ਅੰਮ੍ਰਿਤਸਰ (2ਅਕਤੂਬਰ, 2014): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਇੱਕ ਪ੍ਰੈੱਸ ਬਿਆਨ ਵਿੱਚ ਹਰਿਆਣਾ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਦਰਮਿਆਨ ਹਰਿਆਣਾ ਸਿੱਖ ਗੁਰਦੂਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਂਗਰਸ ਦੀ ਮੱਦਦ ਕਰਨ ‘ਤੇ ਇਤਰਾਜ਼ ਉਠਾਉਦਿਆਂ ਕਿਹਾ ਕਿ ਹਰਿਆਣਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਡਾ ਨੂੰ ਸਿੱਖਾਂ ਦੀ ਦੁਸ਼ਮਣ ਕਾਂਗਰਸ ਪਾਰਟੀ ਦੀ ਮੱਦਦ ਨਾ ਕਰਨ ਬਾਰੇ ਜਰੂਰ ਵਿਚਾਰ ਕਰਨਾ ਚਾਹੀਦਾ ਹੈ।
ਜਾਰੀ ਬਿਆਨ ਵਿੱਚ ਜੂਨ 1984 ਅਤੇ ਨਵੰਬਰ 1984 ਦੇ ਸਿੱਖ ਕਤਲੇਆਮ ਦਾ ਨਾਂਅ ਲਏ ਬਿਨਾਂ ਉਨ੍ਹਾਂ ਕਿਹਾ ਕਿ ਝੀਡਾ ਅਤੇ ਉਸਦੇ ਸਮਰਥੱਕਾਂ ਨੂੰ ਇਹ ਸੋਚਣਾਂ ਚਾਹੀਦਾ ਹੈ ਕਿ ਪਿੱਛਲੇ ਸਮੇਂ ਵਿੱਚ ਕਾਂਗਰਸ ਨੇ ਸਿੱਖਾ ਨਾਲ ਕੀ ਕੀਤਾ ਹੈ?
ਇਸੇ ਦੌਰਾਨ ਉਨ੍ਹਾਂ ਨੇ ਕਿਹਾ ਕਿ ਝੀਡਾ ਦਾ ਹਰਿਆਣਾ ਵਿੱਚ ਕੋਈ ਅਧਾਰ ਨਹੀਂ ਹੈ ਅਤੇ ਹਰਿਆਣੇ ਦੇ ਸਿੱਖ ਝੀਡੇ ਦੇ ਆਖੇ ਲੱਗਕੇ ਕਾਂਗਰਸ ਨੂੰ ਵੋਟਾਂ ਨਹੀਂ ਪਾਉਣਗੇ।
ਭਾਂਵੇਂ ਕਿ ਮੱਕੜ ਨੇ ਇਸ ਗੱਲ ਨੂੰ ਸਪੱਸ਼ਟ ਸ਼ਬਦਾਂ ਵਿੱਚ ਨਹੀਂ ਕਿਹਾ, ਪਰ ਉਸਦਾ ਇਸ਼ਾਰਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਝੀਡੇ ਨੂੰ ਛੇਕਣ ਜਾਣ ਵੱਲ ਸੀ।ਝੀਡਾ ਨੂੰ ਦੀਦਾਰ ਸਿੰਘ ਨਲਵੀ ਮੀਤ ਪ੍ਰਧਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹਰਿਅਣਾ ਦੇ ਮੰਤਰੀ ਹਰਮਹਿੰਦਰ ਸਿੰਘ ਚੱਠਾ ਸਮੇਤ ਹਰਿਆਣਾ ਗੁਰਦੁਆਰਾ ਕਮੇਟੀ ਬਣਾਉਣ ਵਿੱਚ ਅਹਿਮ ਰੋਲ ਨਿਭਾਉਣ ਬਦਲੇ ਸ਼੍ਰੀ ਅਕਾਲ ਤਕਤ ਸਾਹਿਬ ਤੋਂ ਛੇਕ ਦਿੱਤਾ ਗਿਆ ਸੀ।ਇਨ੍ਹਾਂ ਤਿੰਨਾਂ ‘ਤੇ ਸਿੱਖ ਕੌਮ ਵਿੱਚ ਵੰਡੀਆਂ ਪਾਉਣ ਅਤੇ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਮਜ਼ੋਰ ਕਰਨ ਦਾ ਦੋਸ਼ ਹੈ।