ਸਿਡਨੀ: ਦੱਖਣੀ ਆਸਟਰੇਲੀਆ ‘ਚ ਤਾਪਮਾਨ 49.9 ਡਿਗਰੀ ਸੈਲਸੀਅਸ ਹੈ। ਤਾਪਮਾਨ ਹੋਰ ਵਧਣ ਦੇ ਆਸਾਰ ਹਨ। ਮੌਸਮ ਵਿਭਾਗ ਅਨੁਸਾਰ ਮੀਂਹ ਪੈਣ ਦੀ ਸੰਭਾਵਨਾ ਮੱਧਮ ਹੈ। ਆਸਟਰੇਲੀਆ ਵਿੱਚ ਜ਼ਬਰਦਸਤ ਗਰਮੀ ਨੇ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।
ਤਾਪਮਾਨ ਨੇ ਪਿਛਲੇ ਕਈ ਰਿਕਾਰਡ ਤੋੜ ਦਿੱਤੇ ਹਨ।ਇਸ ਤੋਂ ਇਲਾਵਾ ਵੱਖ-ਵੱਖ ਥਾਈਂ ਜੰਗਲਾਂ ‘ਚ ਲੱਗੀ ਅੱਗ ਨਾਲ 684 ਘਰ ਸੜ ਕੇ ਸੁਆਹ ਹੋ ਗਏ ਹਨ। ਦੋ ਨਾਗਰਿਕਾਂ ਤੇ ਅੱਗ ਬੁਝਾਊ ਅਮਲੇ ਦੇ ਮੈਂਬਰ ਦੀ ਮੌਤ ਵੀ ਹੋ ਗਈ ਹੈ। ਮੀਂਹ ਨਾ ਪੈਣ ਕਰ ਕੇ ਵੀ ਅੱਗ ਉੱਤੇ ਕਾਬੂ ਪਾਉਣਾ ਮੁਸ਼ਕਲ ਹੋ ਰਿਹਾ ਹੈ। ਡੈਮਾਂ ਵਿੱਚ ਪਾਣੀ ਦਾ ਪੱਧਰ ਵੀ ਹੇਠਾਂ ਆ ਗਿਆ ਹੈ।
ਲੋਕ ਅੱਗ ਨਾਲ ਪੀੜਤ ਪਰਿਵਾਰਾਂ ਦੀ ਮਦਦ ਕਰ ਰਹੇ ਹਨ। ਵਧੇ ਤਾਪਮਾਨ ਨੇ ਸਭ ਤੋਂ ਵੱਧ ਫਸਲਾਂ ਤੇ ਪਸ਼ੂ ਧਨ ਨੂੰ ਪ੍ਰਭਾਵਿਤ ਕੀਤਾ ਹੈ। ਖੇਤੀਬਾੜੀ ਵਿਭਾਗ ਦੀ ਰਿਪੋਰਟ ਅਨੁਸਾਰ ਸਾਲ 2000 ਤੋਂ ਮੌਸਮ ਵਿੱਚ ਆਈਆਂ ਤਬਦੀਲੀਆਂ ਨੇ ਫਸਲੀ ਸੈਕਟਰ ਦਾ ਮਾਲੀਆ ਸਾਲ ਵਿੱਚ 1.1 ਅਰਬ ਡਾਲਰ ਘਟਾ ਦਿੱਤਾ ਹੈ। ਸੂਬਾ ਨਿਊ ਸਾਊਥ ਵੇਲਜ਼ ਵਿੱਚ ਪਾਣੀ ਦੀ ਵਰਤੋਂ ਲਈ ਨਵੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ ਤੇ ਉਲੰਘਣਾ ਕਰਨ ‘ਤੇ ਜੁਰਮਾਨੇ ਹੋਏ ਹਨ।