ਚੰਡੀਗੜ੍ਹ, 7 ਜਨਵਰੀ: ਐਤਵਾਰ ਨੂੰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਅੰਦਰ ਹਥਿਆਰਬੰਦ ਨਕਾਬਪੋਸ਼ਾਂ ਦਾ ਵਿਦਿਆਰਥੀਆਂ ਉਤੇ ਹਮਲਾ, ਹਿੰਦੂਤਵੀ ਧੱਕੇ ਦਾ ਅਤੇ ਬਹੁਗਿਣਤੀ ਪੱਖੀ ਹਾਕਮਸ਼ਾਹੀ ਸਿਆਸਤ ਦਾ ਨਮੂਨਾ ਹੈ, ਜਿਹੜੀ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਬਜ਼ਿੱਦ ਹੈ।
ਇਹ ਵਿਚਾਰ ਪ੍ਰਗਟ ਕਰਦਿਆਂ ਸਿੱਖ ਬੁੱਧੀਜੀਵੀਆਂ ਨੇ ਕਿਹਾ ਕਿ ਬੜੇ ਦੁੱਖ ਅਤੇ ਅਫਸੋਸ ਨਾਲ ਦੇਸ਼ ਦੇ ਉਦਾਰਵਾਦੀਆਂ ਅਤੇ ਖੱਬੇ ਪੱਖੀ ਤਾਕਤਾਂ ਨੂੰ ਯਾਦ ਕਰਾਉਣਾ ਪੈ ਰਿਹਾ ਹੈ ਕਿ ਅਜੇਹੀ ਕਲਪਨਿਕ ਬਹੁਗਿਣਤੀ ਪੱਖੀ ਸਿਆਸਤ ਨੂੰ ਪਹਿਲਾਂ ਇੰਦਰਾ ਗਾਂਧੀ ਨੇ 1980ਵਿਆਂ ਵਿਚ ਅਪਣਾਕੇ ਸਿੱਖਾਂ ਨੂੰ ਦੇਸ਼ ਧਰੋਹੀ ਤੇ ਵੱਖਵਾਦੀ ਗਰਦਾਨ ਕੇ ਘੋਰ ਤਸ਼ੱਦਦ ਦਾ ਨਿਸ਼ਾਨਾ ਬਣਾਇਆ ਸੀ। ਉਸੇ ਲੜੀ ਨੂੰ ਅੱਗੇ ਤੋਰਦਿਆਂ ਅੱਜ ਮੋਦੀ ਸਰਕਾਰ ਨੇ ਘੱਟ ਗਿਣਤੀਆਂ ਅਤੇ ਦਲਿਤ ਵਿਰੋਧੀ ਹਿੰਦੂਤਵੀ ਰਾਜਨੀਤੀ ਨੂੰ ਹੋਰ ਪ੍ਰਚੰਡ ਕਰਕੇ ਅੱਤਵਾਦੀ ਬਣਾ ਦਿੱਤਾ ਹੈ। ਇਸੇ ਕੱਟੜਵਾਦੀ ਸਿਆਸਤ ਨੂੰ ਲਾਗੂ ਕਰਦਿਆਂ ਕੇਂਦਰੀ ਸਰਕਾਰ ਨੇ ਕੁੱਝ-ਕੁ ਮਹੀਨੇ ਪਹਿਲਾਂ ਕਸ਼ਮੀਰ ਨੂੰ ਸਿੱਧਾ ਦਿੱਲੀ ਦੀ ਕਲੋਨੀ ਬਣਾ ਦਿੱਤਾ, ਫਿਰ 500 ਸਾਲਾ ਬਾਬਰੀ ਮਸਜਿਦ ਨੂੰ ਤੋੜਨ ਵਾਲੀਆਂ ਹਿੰਦੂਤਵੀ ਤਾਕਤਾਂ ਦੇ ਹੱਕ ਵਿਚ ਹੀ ਸੁਪਰੀਮ ਕੋਰਟ ਦਾ ਫੈਸਲਾ ਪ੍ਰਾਪਤ ਕਰ ਲਿਆ ਅਤੇ ਤੁਰੰਤ ਬਾਅਦ ਨਵਾਂ ਨਾਗਰਿਕ ਕਾਨੂੰਨ ਬਣਾ ਕੇ ਵੱਡੀ ਮੁਸਲਮਾਨ ਘੱਟ ਗਿਣਤੀ ਨੂੰ ਦੇਸ਼ ਦੀ ਸਿਆਸਤ ਵਿਚੋਂ ਮੁਕੰਮਲ ਤੌਰ ਤੇ ਖਾਰਜ ਕਰ ਦਿੱਤਾ ਹੈ।
ਪਿਛਲੇ ਐਤਵਾਰ ਨੂੰ ਜੇ ਐਨ ਯੂ ਉਤੇ ਗੁੰਡਿਆਂ ਦਾ ਹਮਲਾ ਉਸੇੇ ਸਰਕਾਰੀ ਹਿੰਦੂਤਵੀ ਰਣਨੀਤੀ ਦਾ ਹਿੱਸਾ ਹੈ। ਹੈਰਾਨੀ ਹੈ ਕਿ ਹਥਿਆਰਬੰਦ ਨਕਾਬਪੋਸ਼ ਗੁੰਡਿਆਂ ਨੇ ਤਿੰਨ ਘੰਟੇ ਯੂਨੀਵਰਸਿਟੀ ਕੈਂਪਸ ਵਿਚ ਹਿੰਸਾ ਵਰਤਾਈ ਅਤੇ ਫਿਰ ਆਰਾਮ ਨਾਲ ਉਥੋਂ ਭਾਰੀ ਦਿੱਲੀ ਪੁਲਿਸ ਦੀ ਮੌਜੂਦਗੀ ਵਿਚ ਨਿਕਲ ਕੇ ਚਲੇ ਗਏ। ਚਾਲੀ ਤੋਂ ਵੱਧ ਵਿਦਿਆਰਥੀ ਅਤੇ ਅਧਿਆਪਕਾਂ ਦੇ ਉਹਨਾਂ ਨੇ ਸਿਰ ਪਾੜੇ, ਪਰ ਪੁਲਿਸ ਮੂਕ ਦਰਸ਼ਕ ਬਣ ਕੇ ਸਭ ਕੁੱਝ ਦੇਖਦੀ ਰਹੀ। ਭਾਜਪਾ ਦੇ ਵਿਦਿਆਰਥੀ ਵਿੰਗ ਏ ਬੀ ਵੀ ਪੀ ਦੇ ਕਾਰਕੁੰਨਾਂ ਵੱਲੋਂ ਗੁੰਡਿਆਂ ਨੂੰ ਕੈਂਪਸ ਵਿਚ ਬੁਲਾਏ ਜਾਣ ਦੇ ਸਬੂਤ ਵੱਟਸਐਪ ਅਤੇ ਹੋਰ ਸਾਧਨਾਂ ਤੋਂ ਮੀਡੀਆ ਨੂੰ ਮਿਲ ਗਏ ਹਨ, ਉਹਨਾਂ ਦਾ ਪ੍ਰਸਾਰਣ ਵੀ ਹੋ ਗਿਆ ਹੈ। ਜੇ ਐਨ ਯੂ ਦੀ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਆਇਸੇ ਘੋਸ਼ ਦੇ ਬੁਰੀ ਤਰ੍ਹਾਂ ਜ਼ਖਮੀ ਹੋਣ ਦੇ ਬਾਵਜੂਦ ਵੀ ਪੁਲਿਸ ਨੇ ਉਸਦੇ ਖਿਲਾਫ ਅਤੇ ਹੋਰ ਕਈ ਖੱਬੇ ਪੱਖੀ ਵਿਦਿਆਰਥੀਆਂ ਵਿਰੁੱਧ ਐਫ ਆਰ ਆਈ ਦਰਜ ਕਰ ਦਿੱਤੀ ਹੈ, ਜਦੋਂ ਕਿ ਹਮਲਾਵਰ ਗੁੰਡੇ ਆਰਾਮ ਨਾਲ ਬਾਹਰ ਘੁੰਮਦੇ ਫਿਰ ਰਹੇ ਹਨ।
ਅਸੀਂ ਘੱਟਗਿਣਤੀਆਂ, ਦਲਿਤਾਂ ਅਤੇ ਜਮਹੂਰੀਅਤ ਪਸੰਦ ਭਾਰਤੀਆਂ ਨੂੰ ਅਪੀਲ ਕਰਦੇ ਹਾਂ ਕਿ ਹਿੰਦੂਤਵ ਹਾਕਮਾਂ ਦੀ ਤਾਨਾਸ਼ਾਹੀ ਵਿਰੁੱਧ ਡਟ ਜਾਣ, ਨਹੀਂ ਤਾਂ ਦੇਸ਼ ਦਾ ਬਚਿਆ-ਖੁਚਿਆ ਲੋਕਤੰਤਰ ਛੇਤੀ ਹੀ ਰੁਲ ਜਾਵੇਗਾ ਅਤੇ ਸਮਾਜ ਵਿਚ ਵੰਡੀਆਂ ਪੈ ਕੇ ਦੇਸ਼ ਮੁੜ 1947 ਵਰਗੇ ਖੂਨ ਖਰਾਬੇ ਵਿਚ ਧਸ ਜਾਵੇਗਾ।
ਇਸ ਮੌਕੇ ਗੁਰਤੇਜ ਸਿੰਘ, ਡਾ. ਗੁਰਦਰਸ਼ਨ ਸਿੰਘ, ਪ੍ਰੋ.ਮਨਜੀਤ ਸਿੰਘ, ਡਾ. ਪਿਆਰੇ ਲਾਲ ਗਰਗ, ਜਸਪਾਲ ਸਿੰਘ ਸਿੱਧੂ, ਗੁਰਪ੍ਰੀਤ ਸਿੰਘ (ਗਲੋਬਲ ਸਿੱਖ ਕੌਂਸਲ), ਡਾ. ਖੁਸ਼ਹਾਲ ਸਿੰਘ, ਮੁਹੰਮਦ ਸਾਦਿਕ ਸ਼ੇਖ (ਮੁਸਲਿਮ ਵੈਲਫੇਅਰ ਸੋਸਾਇਟੀ), ਮੌਲਾਨਾ ਇਮਰਾਨ ਮੁਜੱਦਿਦੀ, ਮੁਫਤੀ ਮੁਹੰਮਦ ਅਨਾਸ ਕਾਸਮੀ, ਹਾਜੀ ਮੁਹੰਮਦ ਯੂਨਸ, ਹਾਫਿਜ਼ ਮੁਹੰਮਦ ਖਾਲਿਦ, ਕਿਸ਼ਨ ਕੁਮਾਰ (ਬਹੁਜਨ ਕ੍ਰਾਂਤੀ ਮੋਰਚਾ) ਸ਼ਾਮਲ ਸਨ।