ਬਠਿੰਡਾ (18 ਜਨਵਰੀ, 2016): ਨਵੰਬਰ 1984 ਵਿੱਚ ਦਿੱਲੀ ਸਿੱਖ ਨਸਲਕੁਸ਼ੀ ਦੌਰਾਨ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹੋਏ ਸਿੱਖ ਕਤਲੇਆਮ ਸਮੇਂ ਹਰਿਆਣਾ ਦੇ ਗੁੜਗਾਉਂ ਜਿਲੇ ਦੇ ਪਿੰਡ ਹੋਂਦ ਚਿੱਲੜ ਵਿੱਚ ਹੋਏ ਸਿੱਖ ਕਤਲੇਆਮ ਦੇ ਪੀੜਤਾਂ ਦੇ ਪਰਿਵਾਰਾਂ ਨੂੰ ਹਰਿਆਣਾ ਸਰਕਾਰ ਨੇ 7 ਕਰੋੜ 35 ਲੱਖ ਦੇ ਮੁਆਵਜ਼ੇ ਦੀ ਰਾਸ਼ੀ ਜਾਰੀ ਕਰ ਦਿੱਤੀ ਹੈ ।
ਕੇਸ ਦੀ ਪੈਰਵੀ ਕਰ ਰਹੇ ਮਨਵਿੰਦਰ ਸਿੰਘ ਗਿਆਸਪੁਰਾ ਤੇ ਦਰਸ਼ਨ ਸਿੰਘ ਘੋਲੀਆ ਨੇ ਦੱਸਿਆ ਕਿ ਮਿ੍ਤਕ ਪਰਿਵਾਰਾਂ ਦੇ ਵਾਰਿਸਾਂ ਨੂੰ ਕਰੀਬ 3 ਕਰੋੜ ਦੇ ਕਰੀਬ ਰਾਸ਼ੀ ਨਵੰਬਰ 2015 ‘ਚ ਵੰਡੀ ਜਾ ਚੁੱਕੀ ਹੈ, ਜੋ ਬਾਕੀ ਹਨ ਉਨ੍ਹਾਂ ਨੂੰ ਹੁਣ ਜਾਰੀ ਹੋਣ ਜਾ ਰਹੀ ਹੈ ।
ਉਕਤ ਆਗੂਆਂ ਨੇ ਦੱਸਿਆ ਕਿ ਇਹ ਮੁਆਵਜਾ ਰਾਸ਼ੀ ਪਹਿਲਾਂ ਤੋਂ 7-7 ਲੱਖ ਮੁਆਵਜ਼ਾ ਲੈ ਚੁੱਕੇ ਪਰਿਵਾਰਾਂ ਨੂੰ 20-20 ਲੱਖ ਰੁਪਏ, ਅਜੇ ਤੱਕ ਕੋਈ ਵੀ ਮੁਆਵਜ਼ਾ ਨਾ ਲੈ ਸਕਣ ਵਾਲੀ ਫੌਜੀ ਇੰਦਰਜੀਤ ਸਿੰਘ ਦੀ ਪਤਨੀ ਕੰਵਲਜੀਤ ਕੌਰ ਨੂੰ 25 ਲੱਖ, ਸਿਰ ਦੀ ਸੱਟ ਕਾਰਨ ਦਿਮਾਗੀ ਸੰਤੁਲਨ ਗਵਾ ਚੁੱਕੀ ਰਮੇਸ਼ ਕੁਮਾਰੀ ਨੂੰ 50 ਲੱਖ, ਫੱਟੜਾਂ ਨੂੰ 1-1 ਲੱਖ ਰੁਪਏ ਦਿੱਤੇ ਜਾਣਗੇ ।ਘਰ-ਬਾਹਰ ਦੇ ਨੁਕਸਾਨ ਤੇ ਗੁਰਦੁਆਰੇ ਦੇ ਨੁਕਸਾਨ ਲਈ 5-5 ਲੱਖ ਰੁਪਏ ਦਿੱਤੇ ਜਾਣਗੇ ।
ਪੀੜਤਾਂ ਲਈ ਮਿਲੇ ਮੁਆਵਜ਼ੇ ਲਈ ਵਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਮੰਗ ਕੀਤੀ ਕਿ ਕਮਿਸ਼ਨ ਦੀ ਰਿਪੋਰਟ ਅਨੁਸਾਰ ਇਸ ਕੇਸ ਨੂੰ ਦਬਾਉਣ ਲਈ ਜਿਨ੍ਹਾਂ 2 ਵਿਅਕਤੀਆਂ ਦੀ ਭੂਮਿਕਾ ਕਮਿਸ਼ਨ ਦੇ ਸਾਹਮਣੇ ਆਈ ਹੈ, ਉਨ੍ਹਾਂ ‘ਚ ਰਾਮ ਕਿਸੋਰ ਤੇ ਰਾਮ ਭੱਜ ਸ਼ਾਮਿਲ ਹਨ, ਜਿਨ੍ਹਾਂ ਖਿਲਾਫ ਅਗਲੀ ਕਾਰਵਾਈ ਕਾਨੂੰਨੀ ਮਾਹਰਾਂ ਦੇ ਸਹਿਯੋਗ ਨਾਲ ਜਾਰੀ ਰੱਖ਼ੀ ਜਾਵੇਗੀ ।