Site icon Sikh Siyasat News

ਕਾਂਗਰਸ ਦੇ ਸਿੱਖਾਂ ਨੂੰ ਵੰਡਣ ਦੇ ਯਤਨ ਬਰਦਾਸ਼ਤ ਨਹੀਂ ਕੀਤੇ ਜਾਣਗੇ:ਮੱਕੜ

ਅੰਮ੍ਰਿਤਸਰ (16 ਜੂਨ2014): ਹਰਿਆਣੇ ਦੇ ਸਿੱਖਾਂ ਵੱਲੋਂ ਹਰਿਆਣਾ ਦੇ ਇਤਿਹਾਸਕ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦੀ ਮੰਗ ਦੀ ਹਰਿਆਣਾ ਦੇ ਕਾਂਗਰਸੀ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵੱਲੋਂ ਹਾਮੀ ਭਰਨ ਦੀ ਆਲੋਚਨਾ ਕਰਦਿਆਂ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ  ਅਵਤਾਰ ਸਿੰਘ ਮੱਕੜ ਨੇ ਦੋਸ਼ ਲਾਇਆ ਹੈ ਕਿ ਹਰਿਆਣਾ ਕਾਂਗਰਸ ਆਪਣੇ ਸੌੜੇ ਸਿਆਸੀ ਮੰਤਵ ਲਈ ਵੱਖਰੀ ਗੁਰਦੁਆਰਾ ਕਮੇਟੀ ਦੇ ਨਾਂ ’ਤੇ ਸਿੱਖਾਂ ਨੂੰ ਵੰਡਣ ਦਾ ਯਤਨ ਕਰ ਰਹੀ ਹੈ।

ਸ੍ਰ. ਮੱਕੜ ਨੇ ਵੱਖਰੀ ਕਮੇਟੀ ਦੇ ਮਾਮਲੇ ’ਤੇ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ’ਤੇ ਦੋਸ਼ ਲਾਇਆ ਕਿ ਉਹ ਕਾਂਗਰਸ ਦੇ ਮੰਤਵ ਨੂੰ ਪੂਰਾ ਕਰਨ ਲਈ ਹਰਿਆਣਾ ਦੇ ਸਿੱਖਾਂ ਨੂੰ ਵੰਡਣ ਦਾ ਯਤਨ ਕਰ ਰਹੇ ਹਨ ਪਰ ਸਮੁੱਚਾ ਪੰਥ ਇਸ ਨੂੰ ਕਦੇ ਬਰਦਾਸ਼ਤ ਨਹੀਂ ਕਰੇਗਾ।

ਉਨ੍ਹਾਂ ਆਖਿਆ ਕਿ ਕਾਂਗਰਸ ਵੱਲੋਂ ਇੱਕ ਸਾਜਿਸ਼ ਤਹਿਤ ਸਿੱਖਾਂ ਦੀ ਇਸ ਮਿੰਨੀ ਪਾਰਲੀਮੈਂਟ ਸ਼੍ਰੋਮਣੀ ਕਮੇਟੀ ਨੂੰ ਢਾਹ ਲਾਈ ਜਾ ਰਹੀ ਹੈ, ਜਿਸਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਵੱਲੋਂ ਹਮੇਸ਼ਾ ਹੀ ਸਿੱਖ ਮਾਮਲਿਆਂ ’ਚ ਦਖਲਅੰਦਾਜ਼ੀ ਕੀਤੀ ਜਾਂਦੀ ਰਹੀ ਹੈ ਅਤੇ ਹੁਣ ਮੁੜ ਗੁਰਦੁਆਰਿਆਂ ਵਿੱਚ ਘੁਸਪੈਠ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।

ਪੰਜਾਬੀ ਟ੍ਰਿਬਿਊਨ ਅਖਬਾਰ ਅਨੁਸਾਰ ਇਸ ਸਬੰਧੀ ਉਨ੍ਹਾਂ ਅੱਜ ਰੋਹਤਕ ਵਿੱਚ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਬਾਬਾ ਦਯਾ ਸਿੰਘ ਸੁਰਸਿੰਘ ਵਾਲਿਆਂ ਦੀ ਯਾਦ ਨੂੰ ਸਮਰਪਿਤ ਹੋਏ ਗੁਰਮਤਿ ਸਮਾਗਮ ਦੌਰਾਨ ਵੀ ਸੰਗਤ ਨੂੰ ਸੰਬੋਧਨ ਕਰਦਿਆਂ ਹਰਿਆਣਾ ਕਾਂਗਰਸ ਦੀਆਂ ਸਿੱਖ ਮਾਰੂ ਚਾਲਾਂ ਤੋਂ ਤੋਂ ਸੁਚੇਤ ਕੀਤਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version