gs

ਸਿੱਖ ਖਬਰਾਂ

ਜੇਕਰ ਬੰਦੀ ਸਿੰਘਾਂ ਦੀ ਰਿਹਾਈ ਲਈ ਜੱਥੇਦਾਰ ਅਕਾਲ ਤਖਤ ਕੁਝ ਨਹੀਂ ਕਰ ਸਕਦੇ ਤਾਂ ਅਸਤੀਫਾ ਦੇਣ: ਭਾਈ ਗੁਰਬਖਸ਼ ਸਿੰਘ ਖਾਲਸਾ

By ਸਿੱਖ ਸਿਆਸਤ ਬਿਊਰੋ

January 05, 2015

ਅੰਬਾਲਾ (4 ਜਨਵਰੀ, 2015): ਅਦਾਲਤਾਂ ਵੱਲੋਂ ਦਿੱਤੀਆਂ ਸਜ਼ਾਵਾਂ ਭੁਗਤਣ ਤੋਂ ਬਾਅਦ ਵੀ ਰਿਹਾਅ ਨਾ ਕੀਤੇ ਜਾ ਰਹੇ ਭਾਰਤ ਦੀਆਂ ਵੱਖ-ਵੱਖ ਜੇਲਾਂ ਵਿੱਚ ਬੰਦ ਸਿੱਖ ਸਿਆਰੀ ਕੈਦੀਆਂ ਦੀ ਰਿਹਾਈ ਲਈ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਦੀ ਭੁੱਖ ਹੜਤਾਲ ਨੂੰ ਅੱਜ 52 ਦਿਨ ਹੋ ਗਏ ਹਨ ਅਤੇ ਉਨ੍ਹਾਂ ਦੀ ਸਿਹਤ ਹੋਰ ਵਿਗੜ ਗਈ ਹੈ। ਹੁਣ ਤਕ ਉਨ੍ਹਾਂ ਦਾ 20 ਕਿੱਲੋ ਵਜ਼ਨ ਘਟ ਚੁੱਕਾ ਹੈ ਅਤੇ ਭੁੱਖ ਹੜਤਾਲ ਦਾ ਅਸਰ ਉਨ੍ਹਾਂ ਦੇ ਅੰਦਰੂਨੀ ਅੰਗਾਂ ਉਤੇ ਵੀ ਪੈ ਰਿਹਾ ਹੈ।

 

ਭਾਈ ਖ਼ਾਲਸਾ ਦੇ ਪ੍ਰੈਸ ਸਕੱਤਰ ਗੁਰਪ੍ਰੀਤ ਸਿੰਘ ਗੁਰੀ ਨੇ ਦੱਸਿਆ ਕਿ ਅੱਜ ਭਾਈ ਗੁਰਬਖ਼ਸ਼ ਸਿੰਘ ਨੂੰ ਮਿਲਣ ਲਈ ਆਮ ਆਦਮੀ ਪਾਰਟੀ ਦੇ ਆਗੂ ਅਤੇ ਸੁਪਰੀਮ ਕੋਰਟ ਦੇ ਵਕੀਲ ਐਚ.ਐਸ ਫੂਲਕਾ ਅਤੇ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ‘ਆਪ’ ਦੇ ਮੈਂਬਰ ਪਾਰਲੀਮੈਂਟ ਹਰਿੰਦਰ ਸਿੰਘ ਖ਼ਾਲਸਾ ਪਹੁੰਚੇ ਸਨ। ਸ੍ਰੀ ਫੂਲਕਾ ਨੇ ਕਿਹਾ ਕਿ ਪੰਜਾਬ ਸਰਕਾਰ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਨੂੰ ਨਾ ਛੱਡਣ ਲਈ ਬਹਾਨੇ ਘੜ ਰਹੀ ਹੈ ਅਤੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ।

ਇਸ ਮੌਕੇ ਭਾਈ ਖ਼ਾਲਸਾ ਨੇ ਕਿਹਾ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਗੁਰਬਚਨ ਸਿੰਘ ਨੂੰ ਫੂਲਕਾ ਸਾਹਿਬ ਦੀ ਆਖੀ ਗੱਲ ਸਮਝ ਲੈਣੀ ਚਾਹੀਦੀ ਹੈ ਅਤੇ ਕੌਮ ਨੂੰ ਗੁਮਰਾਹ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਜੇ ਉਹ ਇਸ ਮੁੱਦੇ ’ਤੇ ਕੁਝ ਨਹੀਂ ਕਰ ਸਕਦੇ ਤਾਂ ਉਨ੍ਹਾਂ (ਜਥੇਦਾਰ ਸਾਹਿਬ) ਨੂੰ ਅਸਤੀਫ਼ਾ ਦੇ ਕੇ ਘਰ ਬੈਠਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਭਾਈ ਰਾਜੋਆਣਾ ਦੀ ਫਾਂਸੀ ਰੁਕਵਾ ਸਕਦੀ ਹੈ ਤਾਂ ਇਨ੍ਹਾਂ ਸਜ਼ਾਵਾਂ ਭੁਗਤ ਚੁੱਕੇ ਕੈਦੀਆਂ ਦੀ ਰਿਹਾਈ ਸਰਕਾਰ ਲਈ ਕੋਈ ਮੁਸ਼ਕਲ ਗੱਲ ਨਹੀਂ ਹੋਣੀ ਚਾਹੀਦੀ।

ਪੰਜਾਬ ਸਰਕਾਰ ਧਾਰਾ 161 ’ਤੇ ਰੋਕ ਦਾ ਬਹਾਨਾ ਬਣਾ ਕੇ ਇਸ ਮੁੱਦੇ ਤੋਂ ਆਪਣਾ ਪੱਲਾ ਝਾੜ ਰਹੀ ਹੈ ਜਦੋਂਕਿ ਇਸ ਨਾਲ ਇਨ੍ਹਾਂ ਸਜ਼ਾਵਾਂ ਭੁਗਤ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ’ਤੇ ਕੋਈ ਖ਼ਾਸ ਅਸਰ ਪੈਣਾ ਵਾਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਕਈ ਹਮਾਇਤੀ ਵੀ ਉਮਰ ਕੈਦ ਸਬੰਧੀ ਆਮ ਲੋਕਾਂ ਨੂੰ ਭੰਬਲਭੂਸੇ ਵਿੱਚ ਪਾ ਰਹੇ ਹਨ ਭਾਈ ਖ਼ਾਲਸਾ ਜਿਨ੍ਹਾਂ ਸਿੱਖ ਕੈਦੀਆਂ ਦੀ ਰਿਹਾਈ ਲਈ ਭੁੱਖ ਹੜਤਾਲ ’ਤੇ ਬੈਠੇ ਹਨ ਉਹ ਸਾਰੇ 20 ਸਾਲ ਤੋਂ ਉੱਪਰ ਸਜ਼ਾ ਭੁਗਤ ਚੁੱਕੇ ਹਨ।

ਸ੍. ਫੂਲਕਾ ਨੇ ਕਿਹਾ ਕਿ ਨਾਭਾ ਜੇਲ੍ਹ ਵਿੱਚ ਨਜ਼ਰਬੰਦ ਭਾਈ ਲਾਲ ਸਿੰਘ ਦੇ ਕੇਸ ਸਬੰਧੀ ਉਹ ਗੁਜਰਾਤ ਦੇ ਰਾਜਪਾਲ ਨੂੰ ਪੱਤਰ ਲਿਖ ਚੁੱਕੇ ਹਨ ਜਿਸ ਦੇ ਜਵਾਬ ਵਿੱਚ ਰਾਜਪਾਲ ਨੇ ਲਿਖਿਆ ਹੈ ਕਿ ਭਾਈ ਲਾਲ ਸਿੰਘ ਦੇ ਮਾਮਲੇ ਨਾਲ ਗੁਜਰਾਤ ਸਰਕਾਰ ਦਾ ਸਬੰਧ ਨਹੀਂ, ਪੰਜਾਬ ਸਰਕਾਰ ਹੀ ਇਸ ਮਾਮਲੇ ’ਤੇ ਕਾਰਵਾਈ ਕਰ ਸਕਦੀ ਹੈ।

ਮੈਂਬਰ ਪਾਰਲੀਮੈਂਟ ਹਰਿੰਦਰ ਸਿੰਘ ਖ਼ਾਲਸਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਭਾਈ ਖ਼ਾਲਸਾ ਦੀਆਂ ਮੰਗਾਂ ਦਾ ਸਮਰਥਨ ਕਰਦੀ ਹੈ। ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਵੀ ਭਾਈ ਖ਼ਾਲਸਾ ਨੂੰ ਮਿਲਣ ਪਹੁੰਚੇ। ਬਾਬਾ ਬਲਜੀਤ ਸਿੰਘ ਦਾਦੂਵਾਲ ਦੂਜੀ ਵਾਰ ਭਾਈ ਖ਼ਾਲਸਾ ਨੂੰ ਮਿਲਣ ਪਹੁੰਚੇ। ਬਾਬਾ ਦਾਦੂਵਾਲ ਨੇ ਆਪਣੇ ਸਮਰਥਕਾਂ ਨੂੰ ਬੇਨਤੀ ਕੀਤੀ ਕਿ ਉਹ 7 ਜਨਵਰੀ ਨੂੰ ਭਾਈ ਖ਼ਾਲਸਾ ਵੱਲੋਂ ਦਿੱਤੇ ਸੱਦੇ ਅਨੁਸਾਰ ਕਾਲੇ ਝੰਡੇ ਲੈ ਕੇ ਰੋਸ ਪ੍ਰਦਰਸ਼ਨ ਕਰਨ ਅਤੇ ਮੰਗ ਪੱਤਰ ਦੇਣ ਦੇ ਪ੍ਰੋਗਰਾਮ ਦਾ ਹਿੱਸਾ ਬਣਨ। ਸੰਤ ਜਰਨੈਲ ਸਿੰਘ ਭਿਡਰਾਂਵਾਲਿਆਂ ਦੇ ਭਰਾ ਕੈਪਟਨ ਹਰਚਰਨ ਸਿੰਘ ਰੋਡੇ ਵੀ ਭਾਈ ਖ਼ਾਲਸਾ ਨੂੰ ਮਿਲਣ ਪਹੁੰਚੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: