ਅੰਮ੍ਰਿਤਸਰ: ਪਾਕਿਸਤਾਨ ‘ਚ ਪੇਸ਼ਾਵਰ ਹਾਈਕੋਰਟ ਨੇ ਬੁੱਧਵਾਰ ਪ੍ਰਸ਼ਾਸਨ ਨੂੰ ਹੁਕਮ ਦਿੱਤਾ ਕਿ ਦੇਸ਼ ਭਰ ‘ਚ ਕੀਤੀ ਜਾਣ ਵਾਲੀ ਮਰਦਮਸ਼ੁਮਾਰੀ ‘ਚ ਸਿੱਖਾਂ ਦੀ ਵੱਖਰੇ ਤੌਰ ‘ਤੇ ਗਿਣਤੀ ਨੂੰ ਯਕੀਨੀ ਬਣਾਇਆ ਜਾਵੇ। ਸਿੱਖ ਭਾਈਚਾਰੇ ਨੇ 19 ਬਾਅਦ ਹੋ ਰਹੀ ਮਰਦਮਸ਼ੁਮਾਰੀ ‘ਚ ਸ਼ਾਮਲ ਧਰਮਾਂ ‘ਚ ਉਨ੍ਹਾਂ ਦੀ ਗਿਣਤੀ ਨਾ ਕੀਤੇ ਜਾਣ ਨੂੰ ਲੈ ਕੇ ਅਦਾਲਤ ‘ਚ ਪਟੀਸ਼ਨ ਦਾਇਰ ਕੀਤੀ ਗਈ ਸੀ। ਪੇਸ਼ਾਵਰ ਹਾਈ ਕੋਰਟ ਨੇ ਆਦੇਸ਼ ਦਿੱਤਾ ਕਿ ਮਰਦਮਸ਼ੁਮਾਰੀ ਵਾਲੇ ਫਾਰਮ ‘ਚ ਧਰਮਾਂ ਦੇ ਕਾਲਮ ‘ਚ ਸਿੱਖ ਧਰਮ ਲਈ ਵੱਖਰਾ ਕਾਲਮ ਬਣਾਇਆ ਜਾਵੇ।
15 ਮਾਰਚ ਨੂੰ ਸ਼ੁਰੂ ਹੋਈ ਛੇਵੀਂ ਮਰਦਮਸ਼ੁਮਾਰੀ ਦੇ ਪਹਿਲੇ ਪੜਾਅ ‘ਚ ਸਿੱਖ ਧਰਮ ਦਾ ਕਾਲਮ ਨਹੀਂ ਸ਼ਾਮਲ ਕੀਤਾ ਗਿਆ ਸੀ। ਜਦਕਿ ਮੁਸਲਮਾਨਾਂ, ਹਿੰਦੂਆਂ, ਇਸਾਈਆਂ ਤੇ ਹੋਰ ਗਰੁੱਪਾਂ ਦੀ ਵੱਖਰੇ ਤੌਰ ‘ਤੇ ਗਿਣਤੀ ਕੀਤੀ ਗਈ। ਸਿੱਖ ਭਾਈਚਾਰੇ ਨੇ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ‘ਤੇ ਸੁਣਵਾਈ ਦੇ ਬਾਅਦ ਹਾਈ ਕੋਰਟ ਨੇ ਆਦੇਸ਼ ਦਿੱਤਾ ਕਿ ਸਿੱਖ ਭਾਈਚਾਰੇ ਨੂੰ ਵੱਖਰੀ ਪਛਾਣ ਦਿੰਦਿਆਂ ਮਰਦਮਸ਼ੁਮਾਰੀ ਫਾਰਮ ‘ਚ ਸਿੱਖ ਧਰਮ ਲਈ ਅਲੱਗ ਕਾਲਮ ਬਣਾਇਆ ਜਾਵੇ।
ਹਾਈ ਕੋਰਟ ਨੇ ਆਦੇਸ਼ ਦਿੱਤਾ ਕਿ 25 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀ ਮਰਦਮ ਸ਼ੁਮਾਰੀ ਦੇ ਦੂਜੇ ਪੜਾਅ ‘ਚ ਇਸ ਹੁਕਮ ‘ਤੇ ਅਮਲ ਹੋਣਾ ਚਾਹੀਦਾ ਹੈ। ਮਰਦਮ ਸ਼ੁਮਾਰੀ ‘ਚ ਪਹਿਲੀ ਵਾਰ ਅਪਾਹਜ ਲੋਕਾਂ ਅਤੇ ਕਿੰਨਰਾਂ ਲਈ ਵੱਖਰੇ ਤੌਰ ‘ਤੇ ਗਿਣਤੀ ਕੀਤੀ ਜਾ ਰਹੀ ਹੈ।
ਸਬੰਧਤ ਖ਼ਬਰ ਨੂੰ ਅੰਗਰੇਜ਼ੀ ਵਿਚ ਪੜ੍ਹਨ ਲਈ: Imran Khan Calls For Inclusion Of Sikhs In Pakistan’s Population Census …