ਮੋਹਾਲੀ (31 ਮਾਰਚ, 2010): ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਯੂਥ ਵਿੰਗ ਦੇ ਕੌਮੀ ਜਰਨਲ ਸਕੱਤਰ ਸੰਦੀਪ ਸਿੰਘ ਕੈਨੇਡੀਅਨ ਨੇ ਬੇਅੰਤ ਸਿੰਘ ਕੇਸ ਵਿਚ ਭਾਈ ਪਰਮਜੀਤ ਸਿੰਘ ਭਿਉਰਾ ਨੂੰ ਅਦਾਲਤ ਵਲੋਂ ਸੁਣਾਈ ਗਈ ਉਮਰ ਕੇਦ ਦੀ ਸ਼ਜ਼ਾ ’ਤੇ ਪ੍ਰਤੀਕਰਮ ਜਾਹਿਰ ਕਰਦਿਆਂ ਕਿਹਾ ਹੈ ਕਿ ਇਹ ਸਜ਼ਾ ਅਸਲ ਵਿਚ ਭਾਰਤ ਦੇ ਦਹੋਰੇ ਕਾਨੂੰਨਾਂ ਦੀ ਵਿਅਖਿਆ ਕਰ ਗਈ ਹੈ। ਇਸ ਤਰ੍ਹਾਂ ਦੇ ਫ਼ੈਸਲੇ ਭਾਰਤੀ ਦੋਹਰੇ ਕਾਨੂੰਨਾਂ ਦੀ ਇੰਤਹਾ ਹਨ।
ਉਨ੍ਹਾਂ ਕਿਹਾ ਕਿ ਭਿਉਰਾ ਦੇ ਵਿਰੁੱਧ ਕੋਈ ਵੀ ਪੁਖਤਾ ਸਬੂਤ ਨਾ ਹੁੰਦਿਆਂ ਹੋਇਆਂ ਵੀ ਉਨ੍ਹਾਂ ਨੂੰ ਸੁਣਾਈ ਗਈ ਸ਼ਜ਼ਾ ਭਾਰਤ ਦੇ ਧਾਰਮਿਕ ਭੇਦ ਭਾਵ ਦੀ ਕਾਨੂੰਨੀ ਨੀਤੀ ਨੂੰ ਜਗ ਜ਼ਾਹਰ ਕਰਦੇ ਹਨ। ਦੂਜੇ ਪਾਸੇ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਵਿਰੁੱਧ ਅਨੇਕਾਂ ਸਬੂਤਾਂ ਦੇ ਹੁੰਦੇ ਹੋਏ ਕਿਸੇ ਨੂੰ ਸਜ਼ਾ ਤਾਂ ਕੀ ਮਿਲਣੀ ਹੈ ਸਗੋਂ ਉਨ੍ਹਾਂ ਅਪਰਾਧੀਆਂ ਨੂੰ ਵੀ.ਆਈ.ਪੀ. ਸਹੂਲਤਾਂ ਦੇ ਕੇ ਇਨਸਾਨੀਅਤ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਸੱਜਣ ਕੁਮਾਰ, ਜਗਦੀਸ਼ ਟਾਈਟਲਰ ਵਰਗਿਆਂ ਦਾ ਮਾਮਲੇ ਸਭ ਦੇ ਸਾਹਮਣੇ ਹਨ। ਇੱਥੋਂ ਤੱਕ ਕਿ ਸਿੱਖਾਂ ਦੀਆਂ ਵੋਟਾਂ ਦੇ ਸਹਾਰੇ ਕੁਰਸੀਆਂ ਦਾ ਨਿੱਘ ਮਾਣ ਰਹੇ ਬਾਦਲਕੇ ਵੀ ਸਿੱਖਾਂ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਲਈ ਸੰਜੀਦਾ ਨਹੀਂ ਤੇ ਨਾ ਹੀ ਉਨ੍ਹਾਂ ਨੂੰ ਸਿੱਖਾਂ ਤੱਕ ਕੋਈ ਮਤਲਬ ਹੈ। ਭਾਈ ਕੈਨੇਡੀਅਨ ਨੇ ਕਿਹਾ ਕਿ ‘ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ’ ਅਖਵਾਉਂਦੇ ਇਸ ਦੇਸ਼ ਦੀ ਦੋਗਲੀ ਨੀਤੀ ਦਾ ਅਸਲ ਚਿਹਰਾ ਦੁਨੀਆਂ ਅੱਗੇ ਨੰਗਾ ਹੋ ਰਿਹਾ ਹੈ ਪਰ ਦੇਸ਼ ਦੀ ਪ੍ਰਭੂਸੱਤਾ ’ਤੇ ਕਾਬਜ਼ ਸ਼ਕਤੀਆਂ ਨੂੰ ਕਿਸੇ ਦੀ ਕੋਈ ਪ੍ਰਵਾਹ ਨਹੀਂ।ਉਨ੍ਹਾਂ ਕਿਹਾ ਕਿ ਇੱਥੇ ਆਏ ਦਿਨ ਜ਼ਮਹੂਰੀਅਤ ਦਾ ਕਤਲ ਹੋ ਰਿਹਾ ਹੈ।