ਨਵੀਂ ਦਿੱਲੀ: ਕਾਰਗਿਲ ’ਚ ਮਾਰੇ ਗਏ ਕੈਪਟਨ ਮਨਦੀਪ ਸਿੰਘ ਦੀ ਪੁੱਤਰੀ ਗੁਰਮਿਹਰ ਕੌਰ ਨੇ ਦਾਅਵਾ ਕੀਤਾ ਹੈ ਕਿ ਉਸ ਵੱਲੋਂ ਸੋਸ਼ਲ ਮੀਡੀਆ ’ਤੇ ਆਰਐਸਐਸ ਦੇ ਵਿਦਿਆਰਥੀ ਵਿੰਗ ਖ਼ਿਲਾਫ਼ ਮੁਹਿੰਮ ਛੇੜੇ ਜਾਣ ਬਾਅਦ ਏਬੀਵੀਪੀ ਮੈਂਬਰਾਂ ਵੱਲੋਂ ਉਸ ਨੂੰ ‘ਬਲਾਤਕਾਰ’ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਗੁਰਮਿਹਰ ਨੇ ਇਸ ਬਾਰੇ ਦਿੱਲੀ ਔਰਤ ਕਮਿਸ਼ਨ (ਡੀਸੀਡਬਲਿਊ) ਕੋਲ ਪਹੁੰਚ ਕੀਤੀ ਹੈ। ਰਾਮਜਸ ਕਾਲਜ ਵਿੱਚ ਹਿੰਸਾ ਬਾਅਦ ਦਿੱਲੀ ਯੂਨੀਵਰਸਿਟੀ ਦੀ 24 ਸਾਲਾ ਵਿਦਿਆਰਥਣ ਨੇ ‘ਮੈਂ ਏਬੀਵੀਪੀ ਤੋਂ ਨਹੀਂ ਡਰਦੀ’ ਮੁਹਿੰਮ ਛੇੜੀ ਸੀ, ਜਿਸ ਨੂੰ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਤੋਂ ਹਮਾਇਤ ਮਿਲ ਰਹੀ ਹੈ। ਗੁਰਮਿਹਰ ਦੀ ਸ਼ਿਕਾਇਤ ਮਿਲਣ ਦੀ ਪੁਸ਼ਟੀ ਕਰਦਿਆਂ ਡੀਸੀਡਬਲਿਊ ਦੀ ਮੁਖੀ ਸਵਾਤੀ ਮਾਲੀਵਾਲ ਨੇ ਕਿਹਾ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਕਮਿਸ਼ਨ ਨੂੰ ਕੀਤੀ ਸ਼ਿਕਾਇਤ ਵਿੱਚ ਗੁਰਮਿਹਰ ਨੇ ਕਿਹਾ ਕਿ ਉਸ ਨੇ ਸੋਸ਼ਲ ਮੀਡੀਆ ’ਤੇ ਰਾਮਜਸ ਕਾਲਜ ਦੀ ਘਟਨਾ ਨੂੰ ‘ਰਾਸ਼ਟਰਵਾਦ ਦੇ ਨਾਂ ਉਤੇ ਹਿੰਸਾ’ ਦੱਸਦਿਆਂ ਇਸ ਦੀ ਨਿੰਦਾ ਕੀਤੀ ਸੀ। ਇਸ ਬਾਅਦ ਏਬੀਵੀਪੀ ਦੇ ਮੈਂਬਰਾਂ ਨੇ ਉਸ ਨੂੰ ਸੋਸ਼ਲ ਮੀਡੀਆ ’ਤੇ ‘ਬਲਾਤਕਾਰ’ ਦੀਆਂ ਧਮਕੀਆਂ ਦਿੱਤੀਆਂ ਹਨ। ਗੁਰਮਿਹਰ ਨੇ ਪਿਛਲੇ ਹਫ਼ਤੇ ਫੇਸਬੁੱਕ ਉਤੇ ਆਪਣੀ ਪ੍ਰੋਫਾਈਲ ਤਸਵੀਰ ਲਾਈ ਸੀ, ਜਿਸ ਵਿੱਚ ਉਹ ਇਕ ਤਖ਼ਤੀ ਫੜੀ ਖੜ੍ਹੀ ਹੈ, ਜਿਸ ’ਤੇ ਲਿਖਿਆ ਸੀ ‘ਮੈਂ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਹਾਂ। ਮੈਂ ਏਬੀਵੀਪੀ ਤੋਂ ਨਹੀਂ ਡਰਦੀ। ਮੈਂ ਇਕੱਲੀ ਨਹੀਂ ਹਾਂ।’
ਇਸ ਦੌਰਾਨ ਗੁਰਮਿਹਰ ’ਤੇ ਨਿਸ਼ਾਨਾ ਸੇਧਦਿਆਂ ਕਰਨਾਟਕ ਤੋਂ ਭਾਜਪਾ ਦੇ ਸੰਸਦ ਮੈਂਬਰ ਪ੍ਰਤਾਪ ਸਿਮਹਾ ਨੇ ਟਵੀਟ ਕੀਤਾ, ‘ਘੱਟੋ ਘੱਟ ਦਾਊਦ ਆਪਣੇ ਦੇਸ਼ ਵਿਰੋਧੀ ਸਟੈਂਡ ਨੂੰ ਜਾਇਜ਼ ਠਹਿਰਾਉਣ ਲਈ ਆਪਣੇ ਪਿਉ ਦੇ ਨਾਂ ਦੀਆਂ ਫਹੁੜੀਆਂ ਨਹੀਂ ਵਰਤਦਾ।’ ਭਾਜਪਾ ਆਗੂ ਨੇ ਇਸ ਨਾਲ ਫੋਟੋ ਵੀ ਪੋਸਟ ਕੀਤੀ, ਜਿਸ ’ਚ ਦਾਊਦ ਦੀ ਫੋਟੋ ’ਤੇ ਸੰਦੇਸ਼ ਹੈ, ‘1993 ’ਚ ਮੈਂ ਲੋਕਾਂ ਨੂੰ ਨਹੀਂ ਮਾਰਿਆ। ਬੰਬਾਂ ਨੇ ਉਨ੍ਹਾਂ ਦੀ ਜਾਨ ਲਈ ਹੈ।’ ਰਿਜਿਜੂ ਨੇ ਵੀ ਟਵੀਟ ਕੀਤਾ, ‘ਇਸ ਕੁੜੀ ਦਾ ਦਿਮਾਗ ਕੌਣ ਖ਼ਰਾਬ ਕਰ ਰਿਹਾ ਹੈ? ਮਜ਼ਬੂਤ ਹਥਿਆਰਬੰਦ ਬਲ ਜੰਗ ਤੋਂ ਪਰਹੇਜ਼ ਕਰਦੇ ਹਨ। ਭਾਰਤ ਨੇ ਕਦੇ ਕਿਸੇ ’ਤੇ ਹਮਲਾ ਨਹੀਂ ਕੀਤਾ ਪਰ ਇਕ ਕਮਜ਼ੋਰ ਭਾਰਤ ਉਤੇ ਹਮੇਸ਼ਾ ਹਮਲੇ ਹੋਏ ਹਨ।’ ਬਾਅਦ ’ਚ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਕਿਸੇ ਨੂੰ ਅਜਿਹੀ ਗੱਲ ਨਹੀਂ ਕਰਨੀ ਚਾਹੀਦੀ ਜਿਸ ਨਾਲ ਦੇਸ਼ ਵਾਸੀਆਂ ਤੇ ਫ਼ੌਜ ਦਾ ਹੌਸਲਾ ਢਹਿੰਦਾ ਹੋਵੇ।
ਸਬੰਧਤ ਖ਼ਬਰ:
ਪੂਣੇ ਯੂਨੀਵਰਸਿਟੀ: ਅਖਿਲ ਭਾਰਤੀ ਵਿਦਿਆਰਥੀ ਪਰੀਸ਼ਦ ਅਤੇ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ‘ਚ ਟਕਰਾਅ …
ਗੁਰਮਿਹਰ ਦੇ ਹੱਕ ’ਚ ਖੜ੍ਹਦਿਆਂ ਕਾਂਗਰਸ ਦੇ ਤਰਜਮਾਨ ਮਨੀਸ਼ ਤਿਵਾੜੀ ਨੇ ਕਿਹਾ, ‘ਕੋਈ ਵਿਅਕਤੀ ਜੋ ਸੋਚਦਾ ਹੈ ਤੁਸੀਂ ਉਸ ਨੂੰ ਪਸੰਦ ਨਹੀਂ ਕਰ ਸਕਦੇ ਪਰ ਬੇਹੂਦਾ ਧਮਕੀਆਂ ਅਤੇ ਟਰੌਲਿੰਗ ਕਾਰਕੁਨਾਂ ਤੋਂ ਭੜਾਸ ਕਢਵਾਉਣਾ, ਜਿਨ੍ਹਾਂ ਦਾ ਪ੍ਰਧਾਨ ਮੰਤਰੀ ਵੀ ਮੁਰੀਦ ਹੈ। ਇਹ ਸਰਕਾਰੀ ਧੌਂਸ ਦਾ ਸਭ ਤੋਂ ਮਾੜਾ ਹਥਿਆਰ ਹੈ। ਪਰ ਜਮਹੂਰੀਅਤ ਤੇ ਜਮਹੂਰੀ ਮੁਲਕ ਇਸ ਤਰ੍ਹਾਂ ਕੰਮ ਨਹੀਂ ਕਰਦੇ।’ ਗੁਰਮਿਹਰ ਦੀ ਧਮਕੀ ਬਾਰੇ ਵੀਡੀਓ ਪੋਸਟ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ, ‘ਇਹ ਭਾਜਪਾ ਹੈ। ਇਹ ਸਾਡੇ ਮੁਲਕ ਨੂੰ ਤਬਾਹ ਕਰ ਦੇਣਗੇ। ਸਾਰਿਆਂ ਨੂੰ ਇਸ ਗੁੰਡਾਵਾਦ ਖ਼ਿਲਾਫ਼ ਖੜ੍ਹਨਾ ਚਾਹੀਦਾ ਹੈ।’ ‘ਆਪ’ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰ ਆਤਿਸ਼ੀ ਮਾਰਲੇਨਾ ਨੇ ਰਿਜਿਜੂ ਦੇ ਟਵੀਟ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ, ‘ਕੌਣ ਕੀਹਦਾ ਦਿਮਾਗ ਭ੍ਰਿਸ਼ਟ ਕਰ ਰਿਹਾ ਹੈ? ਏਬੀਵੀਪੀ ਵੱਲੋਂ ਸੋਸ਼ਲ ਮੀਡੀਆ ਰਾਹੀਂ ਔਰਤਾਂ ਨੂੰ ਬਲਾਤਕਾਰ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਗ੍ਰਹਿ ਰਾਜ ਮੰਤਰੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਔਰਤਾਂ ਨੂੰ ਅਜਿਹੀਆਂ ਧਮਕੀਆਂ ਮਿਲਣ ਤਾਂ ਉਸ ਦੀਆਂ ਕੀ ਤਰਜੀਹਾਂ ਹੋਣੀਆਂ ਚਾਹੀਦੀਆਂ ਹਨ।’
ਸੀਪੀਆਈ (ਐਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਕਿਹਾ, ‘ਆਰਐਸਐਸ ਤੇ ਇਸ ਦੀਆਂ ਸਾਰੀਆਂ ਜਥੇਬੰਦੀਆਂ ਦਾ ਇਹ ਅਸਲ ਸੱਭਿਆਚਾਰ ਹੈ। ਉਹ ਵਿਚਾਰਾਂ ਦੀ ਬਹੁਲਤਾ ਨੂੰ ਆਗਿਆ ਨਹੀਂ ਦੇਣਗੇ। ਇਹ ਫਾਸ਼ੀਵਾਦੀ ਬਿਰਤੀ ਹੈ।’ ਸਾਬਕਾ ਅਟਾਰਨੀ ਜਨਰਲ ਸੋਲੀ ਸੋਰਾਬਜੀ ਨੇ ਕਿਹਾ, ‘ਤੁਸੀਂ ਔਰਤਾਂ ਨੂੰ ਅਜਿਹੀਆਂ ਧਮਕੀਆਂ ਨਹੀਂ ਦੇ ਸਕਦੇ। ਇਹ ਸ਼ਰਮਨਾਕ ਹੈ ਅਤੇ ਇਸ ਖ਼ਿਲਾਫ਼ ਕਰੜੀ ਕਾਰਵਾਈ ਹੋਣੀ ਚਾਹੀਦੀ ਹੈ।’
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
I Got Rape Threats For Calling Out ABVP, says DU Student Gurmehar Kaur …