Site icon Sikh Siyasat News

ਜੇ ਬਾਦਲ ਮੇਰੇ ਨਾਲ ਮੁਲਾਕਾਤ ਕਰਕੇ ਅੱਤਵਾਦੀ ਨਹੀਂ ਬਣੇ ਤਾਂ ਕੇਜਰੀਵਾਲ ਕਿਵੇਂ ਬਣ ਗਿਆ: ਮੋਹਕਮ ਸਿੰਘ

ਚੰਡੀਗੜ੍ਹ: ਯੂਨਾਈਟਿਡ ਅਕਾਲੀ ਦਲ ਪੰਜਾਬ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਦੋ-ਤਿੰਨ ਮੁਲਾਕਾਤਾਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਬਾਦਲਾਂ ਨੂੰ ਮਿਲਣਾ ਗੁਨਾਹ ਨਹੀਂ ਹੈ ਤਾਂ ਫਿਰ ਕੇਜਰੀਵਾਲ ਨਾਲ ਮੁਲਾਕਾਤ ਕਰਨੀ ਵੀ ਕੋਈ ਪਾਪ ਨਹੀਂ ਹੈ। ਭਾਈ ਮੋਹਕਮ ਸਿੰਘ ਨੇ ਪਾਰਟੀ ਦੀ ਹੋਈ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਕਿਹਾ ਕਿ ਜੇਕਰ ਦੋਵੇਂ ਬਾਦਲ ਉਨ੍ਹਾਂ ਨੂੰ ਮਿਲ ਕੇ ਅਤਿਵਾਦੀ ਨਹੀਂ ਹੋਏ ਤਾਂ ਫਿਰ ਕੇਜਰੀਵਾਲ ਨਾਲ ਉਨ੍ਹਾਂ ਦੀ ਮੁਲਾਕਾਤ ਨੂੰ ਖ਼ਾਲਿਸਤਾਨ ਨਾਲ ਜੋੜਣ ਦੀ ਕੀ ਤੁਕ ਹੈ।

ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਤੇ ਸਕੱਤਰ ਜਨਰਲ ਗੁਰਦੀਪ ਸਿੰਘ ਪੱਤਰਕਾਰਾਂ ਨੂੰ ਸੰਬੋਧਨ ਹੁੰਦੇ ਹੋਏ

ਦੱਸਣਯੋਗ ਹੈ ਕਿ ਸੁਖਬੀਰ ਬਾਦਲ ਨੇ ਕੱਲ੍ਹ ਦੋਸ਼ ਲਾਇਆ ਸੀ ਕਿ ਕੇਜਰੀਵਾਲ ਨੇ ਭਾਈ ਮੋਹਕਮ ਸਿੰਘ ਨਾਲ ਮੀਟਿੰਗ ਕਰਕੇ ਖ਼ਾਲਿਸਤਾਨੀਆਂ ਨੂੰ ਸ਼ਹਿ ਦਿੱਤੀ ਹੈ। ਭਾਈ ਮੋਹਕਮ ਸਿੰਘ ਨੇ ਦੱਸਿਆ ਕਿ ਉਹ ਪਿੰਡ ਬਾਦਲ ਅਤੇ ਚੰਡੀਗੜ੍ਹ ਵਿੱਚ ਦੋਵਾਂ ਬਾਦਲਾਂ ਨਾਲ ਕਈ ਮੀਟਿੰਗਾਂ ਕਰ ਚੁੱਕੇ ਹਨ। ਉਨ੍ਹਾਂ ਸਵਾਲ ਕੀਤਾ ਕਿ ਕੀ ਉਨ੍ਹਾਂ (ਸਰਬੱਤ ਖ਼ਾਲਸਾ ਦੇ ਸਮੱਰਥਕਾਂ) ਨਾਲ ਮੀਟਿੰਗਾਂ ਕਰਕੇ ਬਾਦਲਾਂ ਨੇ ਖ਼ਾਲਿਸਤਾਨ ਨੂੰ ਸ਼ਹਿ ਦਿੱਤੀ ਹੈ।

ਭਾਈ ਮੋਹਕਮ ਸਿੰਘ ਨੇ ਕੇਜਰੀਵਾਲ ਨੂੰ ਕਿਹਾ ਕਿ ਉਹ ਪੰਥ, ਪੰਜਾਬ, ਘੱਟਗਿਣਤੀਆਂ ਅਤੇ ਫੈਡਰਲਿਜ਼ਮ ਉਪਰ ਆਪਣੀ ਨੀਤੀ ਸਪੱਸ਼ਟ ਕਰਨ ਅਤੇ ਇਸ ਤੋਂ ਬਾਅਦ ਹੀ ‘ਆਪ’ ਨਾਲ ਕੋਈ ਚੋਣ ਸਮਝੌਤਾ ਸੰਭਵ ਹੈ। ਪਾਰਟੀ ਦੇ ਸਕੱਤਰ ਭਾਈ ਗੁਰਦੀਪ ਸਿੰਘ ਬਠਿੰਡਾ ਨੇ ਸਮੁੱਚੀ ਕੋਰ ਕਮੇਟੀ ਸਮੇਤ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਸਪੱਸ਼ਟ ਕੀਤਾ ਕਿ ਉਹ ਖ਼ਾਲਿਸਤਾਨ ਦੇ ਹਮਾਇਤੀ ਨਹੀਂ ਹਨ ਅਤੇ ਪੰਜਾਬੀਆਂ ਦੀ ਸੰਪੂਰਨ ਏਕਤਾ ਦੇ ਆਧਾਰ ’ਤੇ ਸੰਵਿਧਾਨਕ ਢੰਗ ਨਾਲ ਸਿੱਖਾਂ ਲਈ ਵਿਸ਼ੇਸ਼ ਅਧਿਕਾਰਾਂ ਵਾਲੇ ਖਿੱਤੇ ਦੀ ਮੰਗ ਨੂੰ ਲੈ ਕੇ ਸੰਘਰਸ਼ਸ਼ੀਲ ਹਨ। ਉਨ੍ਹਾਂ ਦੋਸ਼ ਲਾਇਆ ਕਿ ਦੋਵੇਂ ਬਾਦਲ ਅਤੇ ਉਨ੍ਹਾਂ ਦੇ ਨਜ਼ਦੀਕੀ ਮੰਤਰੀ ਬਿਕਰਮ ਸਿੰਘ ਮਜੀਠੀਆ ਸਰਬੱਤ ਖ਼ਾਲਸਾ ਵੱਲੋਂ ਥਾਪੇ ਜਥੇਦਾਰਾਂ ਅਤੇ ਇਸ ਨਾਲ ਜੁੜੀਆਂ ਪੰਥਕ ਜਥੇਬੰਦੀਆਂ ਨੂੰ ਆਈਐਸਆਈ ਅਤੇ ਖ਼ਾਲਿਸਤਾਨ ਨਾਲ ਜੋੜ ਕੇ ਪੂਰੀ ਤਰ੍ਹਾਂ ਕੁਫਰ ਤੋਲ ਰਹੇ ਹਨ।

ਉਨ੍ਹਾਂ ਖ਼ੁਲਾਸਾ ਕੀਤਾ ਕਿ ਬਸਪਾ ਪੰਜਾਬ ਦੇ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨਾਲ ਚੋਣ ਸਮਝੌਤੇ ਬਾਰੇ ਉਨ੍ਹਾਂ ਦੀ ਗੱਲ ਹੋ ਗਈ ਹੈ ਪਰ ਅੰਤਿਮ ਫੈਸਲਾ ਪਾਰਟੀ ਦੀ ਪ੍ਰਧਾਨ ਮਾਇਆਵਤੀ ਵੱਲੋਂ ਹੀ ਲਿਆ ਜਾਵੇਗਾ। ਕੋਰ ਕਮੇਟੀ ਦੀ ਮੀਟਿੰਗ ਵਿੱਚ ਡਾ. ਭਗਵਾਨ ਸਿੰਘ, ਗੁਰਨਾਮ ਸਿੰਘ ਸਿੱਧੂ, ਬਹਾਦਰ ਸਿੰਘ ਰਾਹੋਂ, ਜਤਿੰਦਰ ਸਿੰਘ ਈਸੜੂ, ਸਤਨਾਮ ਸਿੰਘ ਮਨਾਵਾਂ, ਵੱਸਣ ਸਿੰਘ ਜੱਫਰਵਾਲ, ਪ੍ਰਸ਼ੋਤਮ ਸਿੰਘ ਫੱਗੂਵਾਲਾ, ਬੀਬੀ ਪ੍ਰੀਤਮ ਕੌਰ, ਜਸਵਿੰਦਰ ਸਿੰਘ ਬਰਾੜ, ਬਾਬਾ ਰੇਸ਼ਮ ਸਿੰਘ, ਜਸਵਿੰਦਰ ਸਿੰਘ ਘੋਲੀਆ, ਡਾ. ਅਨਵਰ ਅਹਿਮਦ, ਸੀਤਾ ਰਾਮ ਦੀਪਕ ਆਦਿ ਮੌਜੂਦ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version