਹਰੀ ਪੱਟੀ ਲਈ ਵੀ ਇਹੀ ਢੰਗ ਅਪਣਾਏ ਜਾਣਗੇ।
ਉਂਝ ਜੇਕਰ ਸ਼੍ਰੋ.ਗੁ.ਪ੍ਰ.ਕ. ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਦੀ ਮੰਨੀ ਜਾਵੇ ਤਾਂ “ਸ਼੍ਰੋਮਣੀ ਕਮੇਟੀ ਪਹਿਲਾਂ ਹੀ ਇਸ ਇਲਾਕੇ ਨੂੰ ਵਧੇਰੇ ਹਰਿਆ ਭਰਿਆ ਬਣਾਉਣ ਲਈ ਯਤਨਸ਼ੀਲ ਹੈ”।
ਸ. ਰੂਪ ਸਿੰਘ ਮੁਤਾਬਕ ਸ਼੍ਰੋ.ਗੁ.ਪ੍ਰ.ਕ. ਵੱਲੋਂ ਸ੍ਰੀ ਦਰਬਾਰ ਸਾਹਿਬ ਸਮੂਹ ਵਿੱਚ ‘ਪਾਰਕ’ ਵੀ ਬਣਾਇਆ ਜਾ ਰਿਹਾ ਹੈ। ਹਰੀ ਪੱਟੀ (ਵਰਟੀਕਲ ਗਾਰਡਨ) ਦੇ ਸੁਝਾਅ ਦੀ ਸ਼ਲਾਘਾ ਕਰਦਿਆਂ ਸ਼੍ਰੋ.ਗੁ.ਪ੍ਰ.ਕ. ਦੇ ਮੁੱਖ ਸਕੱਤਰ ਨੇ ਆਖਿਆ ਕਿ ਇਸ ਸੁਝਾਅ ਨੂੰ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਰੱਖਿਆ ਜਾਵੇਗਾ ਤੇ ਪ੍ਰਵਾਨਗੀ ਲੈਣ ਪਿੱਛੋਂ ਇਸ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੀਫ਼ ਇੰਜਨੀਅਰ ਜੀ.ਐੱਸ. ਮਜੀਠੀਆ ਨੇ ਆਖਿਆ ਕਿ ਜੇ ਸ਼੍ਰੋ.ਗੁ.ਪ੍ਰ.ਕ. ਇਸ ਵਿਉਂਤ ਨੂੰ ਮਨਜ਼ੂਰੀ ਦਿੰਦੀ ਹੈ ਤਾਂ ਬੋਰਡ ਵੱਲੋਂ ਇਸ ਮਾਮਲੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬਾਗ਼ਬਾਨੀ ਵਿਭਾਗ ਦੇ ਮਾਹਿਰਾਂ ਦੀ ਮਦਦ ਲਈ ਜਾਵੇਗੀ। ਸ਼੍ਰੋਮਣੀ ਕਮੇਟੀ ਨੂੰ ਹਰੀ ਪੱਟੀ ਦੀ ਬਣਾਉਣ ਲਈ ਇਮਾਰਤਾਂ ਦੀ ਸ਼ਨਾਖ਼ਤ ਲਈ ਆਖਿਆ ਜਾਵੇਗਾ।
ਸ਼੍ਰੋ.ਗੁ.ਪ੍ਰ.ਕ. ਵੱਲੋਂ ਸ੍ਰੀ ਦਰਬਾਰ ਸਾਹਿਬ ਸਮੂਹ ਵਿੱਚ ਹਰੀ ਪੱਟੀ ਉਸਾਰਨ ਲਈ ਲਗਪਗ 3 ਕਰੋੜ ਰੁਪਏ ਦੀ ਲਾਗਤ ਨਾਲ ਵਿਸ਼ੇਸ਼ ਬਾਗ਼ ਸਥਾਪਿਤ ਕੀਤਾ ਜਾ ਰਿਹਾ ਹੈ। ਸ੍ਰੀ ਗੁਰੂ ਰਾਮਦਾਸ ਲੰਗਰ ਘਰ ਦੇ ਸਾਹਮਣੇ ਸਥਾਪਿਤ ਦੋ ਬਾਗ਼ਾਂ ਨੂੰ ਇਸ ਉਦੇਸ਼ ਲਈ ਵਰਤਿਆ ਜਾਵੇਗਾ। ਲਗਪਗ 2 ਏਕੜ ਜ਼ਮੀਨ ਉੱਤੇ ਇਹ ਬਾਗ਼ ਸਥਾਪਿਤ ਹੋਣਗੇ। ਡਾ. ਰੂਪ ਸਿੰਘ ਨੇ ਦੱਸਿਆ ਕਿ ਇਸ ਦੀ ਕਾਰ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਸੌਂਪੀ ਗਈ ਹੈ, ਜਿਨ੍ਹਾਂ ਵੱਲੋਂ ਅਹਿਮਦਾਬਾਦ ਦੀ ਇੱਕ ਕੰਪਨੀ ਦੇ ਮਾਹਿਰਾਂ ਦੀ ਮੱਦਦ ਲਈ ਜਾ ਰਹੀ ਹੈ।
ਇਸ ਵਿਸ਼ੇਸ਼ ਬਾਗ਼ ਵਿੱਚ ਲਗਪਗ 600 ਕਿਸਮ ਦੇ ਬੂਟੇ ਹੋਣਗੇ, ਜਿਨ੍ਹਾਂ ਵਿੱਚ ਹਰ ਰੁੱਤ ਦੇ ਫੁੱਲ ਵੀ ਸ਼ਾਮਲ ਹੋਣਗੇ। ਇੱਥੇ ਫੁਹਾਰੇ ਵੀ ਸਥਾਪਿਤ ਹੋਣਗੇ। ਇਹ ਬਾਗ਼ ਗੁਰੂ ਘਰ ਦੀ ਸੁੰਦਰਤਾ, ਸਜਾਵਟ, ਸੁਗੰਧੀ ਅਤੇ ਸਵੱਛਤਾ ਵਿੱਚ ਵਾਧਾ ਕਰੇਗਾ।