ਨਵੀਂ ਦਿੱਲੀ: ਇੰਗਲੈਂਡ ’ਚ ਪਹਿਲੇ ਸਿੱਖ ਸਾਂਸਦ ਬਣੇ ਤਨਮਨਜੀਤ ਸਿੰਘ ਢੇਸੀ ਦਾ ਮੰਗਲਵਾਰ (1 ਅਗਸਤ) ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ। ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕਮੇਟੀ ਦਫ਼ਤਰ ਵਿਖੇ ਪੁੱਜੇ ਢੇਸੀ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼ਾਲ, ਕ੍ਰਿਪਾਨ ਅਤੇ ਕਿਤਾਬਾਂ ਦਾ ਸੈਟ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਸ. ਢੇਸੀ ਦਾ ਸਨਮਾਨ ਕਰਨ ਵਾਲਿਆਂ ‘ਚ ਬਾਦਲ ਦਲ ਦੇ ਸੰਸਦ ਮੈਂਬਰ ਬਲਵਿੰਦਰ ਸਿੰਘ ਭੂੰਦੜ, ਭਾਜਪਾ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ, ਦਿੱਲੀ ਕਮੇਟੀ ਦੇ ਪਰਮਜੀਤ ਸਿੰਘ ਰਾਣਾ ਅਤੇ ਭਾਜਪਾ ਆਗੂ ਆਰ.ਪੀ. ਸਿੰਘ ਆਦਿ ਸ਼ਾਮਲ ਸਨ।
ਇਸ ਮੌਕੇ ਸ. ਢੇਸੀ ਨੇ ਕਿਹਾ ਕਿ ਬਤੌਰ ਸਿੱਖ ਉਹ ਬਰਤਾਨੀਆ, ਪੰਜਾਬ ਅਤੇ ਸਾਰੀ ਦੁਨੀਆਂ ‘ਚ ਸਿੱਖ ਮਸਲਿਆਂ ’ਤੇ ਡੱਟ ਕੇ ਕੌਮ ਦੀ ਅਵਾਜ਼ ਬਣਨ ਦਾ ਭਰੋਸਾ ਦਿੰਦੇ ਹਨ। ਢੇਸੀ ਨੇ ਉਨ੍ਹਾਂ ਨੂੰ ਸਾਂਸਦ ਬਣਾਉਣ ’ਚ ਸਹਿਯੋਗ ਦੇਣ ਵਾਲੇ ਸਮੂਹ ਪੰਜਾਬੀਆਂ ਦਾ ਧੰਨਵਾਦ ਕੀਤਾ।