ਨਵੀਂ ਦਿੱਲੀ: ਭੀਮਾ ਕੋਰੇਗਾਂਓਂ ਹਿੰਸਾ ਦੇ ਮਾਮਲੇ ਵਿਚ ਮਹਾਰਾਸ਼ਟਰ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ 5 ਮਨੁੱਖੀ ਹੱਕਾਂ ਦੇ ਕਾਰਕੁੰਨਾਂ ਨੂੰ ਅੱਜ ਭਾਰਤੀ ਸੁਪਰੀਮ ਕੋਰਟ ਨੇ 17 ਸਤੰਬਰ ਤਕ ਘਰ ਵਿਚ ਨਜ਼ਰਬੰਦ ਰੱਖਣ ਦੇ ਹੁਕਮ ਕੀਤੇ ਹਨ।
ਅੱਜ ਸੁਪਰੀਮ ਕੋਰਟ ਦੇ ਮੁੱਖ ਜੱਜ ਦੀਪਕ ਮਿਸਰਾ, ਜੱਜ ਏਐਮ ਖਾਨਵਿਲਕਰ ਅਤੇ ਜੱਜ ਡੀਵਾਈ ਚੰਦਰਾਚੂੜ ਨੇ ਇਤਿਹਾਸਕਾਰ ਰੋਮਿਲਾ ਥਾਪਰ ਅਤੇ ਚਾਰ ਹੋਰਾਂ ਵਲੋਂ ਦਰਜ ਕਰਾਈ ਅਪੀਲ ‘ਤੇ ਸੁਣਵਾਈ ਕਰਨੀ ਸੀ। ਪਰ ਅਪੀਲਕਰਤਾ ਦੇ ਵਕੀਲ ਅਭਿਸ਼ੇਕ ਮਨੂ ਸਿੰਘਵੀ ਦੇ ਕਿਸੇ ਹੋਰ ਅਦਾਲਤ ਵਿਚ ਰੁੱਝੇ ਹੋਣ ਕਾਰਨ ਜੱਜਾਂ ਨੇ ਇਸ ਅਪੀਲ ‘ਤੇ ਸੁਣਵਾਈ ਨੂੰ 17 ਸਤੰਬਰ ਤਕ ਮੁਲਤਵੀ ਕਰ ਦਿੱਤਾ।
ਇਸ ਤੋਂ ਪਹਿਲਾਂ ਵਕੀਲ ਸਿੰਘਵੀ ਨੇ ਅਦਾਲਤ ਵਿਚ ਪੇਸ਼ ਹੋ ਕੇ ਬੇਨਤੀ ਕੀਤੀ ਕਿ ਉਪਰੋਕਤ ਅਪੀਲ ‘ਤੇ ਸੁਣਵਾਈ ਦੁਪਹਿਰ ਨੂੰ ਕਰ ਲਈ ਜਾਵੇ ਕਿਉਂਕਿ ਉਨ੍ਹਾਂ ਨੂੰ ਕਿਸੇ ਹੋਰ ਮਾਮਲੇ ਵਿਚ ਅਦਾਲਤ ਵਿਚ ਪੇਸ਼ ਹੋਣਾ ਪੈ ਰਿਹਾ ਹੈ।
ਗੌਰਤਲਬ ਹੈ ਕਿ ਮਹਾਰਾਸ਼ਟਰ ਪੁਲਿਸ ਨੇ 28 ਅਗਸਤ ਨੂੰ ਵਰਵਰਾ ਰਾਓ, ਅਰੁਨ ਫੇਰੇਰਾ, ਵਰਨਨ ਗੋਂਜ਼ਾਲਵਿਸ, ਸੁਧਾ ਭਾਰਦਵਾਜ਼ ਅਤੇ ਗੌਤਮ ਨਵਲੱਖਾ ਨੂੰ ਇਸ ਮਾਮਲੇ ਵਿਚ ਗ੍ਰਿਫਤਾਰ ਕੀਤਾ ਸੀ।