Site icon Sikh Siyasat News

ਝੂਠੇ ਮੁਕਾਬਲਿਆਂ ਦੇ ਦੋਸ਼ੀਆਂ ਦਾ ਸਨਮਾਨ, ਸਿੱਖਾਂ ਅਤੇ ਮਨੁੱਖਤਾ ਦਾ ਅਪਮਾਨ: ਮਨੁੱਖੀ ਹੱਕ ਜਥੇਬੰਦੀਆਂ


ਤਰਨਤਾਰਨ: ਮਨੁੱਖੀ ਹੱਕਾਂ ਦੀ ਰਾਖੀ ਲਈ ਸਰਗਰਮ ਜਥੇਬੰਦੀਆਂ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ, ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਝੂਠੇ ਮੁਕਾਬਲਿਆਂ ਦੇ ਦੋਸ਼ੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸਨਮਾਨਿਤ ਕਰਨ ਦਾ ਗੰਭੀਰ ਨੋਟਿਸ ਲੈਦਿਆਂ ਕਿਹਾ ਹੈ ਕਿ “ਸਿੱਖਾਂ ਦੇ ਕਾਤਲਾਂ ਦਾ ਸਨਮਾਨ ਸਿੱਖ ਜਗਤ ਤੇ ਮਨੱਖਤਾ ਦਾ ਅਪਮਾਨ ਹੈ। ਇਸ ਕਰਕੇ ਸ਼ੌ.ਗੁ.ਪ੍ਰ.ਕ. ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਆਪਣੇ ਅਹੁਦੇ ਤੋਂ ਤੁਰੰਤ ਅਸਤੀਫਾ ਦੇਣ”।

ਪਰਮਰਾਜ ਸਿੰਘ ਉਮਰਾਨੰਗਲ ਨੂੰ ਸਨਮਾਨਿਤ ਕਰ ਦੀ ਤਸਵੀਰ

ਇਨ੍ਹਾਂ ਜਥੇਬੰਦੀਆਂ ਵੱਲੋਂ ਜਾਰੀ ਇੱਕ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ “ਇਸ ਘਟਨਾ ਨੇ ਫਿਰ ਸਾਬਤ ਕੀਤਾ ਹੈ ਕਿ ਬਾਦਲਕੇ ਦਿੱਲੀ ਨਾਲ ਮਿਲਕੇ ਸਿੱਖ ਨੌਜਵਾਨਾਂ ਦਾ ਝੂਠੇ ਮੁਕਾਬਲਿਆਂ ਰਾਹੀਂ ਘਾਣ ਕਰਵਾਉਂਦੇ ਰਹੇ ਹਨ”।

ਜਥੇਬੰਦੀਆਂ ਨੇ ਕਿਹਾ ਕਿ “ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਵਰਗੇ ਲੋਕ ਕੇ .ਪੀ. ਐਸ. ਗਿੱਲ ਨਾਲ ਮਿਲਕੇ ਗੁਪਤ ਮੀਟਿੰਗਾਂ ਕਰਕੇ ਜਵਾਨੀ ਝੂਠੇ ਮੁਕਾਬਲਿਆਂ ਵਿੱਚ ਖਤਮ ਕਰਵਾਉਂਦੇ ਰਹੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਕੇਂ ਦੇ ਕਾਤਲਾਂ ਨੂੰ ਬਚਾਕੇ ਵੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਨਮਾਨਤ ਹੁੰਦੇ ਰਹੇ ਹਨ”।

ਜਥੇਬੰਦੀਆਂ ਨੇ ਕਿਹਾ ਕਿ “ਪਰਮਰਾਜ ਉਮਰਾਨੰਗਲ ਜੋ ਕਿ ਸਾਕਾ ਬਹਿਬਲ ਕਲਾਂ ਨਾਲ ਸਬੰਧਤ ਹੈ, ਦਾ ਸਨਮਾਨ ਕਰਕੇ ਬਾਦਲਕੇ ਪੂਰੀ ਤਰ੍ਹਾਂ ਬੇਨਕਾਬ ਹੋ ਗਏ ਹਨ। ਪਰਮਰਾਜ ਉਮਰਾਨੰਗਲ ਨੇ ਹੀ ਨਹੀਂ ਸਗੋਂ ਇਸਦੇ ਪਿਤਾ ਜੀਵਨ ਸਿੰਘ ਉਮਰਾਨੰਗਲ ਵੀ ਮੰਨੂਵਾਦੀਆਂ ਦੀ ਝੋਲੀ ਵਿੱਚ ਪੈ ਕੇ ਨਿਰੰਕਾਰੀ ਭਵਨਾਂ ਦੇ ਬੂਹੇ ਖੁਲਵਾਉਂਦਾ ਰਿਹਾ ਹੈ”।

“ਹੈਰਾਨੀ ਦੀ ਗੱਲ ਹੈ ਕਿ ਸ੍ਰੀ ਦਰਬਾਰ ਸਾਹਿਬ ਅੰਦਰ ਖਾਲਸਾ ਸਾਜਨਾ ਦਿਵਸ ਤੇ ਹੋਰ ਸਮਾਗਮ ਕਰੋਨਾ ਵਾਇਰਸ ਦੀ ਆੜ ਵਿੱਚ ਨਹੀਂ ਕੀਤੇ ਜਾ ਰਹੇ ਪਰ ਝੂਠੇ ਮੁਕਾਬਲਿਆਂ ਵਾਲਿਆਂ ਦਾ ਸਨਮਾਨ ਸੱਭ ਹੱਦਾਂ ਟੱਪ ਕੇ ਹੋ ਰਿਹਾ ਹੈ”, ਉਨ੍ਹਾਂ ਕਿਹਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version