ਚੰਡੀਗੜ੍ਹ (12 ਦਸੰਬਰ, 2015): ਪੰਜਾਬ ਦੇ ਸਾਬਕਾ ਡੀਜੀਪੀ (ਜੇਲਾਂ) ਸ਼ਸ਼ੀਕਾਂਤ ਨੇ ਇੱਥੇ 10 ਦਸੰਬਰ ਨੂੰ ਮਨੁੱਖੀ ਅਧਿਕਾਰ ਦਿਹਾੜੇ ‘ਤੇ ਕਰਵਾਏ ਗਏ ਸੈਮੀਨਾਰ ਵਿੱਚ ਬੋਲਦਿਆਂ ਕਿਹਾ ਕਿ ਇੱਕ ਬਦਨਾਮ ਪੁਲਿਸ ਅਫਸਰ ਜੋ ਕਿ ਖਾੜਕੂਵਾਦ ਦੌਰਾਨ ਆਮ ਸਿੱਖ ਨਾਗਰਿਕਾਂ ‘ਤੇ ਬੇਤਹਾਸ਼ਾ ਜ਼ੁਲਮ ਢਾਹੁਣ ਅਤੇ ਸਿੱਖ ਨੌਜਵਾਨੀ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨ ਲਈ ਜਿਮੇਵਾਰ ਹੈ, ਇਸ ਸਮੇਂ ਜਿਊਦਾ ਹੈ ਅਤੇ ਬਾਹਰਲੇ ਮੁਲਕ ਵਿੱਚ ਰਹਿ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਸ ਪੁਲਿਸ ਅਫਸਰ ਬਾਰੇ ਕਿਹਾ ਜਾਂਦਾ ਹੈ ਕਿ ਉਸਨੇ ਆਤਮ ਹੱਤਿਆ ਕਰ ਲਈ ਸੀ, ਪਰ ਉਹ ਅਜੇ ਜਿਊਦਾ ਹੈ ਅਤੇ ਕੈਨੇਡਾ ਵੱਚ ਰਹਿ ਰਿਹਾ ਹੈ।
ਸਾਬਕਾ ਪੁਲਿਸ ਅਧਿਕਾਰੀ ਸ਼ਸ਼ੀਕਾਂਤ ਨੇ ਉਕਤ ਵਿਚਾਰ ਸਿੱਖਸ ਫਾਰ ਲਾਇਰਜ਼ ਅਤੇ ਸਿੱਖ ਯੂਥ ਆਫ ਪੰਜਾਬ ਵੱਲੋਂ ਕਰਵਾਏ ਮਨੁੱਖੀ ਅਧਿਾਰਾਰਾਂ ਦੇ ਦਿਹਾੜੇ ‘ਤੇ ਸੰਮੇਲਨ ਦੌਰਾਨ ਕਹੇ।
ਸ਼ਸ਼ੀਕਾਂਤ ਨੇ ਪੁਲਿਸ ਅਧਿਕਾਰੀ ਦਾ ਨਾਂਅ ਲਏ ਬਿਨ੍ਹਾਂ ਕਿਹਾ ਕਿ ਸਬੰਧਿਤ ਪੁਲਿਸ ਅਫਸਰ ਨੇ ਖਾੜਕੂਵਾਦ ਦੌਰਾਨ ਬੜਾ ਜ਼ੁਲਮ ਢਾਹਿਆ ਅਤੇ ਅਨੇਕਾਂ ਲੋਕਾਂ ਨੂੰ ਫਰਜ਼ੀ ਪੁਲਿਸ ਮੁਕਾਬਲਿਆਂ ਵਿੱਚ ਮਾਰ ਮੁਕਾਇਆ।
ਉਨ੍ਹਾਂ ਕਿਹਾ ਕਿ ਉਕਤ ਅਫਸਰ ਨੇ ਬਾਅਦ ਵਿੱਚ ਆਪਣੀ ਆਤਮ ਹੱਤਿਆ ਦੀ ਕਹਾਣੀ ਰਚੀ ਅਤੇ ਕੈਨੇਡਾ ਪਹੁੰਚ ਕੇ ਆਰਾਮ ਦੀ ਜ਼ਿੰਦਗੀ ਜਿਉਂ ਰਿਹਾ ਹੈ।ਕੇਂਦਰ ਸਰਕਾਰ ਅਤੇ ਸੁਰੱਖਿਆ ਅਧਿਕਾਰੀਆਂ ਅਤੇ ਉਸਦੀ ਮੌਤ ਤੋਂ ਬਾਅਦ ਉਸਦਾ ਡਾਕਟਰੀ ਮੁਆਇਨਾ ਕਰਨ ਵਾਲ਼ਿਆਂ ਨੇ ਉਸਦੇ ਭੱਜਣ ਵਿੱਚ ਮੱਦਦ ਕੀਤੀ।
ਭਾਵੇਂ ਕਿ ਉਕਤ ਪੁਲਿਸ ਅਧਿਕਾਰੀ ਦੇ ਜਿਉਦਾਂ ਜਾਂ ਮੁਰਦਾ ਹੋਣ ਦਾ ਵਿਵਾਦ ਕੋਈ ਨਵਾਂ ਨਹੀਂ, ਪਰ ਇਹ ਪਹਿਲੀ ਵਾਰ ਹੈ ਕਿ ਇੱਕ ਡੀਜੀਪੀ ਪੱਧਰ ਦੇ ਅਧਿਕਾਰੀ ਨੇ ਅਜਿਹਾ ਪਰਦਾਫਾਸ਼ ਕੀਤਾ ਹੈ।