ਚੰਡੀਗੜ੍ਹ: ਭਾਰਤ ਵਿੱਚ ਰੂਸ ਦੇ ਸਫੀਰ ਨਿਕੋਲਾਈ ਕੁਦਾਸ਼ੇਵ ਨੇ ਲੰਘੇ ਸ਼ੁੱਕਰਵਾਰ ਨਵੀਂ ਦਿੱਲੀ ਵਿਚ ਪੱਤਰਕਾਰ ਮਿਲਣੀ ਕੀਤੀ। ਰਾਇਸੀਨਾ ਸੰਵਾਦ, ਜਿਸ ਵਿੱਚ ਕਿ ਦੇਸ਼ ਵਿਦੇਸ਼ ਦੇ ਮੰਤਰੀਆਂ, ਫੌਜ ਦੇ ਉੱਚ ਅਫ਼ਸਰਾਂ ਤੇ ਭਾਰਤ ਤੇ ਰੂਸ ਸਣੇ ਵੱਖ ਵੱਖ ਮੁਲਕਾਂ ਦੇ ਨੁਮਾਇੰਦਿਆਂ ਤੇ ਉੱਚ ਦਰਜੇ ਦੀ ਅਫਸਰਸ਼ਾਹੀ ਨੇ ਸ਼ਿਰਕਤ ਕੀਤੀ ਸੀ, ਦੀ ਸਮਾਪਤੀ ਤੋਂ ਬਾਅਦ ਰੱਖੀ ਗਈ। ਰੂਸ ਦੇ ਭਾਰਤ ਵਿੱਚ ਸਫੀਰ ਨਿਕੋਲਾਈ ਕੁਦਾਸ਼ੇਵ ਦੀ ਇਸ ਪੱਤਰਕਾਰ ਮਿਲਣੀ ਦੇ ਕੁਝ ਜ਼ਰੂਰੀ ਅੰਸ਼ ਸਿੱਖ ਸਿਆਸਤ ਦੇ ਪਾਠਕਾਂ ਲਈ ਹੇਠ ਦਿੱਤੇ ਜਾ ਰਹੇ ਹਨ। ਇਸ ਤੋਂ ਬਾਅਦ ਇਸ ਪੱਤਰਕਾਰ ਮਿਲਣੀ ਸਬੰਧੀ ਕੁਝ ਜ਼ਰੂਰੀ ਨੁਕਤੇ ਤੇ ਲਿਖ ਕੇ ਰੱਖਣ ਯੋਗ ਗੱਲਾਂ ਵੀ ਨਾਲ ਹੀ ਦਿੱਤੀਆਂ ਜਾ ਰਹੀਆਂ ਹਨ:-
• “ਇੰਡੋ ਪੈਸੇਫਿਕ ਰਣਨੀਤੀ ਦੇ ਪੱਛਮੀ ਖਿਆਲ ਤੇ ਪੱਛਮੀ ਬਣਤਰ ਦੇ ਅਸੀਂ ਹੱਕ ਵਿੱਚ ਨਹੀਂ ਹਾਂ। ਅਸੀਂ ਫਿਕਰਮੰਦ ਤੇ ਚਿੰਤਤ ਹਾਂ। ਉਹ ਇਸ ਖਿੱਤੇ ’ਚ ਸੰਵਾਦ ਸੱਭਿਆਚਾਰ ਨੂੰ ਨਕਾਰਨਾ ਚਾਹੁੰਦੇ ਹਨ। ਇਸ ਗੱਲ ਦੀ ਮਹੱਤਤਾ ਨੂੰ ਨਕਾਰਦੇ ਹੋਏ, ਕਿ ਪਰਸ਼ਾਂਤ ਨਾਲ ਲੱਗਦਾ ਸਭ ਤੋਂ ਵੱਡਾ ਤੱਟ ਰੂਸ ਕੋਲ ਹੈ, ਪੱਛਮ, ਰੂਸ ਤੇ ਚੀਨ ਦੀ ਹੋਂਦ ਨੂੰ ਹੀ ਮੰਨਣ ਤੋਂ ਹੀ ਮੁਨਕਰ ਹੈ।”
• “ਮੈਂ ਇਹ ਗੱਲ ਬੜੇ ਖੁੱਲ੍ਹ ਕੇ ਕਹਿਣਾ ਚਾਹੁੰਦਾ ਹਾਂ ਕਿ ਅਮਰੀਕੀ ਰਣਨੀਤੀ ਬਾਰੇ ਤੇ ਚਹੁੰ ਮੁਲਕਾਂ ਦੀ ਸਾਂਝ ਬਾਰੇ ਆਪਣੀ ਚਿੰਤਾ ਅਸੀਂ ਵਾਰ ਵਾਰ ਭਾਰਤ ਕੋਲ ਰੱਖ ਚੁੱਕੇ ਹਾਂ।”
• “ਜਿੱਥੇ ਤੱਕ ਮੇਰੀ ਸਮਝ ਹੈ, ਸਾਡੀ ਇਸ ਚਿੰਤਾ ਬਾਰੇ ਵਿਚਾਰ ਕੀਤੀ ਗਈ ਹੈ ਤੇ ਇਸ ਬਾਬਤ ਸਾਡਾ ਸੰਵਾਦ (ਭਾਰਤ ਨਾਲ) ਚੱਲ ਰਿਹਾ ਹੈ।”
• “ਸਾਨੂੰ ਲੋੜ ਹੈ ਪ੍ਰਸ਼ਾਂਤ ਮਹਾਂਸਾਗਰ ਤੇ ਹਿੰਦ ਮਹਾਂਸਾਗਰ ਵਿੱਚ ਹੋ ਰਹੀਆਂ ਘਟਨਾਵਾਂ ਬਾਰੇ ਆਪਣੀ ਸਮਝ ਨੂੰ ਹੋਰ ਡੂੰਘਿਆਂ ਕਰਨ ਦੀ… ਅਸੀਂ ਕਿਉਂ ਇਹੋ ਜਿਹਾ ਮੁਕਾਬਲੇ ਵਾਲਾ ਪ੍ਰਤੀਯੋਗੀ ਢਾਂਚਾ ਲੈ ਕੇ ਆਵਾਂਗੇ ਜਿਸ ਕਾਰਨ ਇਸ ਖਿੱਤੇ ਦੇ ਮੁਲਕ, ਮੁੜ ਇਕੱਠੇ ਹੋਣ ਦੀ ਬਜਾਏ ਵੱਖ ਵੱਖ ਹੋਏ ਰਹਿਣ।”
ਕੁਝ ਸੰਬੰਧਤ ਜ਼ਰੂਰੀ ਨੁਕਤੇ:
• ਕੁਦਾਸ਼ੇਵ ਦੀਆਂ ਇਹ ਟਿੱਪਣੀਆਂ ਲੰਘੇ ਬੁੱਧਵਾਰ ਹੋਏ ਰਾਇਸੀਨਾ ਸੰਵਾਦ, ਜਿਸ ਵਿੱਚ ਕੇ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲੈਵਰੋਵ ਨੇ ਆਪਣੀ ਤਕਰੀਰ ਚ ਅਮਰੀਕਾ ਵੱਲੋਂ ਅਗਵਾਈ ਕੀਤੇ ਜਾ ਰਹੇ ਇੰਡੋ ਪੈਸੇਫਿਕ ਪਹਿਲ ਦੀ ਸਖ਼ਤ ਆਲੋਚਨਾ ਕੀਤੀ ਸੀ, ਤੋਂ ਦੋ ਦਿਨ ਬਾਅਦ ਆਏ ਹਨ। ਸਰਗਈ ਲੇਵਰੋਵ ਨੇ ਇਸ ਨੂੰ ਵੰਡ ਪਾਊ ਪਹੁੰਚ ਦੱਸਿਆ ਸੀ ਜੋ ਕਿ ਖਿੱਤੇ ਵਿਚਲੇ ਪ੍ਰਦੇਸ਼ਕ ਢਾਂਚਿਆਂ ਨਾਲ ਛੇੜਛਾੜ ਕਰ ਰਹੀ ਹੈ ਤੇ ਚੀਨ ਦੀ ਚੜ੍ਹਤ ਨੂੰ ਬੰਨ੍ਹ ਲਾ ਰਹੀ ਹੈ।
• ਨਵੰਬਰ 2017 ਵਿੱਚ ਅਮਰੀਕਾ, ਭਾਰਤ, ਆਸਟਰੇਲੀਆ ਤੇ ਜਾਪਾਨ ਨੇ ਲੰਮੇ ਸਮੇਂ ਤੋਂ ਲਮਕਦੀ ਆ ਰਹੀ ਇੰਡੋ ਪੈਸੇਫਿਕ ਖਿੱਤੇ ਚ’, ਇਕੱਠਿਆਂ ਕੰਮ ਕਰਨ ਦੀ ਚਹੁੰ ਮੁਲਕੀ ਸਾਂਝ ਭਿਆਲੀ ਦੀ ਇੱਛਾ ਨੂੰ ਨੇਪਰੇ ਚਾੜ੍ਹਿਆ ਸੀ, ਜਿਸ ਨੂੰ ਚੀਨ ਦੀ ਇਸ ਖਿੱਤੇ ਚ’ ਵਧ ਰਹੀ ਚੜ੍ਹਤ ਨੂੰ ਬੰਨ੍ਹ ਲਾਉਣ ਵਾਲੀ ਚਾਲ ਵਜੋਂ ਵੇਖਿਆ ਗਿਆ ਸੀ।
• ਅਮਰੀਕਾ, ਆਸਟਰੇਲੀਆ ਤੇ ਜਾਪਾਨ ਇਸ ਖਿੱਤੇ ਚ’ ਭਾਰਤ ਦੀ ਵੱਡੀ ਭੂਮਿਕਾ ਉੱਤੇ ਵੀ ਜ਼ੋਰ ਦੇ ਰਹੇ ਸੀ।
• ਪਿਛਲੇ ਕੁਝ ਸਾਲਾਂ ਤੋਂ, ਭਾਰਤ ਦੀ ਵਿਦੇਸ਼ ਨੀਤੀ ਵੀ ਇੰਡੋ ਪੈਸੀਫਿਕ ਖਿੱਤੇ ਤੇ ਕੇਂਦਰਤ ਕਰ ਕੇ ਬਣਾਈ ਜਾਂਦੀ ਰਹੀ ਹੈ ਤੇ ਰਣਨੀਤੀ ਵੀ ਇਸ ਖਿੱਤੇ ਚ ਸ਼ਾਂਤੀ ਤੇ ਸਥਿਰਤਾ ਲੈ ਕੇ ਆਉਣ’ ਤੇ ਹੀ ਕੇਂਦਰਿਤ ਰਹੀ ਹੈ।
• ਪਿਛਲੇ ਮਹੀਨੇ ਭਾਰਤ ਦੀ ਜਲ ਸੈਨਾ ਦੇ ਚੀਫ ਐਡਮਿਰਲ ਕਰਮਬੀਰ ਸਿੰਘ ਨੇ ਇਸ ਚਹੁੰ ਮੁਲਕੀ ਸਾਂਝੀ ਮਸ਼ਕ ਚ’ ਫੌਜ ਦੀ ਦਖਲ ਅੰਦਾਜ਼ੀ ਨਾ ਹੋਣ ਦੀ ਵੀ ਗੱਲ ਵੀ ਆਖੀ ਸੀ।
→ ਇਹ ਖਬਰ ਅੰਗਰੇਜ਼ੀ ਵਿਚ ਪੜ੍ਹੋ – EXCERPTS FROM PRESS CONFERENCE OF RUSSIAN AMBASSADOR NIKOLAY KUDASHEV