ਕੀ ਪੰਜਾਬ ਅਤੇ ਭਾਰਤ ਦਾ ਭਵਿੱਖ ਸੰਘਰਸ਼ ਅਧਾਰਿਤ ਹੋਵੇਗਾ?
ਪਾਠਕ ਉੱਪਰ ਦੋ ਅਹਿਮ ਸੁਆਲ ਪੜ੍ਹ ਰਹੇ ਹਨ। ਜ਼ਮੀਨਾਂ ਦੇ ਮਸਲੇ ਨੂੰ ਲੈ ਕੇ ਕੀਤੇ ਲੰਮੇ ਸੰਘਰਸ਼ “ਕਿਸਾਨ ਮੋਰਚੇ” ਤੋਂ ਬਾਅਦ ਪੰਜਾਬ ਵਾਸੀ ਅਜੇ ਕੁਝ ਮਹੀਨੇ ਪਹਿਲਾਂ ਹੀ ਪੰਜਾਬ ਮੁੜੇ ਹਨ। ਆਉਣ ਸਾਰ ਪੰਜਾਬ ਦੇ ਜੰਗਲ, ਸਤਲੁਜ ਦੇ ਪਾਣੀ ਅਤੇ ਲੋਕਾਂ ਦੀ ਸਿਹਤ ਨੂੰ ਅਣਗੌਲਿਆਂ ਕਰ ਲਗਾਇਆ ਜਾ ਰਿਹਾ “ਮੱਤੇਵਾੜਾ ਕਾਰਖਾਨਾ ਪਾਰਕ” ਇਹਨਾਂ ਯੋਧਿਆਂ ਨੇ ਰੱਦ ਕਰਵਾਇਆ। ਇਹਨਾਂ ਦੋਹਾਂ ਮਸਲਿਆਂ ਚ ਲੰਮਾਂ ਸਮਾਂ ਸਬੰਧਿਤ ਸਰਕਾਰਾਂ ਦੀ ਕੋਸ਼ਿਸ਼ ਰਹੀ ਕਿ ਕਿਵੇਂ ਨਾ ਕਿਵੇਂ ਵਿਰੋਧ ਨੂੰ ਟਾਲਿਆ ਜਾਵੇ। ਫਿਰ ਭਾਵੇਂ ਫ਼ਾਇਦੇ ਗਿਣਾ ਕੇ, ਭਾਵੇਂ ਖੁਦ ਨੂੰ ਸਹੀ ਸਿੱਧ ਕਰਨ ਲਈ ਨੁਕਤੇ ਲੱਭ ਕੇ ਤੇ ਹੋਰ ਅਨੇਕਾਂ ਹੱਥਕੰਡਿਆਂ ਨਾਲ। ਇਹ ਸਭ ਰਾਜ ਕਰ ਚੁੱਕੀਆਂ ਤੇ ਕਰ ਰਹੀਆਂ ਧਿਰਾਂ ਅਤੇ ਕਾਰਜਪਾਲਿਕਾ /ਨੌਕਰਸ਼ਾਹੀ ਵੱਲੋਂ ਅਵਾਮ ਦੇ ਹਿੱਤਾਂ ਨੂੰ ਪਾਸੇ ਰੱਖ ਵਪਾਰਕ ਘਰਾਣਿਆਂ ਦੀ ਝੋਲੀ ਡਿੱਗਣ ਵਾਲ਼ੀ ਗੱਲ ਹੈ।
ਸਮੇਂ ਸਮੇਂ ਤੇ ਪੰਜਾਬ ਦੇ ਵੱਖ ਵੱਖ ਖਿੱਤਿਆਂ ‘ਚ ਵੱਸਦੇ ਲੋਕਾਂ ਵੱਲੋਂ ਓਹਨਾਂ ਦੀਆਂ ਮੋਟਰਾਂ ਰਾਹੀਂ ਨਿੱਕਲੇ ਗੰਧਲੇ ਪਾਣੀ ਦੀਆਂ ਤਸਵੀਰਾਂ ਵੀਡਿਓ ਅਤੇ ਖਬਰਾਂ ਸਾਂਝੀਆਂ ਕੀਤੀਆਂ ਜਾਂਦੀਆਂ ਰਹੀਆਂ ਹਨ। ਪਿਛਲੇ ਮਹੀਨੇ ਜ਼ੀਰਾ ਨੇੜਲੇ ਪਿੰਡ ਮਹੀਆਂ ਵਾਲਾ ਕਲਾਂ ਚ ਗੁਰਦੁਆਰਾ ਭਗਤ ਦੁਨੀ ਚੰਦ ਚ ਬੋਰ ਕਰਨ ਤੇ ਲਾਹਣ /ਸ਼ਰਾਬ ਨਿਕਲਣ ਤੋਂ ਬਾਅਦ ਕਾਰਖਾਨਿਆਂ ਵੱਲੋਂ ਧਰਤੀ ਹੇਠਲੇ ਪਾਣੀ ਨੂੰ ਗੰਧਲਾ ਕਰਨ ਦਾ ਮਸਲਾ ਮੁੜ ਚਰਚਾ ਚ ਹੈ ।
ਸਥਾਨਕ ਲੋਕਾਂ ਦੇ ਦੱਸਣ ਮੁਤਾਬਕ ਜ਼ੀਰਾ ਤਲਵੰਡੀ ਰੋਡ ਤੇ ਪੈਂਦੇ ਮਨਸੂਰਵਾਲ ਦੇ ਕੋਲ ਸ਼ਰਾਬ ਫੈਕਟਰੀ ਮਾਲਬਰੋਸ ਗੰਦਾ ਪਾਣੀ ਧਰਤੀ ਹੇਠਾਂ ਪਾਉਣ ਕਰਕੇ ਇਹ ਸਮੱਸਿਆ ਆਈ ਹੈ । ਪਿਛਲੇ ਮਹੀਨੇ ਤੋਂ ਇਸ ਫੈਕਟਰੀ ਦੇ ਬਾਹਰ 40 ਤੋਂ ਵੱਧ ਪਿੰਡਾਂ ਦੀਆਂ ਪੰਚਾਇਤਾਂ ਦਾ ਧਰਨਾ ਲਗਾਤਾਰ ਜਾਰੀ ਹੈ। ਬੀਤੇ ਦਿਨੀਂ ਕਾਰਖਾਨੇ ਦੇ ਬਾਹਰਵਾਰ ਕਾਰਖਾਨੇ ਦੀ ਹੀ ਮੋਟਰ ਚੋਂ ਨਿਕਲ ਰਹੇ ਗੰਦੇ ਪਾਣੀ ਦੀ ਵੀਡੀਓ ਅਤੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਸਨ ।
ਬੀਤੇ ਪਰਸੋਂ ਖੇਤੀਬਾੜੀ ਅਤੇ ਵਾਤਾਵਰਨ ਜਾਗਰੂਕਤਾ ਕੇਂਦਰ ਦੇ ਜਥੇ ਵੱਲੋਂ ਇਸ ਧਰਨੇ ਚ ਸ਼ਮੂਲੀਅਤ ਕੀਤੀ ਗਈ । ਪਿਛਲੇ ਮਹੀਨੇ ਤੋਂ ਧਰਨੇ ਤੇ ਬੈਠੇ ਲੋਕਾਂ ਵੱਲੋਂ ਦੱਸਿਆ ਗਿਆ ਕਿ ਫੈਕਟਰੀ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਚ ਕੈਂਸਰ ਕਾਲਾ ਪੀਲੀਆ ਦਿਲ ਦੇ ਰੋਗ ਅਤੇ ਚਮੜੀ ਰੋਗਾਂ ਦੀ ਤਾਦਾਦ ਆਮ ਨਾਲੋਂ ਕਿਤੇ ਵੱਧ ਹੈ । ਮਾਰਚ ਚ ਇਸੇ ਫੈਕਟਰੀ ਦੀ ਸੁਆਹ ਪਿੰਡਾਂ ਦੇ ਲੋਕਾਂ ਦੇ ਪੱਠਿਆਂ (ਹਰਾ ਚਾਰਾ) ਉੱਤੇ ਪੈਣ ਕਰਕੇ ਪੱਠੇ ਜ਼ਹਿਰੀਲੇ ਹੋ ਗਏ ਜਿਸ ਕਰਕੇ 24-25 ਘਰਾਂ ਦੇ ਤਕਰੀਬਨ 90 ਪਸ਼ੂਆਂ ਦੀ ਮੌਤ ਹੋਈ ਸੀ, ਜਿਸ ਤੋਂ ਬਾਅਦ ਕਾਰਖਾਨੇ ਵੱਲੋਂ ਮੁਆਵਜ਼ਾ ਵੀ ਦਿੱਤਾ ਗਿਆ ਸੀ। ਇਹ ਵੀ ਜ਼ਿਕਰਯੋਗ ਹੈ ਕਿ ਇਸ ਕਾਰਖਾਨੇ ਵਿਚ ਅਜਿਹੇ ਕੈਮੀਕਲਾਂ ਦਾ ਭੰਡਾਰ ਹੈ ਜੋ ਜੇਕਰ ਅੱਗ ਫੜ੍ਹਦੇ ਨੇ ਤਾਂ ਧਮਾਕਾ ਐਨਾ ਜਬਰਦਸਤ ਹੋ ਸਕਦਾ ਹੈ ਜਿਸ ਕਾਰਨ ਕਈ ਕਿਲੋਮੀਟਰ ਤੱਕ ਨੁਕਸਾਨ ਹੋਣ ਦੀ ਸੰਭਾਵਨਾ ਹੈ। ਪਰ ਕਾਰਖਾਨੇ ਤੋਂ ਰਿਹਾਇਸ਼ੀ ਖੇਤਰ ਦੀ ਦੂਰੀ ਮਹਿਜ 300-400 ਮੀਟਰ ਹੈ ।
ਕਾਰੋਬਾਰੀ ਘਰਾਣਿਆਂ ਵੱਲੋਂ ਪੂੰਜੀਵਾਦੀ ਭੁੱਖ ਕਰਕੇ ਲੋਕਾਂ ਨੂੰ ਵੰਡੇ ਜਾ ਰਹੇ ਰੋਗਾਂ ਖ਼ਿਲਾਫ਼ ਵੱਡੀ ਗਿਣਤੀ ‘ਚ ਇੱਕਜੁਟ ਹੋਏ ਲੋਕ ਹੁਣ ਇਸਨੂੰ ਆਪਣੀ ਹੋਂਦ ਦੀ ਲੜਾਈ ਮੰਨੀ ਬੈਠੇ ਹਨ । ਪ੍ਰਾਪਤ ਜਾਣਕਾਰੀ ਮੁਤਾਬਿਕ ਪ੍ਰਸ਼ਾਸ਼ਨ ਅਤੇ ਕਾਰਖਾਨਾ ਮਾਲਕਾਂ ਵੱਲੋਂ ਧਰਨਾ ਚੁਕਵਾਉਣ ਲਈ ਤਰ੍ਹਾਂ ਤਰ੍ਹਾਂ ਦੇ ਹਥਕੰਡੇ ਵੀ ਅਪਣਾਏ ਜਾ ਰਹੇ ਹਨ।
ਕੁਝ ਦਿਨ ਪਹਿਲਾਂ ਤੋਂ ਕੌਮੀ ਰਾਜਮਾਰਗ (ਨੈਸ਼ਨਲ ਹਾਈਵੇ) ‘ਤੇ ਕਾਰਖਾਨਾ ਮਜ਼ਦੂਰਾਂ ਦਾ ਧਰਨਾ ਵੀ ਜਾਰੀ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਇਹ ਪੈਂਤੜਾ ਕਾਰਖਾਨਾ ਮਾਲਕਾਂ ਅਤੇ ਉਸਦੇ ਸਹਯੋਗੀ ਪ੍ਰਸ਼ਾਸਨਿਕ, ਰਾਜਨੀਤਿਕ ਲੋਕਾਂ ਵੱਲੋਂ ਮਸਲੇ ਨੂੰ ਕਿਸਾਨ ਬਨਾਮ ਮਜ਼ਦੂਰ ਬਣਾ ਕੇ ਧਰਨਾ ਚੁਕਵਾਉਣ ਲਈ ਚੱਲਿਆ ਗਿਆ ਹੈ। ਖ਼ੈਰ, ਗੁਰੂ ਆਸ਼ੇ ‘ਚ ਬੈਠੇ ਇਹ ਲੋਕ ਗੁਰੂ ਪਾਤਸ਼ਾਹ ਦੇ ਆਦਰਸ਼ਾਂ ਤੋਂ ਅਗਵਾਈ ਲੈ ਆਪਣੀ ਹੋਂਦ ਦੀ ਲੜਾਈ ਜਿੱਤਣ ਲਈ ਜਿੰਨਾ ਵੀ ਲੰਮਾ ਚੱਲੇ, ਮੋਰਚੇ ਲਈ ਤਿਆਰ ਹਨ।
ਖੇਤੀਬਾੜੀ ਅਤੇ Exports India ਤੇ ਪਾਈ ਜਾਣਕਾਰੀ ਮੁਤਾਬਿਕ ਕੰਪਨੀ ਸਿਲਵਰ ਪੋਟਾਸ਼ੀਅਮ ਸਾਇਨਾਈਡ, ਸੋਡੀਅਮ ਸਲਫਾਈਟ, ਮੋਨੋਈਥਾਨੋਲਮਾਈਨ ਆਦਿ ਤੇ ਵੀ ਕੰਮ ਕਰਦੀ ਹੈ। ਵਾਤਾਵਰਣ ਜਾਗਰੂਕਤਾ ਕੇਂਦਰ ਹਰ ਸੰਭਵ ਤਰੀਕੇ ਨਾਲ ਇਸ ਮੋਰਚੇ ਦਾ ਸਹਿਯੋਗ ਕਰੇਗਾ। ਇਹ ਮਸਲਾ ਇੱਕੱਲੇ ਜ਼ੀਰੇ ਦਾ ਨਹੀਂ। ਇਹ ਪੰਜਾਬ ਦਾ ਮਸਲਾ ਹੀ ਹੈ।
ਅਜਿਹੀਆਂ ਸਮੱਸਿਆਵਾਂ ਪੰਜਾਬ ‘ਚ ਕਈ ਜਗ੍ਹਾ ਤੋਂ ਸਾਹਮਣੇ ਆ ਚੁੱਕੀਆਂ ਹਨ। ਮੱਤੇਵਾੜਾ ਕਾਰਖਾਨਾ ਪਾਰਕ ਵੀ ਤਾਂ ਕਈ ਰਾਜਨੀਤਿਕ ਆਗੂਆਂ ਨੇ ਆਪਣੇ ਨਿੱਜੀ ਹਿੱਤਾਂ ਜਾਂ ਅਣਜਾਣਪੁਣੇ (ਇਸਦੀ ਸੰਭਾਵਨਾ ਨਿਰਮੂਲ ਜਾਪਦੀ ਹੈ) ਕਰਕੇ ਕਈ ਹੋਰ ਥਾਂ ਲਾਉਣ ਦੀ ਕਵਾਇਦ ਰੱਖੀ ਹੈ। ਸਾਡੀ ਜਿੰਮੇਵਾਰੀ ਬਣਦੀ ਹੈ ਕਿ ਪੰਜਾਬ ਨੂੰ ਦਰਪੇਸ਼ ਇਹਨਾਂ ਸਮੱਸਿਆਵਾਂ ਬਾਰੇ ਜਾਗਰੂਕ ਅਤੇ ਜਥੇਬੰਦ ਹੋਈਏ।