ਚੰਡੀਗੜ੍ਹ (19 ਮਾਰਚ, 2015): ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾਂ ਗਾਧੀਦੇ ਕਤਲ ਤੋਂ ਬਾਅਦ ਸਿੱਖਾਂ ਦੀ ਯੋਜਨਾਬੱਧ ਤਰੀਕੇ ਨਾਲ ਕੀਤੀ ਗਈ ਨਸਲਕੁਸ਼ੀ ਦੌਰਾਨ 2 ਨਵੰਬਰ 1984 ਨੂੰ ਗੁੜਗਾਉਂ ‘ਚ ਕਤਲ ਕੀਤੇ 47 ਸਿੱਖਾਂ ਅਤੇ ਸਾੜੇ ਗਏ 297 ਘਰਾਂ ਨਾਲ ਸੰਬੰਧਿਤ ਮਾਮਲੇ ਦੀ ਅੱਜ ‘ਗਰਗ ਜਾਂਚ ਕਮਿਸ਼ਨ’ ਦੀ ਅਦਾਲਤ ‘ਚ ਸੁਣਵਾਈ ਹੋਈ, ਕਮਿਸ਼ਨ ਅੱਗੇ ਅੱਜ 14 ਪੀੜਿਤਾਂ ਨੇ ਆਪਣੇ ਬਿਆਨ ਦਰਜ ਕਰਵਾਏ, ਜਿਨ੍ਹਾਂ ‘ਚ ਆਪਣੀ ਮਾਂ ਸੁੰਦਰ ਕੌਰ ਅਤੇ ਭਰਾ ਜਿੰਦਰ ਪਾਲ ਸਿੰਘ ਨੂੰ ਕਤਲੇਆਮ ਦੀ ਭੇਂਟ ਚੜ੍ਹਦਾ ਦੇਖਣ ਵਾਲੀ ਬੀਬੀ ਕੰਵਲਜੀਤ ਕੌਰ ਨੇ ਬਿਆਨ ਦਰਜ ਕਰਵਾਏ ।
ਇਸ ਤੋਂ ਇਲਾਵਾ ਆਪਣੇ ਪਿਤਾ ਜੋਧ ਸਿੰਘ ਨੂੰ ਇਸ ਕਤਲੇਆਮ ‘ਚ ਗੁਆ ਚੁੱਕੇ ਸੰਤੋਖ ਸਿੰਘ ਸਾਹਨੀ ਨੇ ਕਤਲੇਆਮ ਦੀ ਦਰਦ ਭਰੀ ਵਿੱਥਿਆ ਕਮਿਸ਼ਨ ਨੂੰ ਸੁਣਾਈ । ਇਨ੍ਹਾਂ ਤੋਂ ਇਲਾਵਾ ਬੀਬੀ ਗੁਰਮੀਤ ਕੌਰ, ਪਰਮਿੰਦਰ ਸਿੰਘ, ਸੁਰਜੀਤ ਕੌਰ, ਕੰਵਰਮਨਜੀਤ ਸਿੰਘ, ਚਰਨਜੀਤ ਕੌਰ, ਜਸਵੰਤ ਸਿੰਘ, ਹਰੀ ਸਿੰਘ, ਅਰਵਿੰਦਰ ਸਿੰਘ, ਸੁਰਿੰਦਰ ਸਿੰਘ, ਬਲਦੇਵ ਸਿੰਘ ਅਤੇ ਜਸਵੀਰ ਕੌਰ, ਜਿਨ੍ਹਾਂ ਦਾ ਘਰ-ਬਾਰ ਤੇ ਬਿਜ਼ਨਸ ਅੱਗ ਦੀ ਭੇਟ ਚੜ੍ਹਾ ਦਿੱਤਾ ਗਿਆ ਸੀ, ਨੇ ਵੀ ਆਪਣੀ ਵਿੱਥਿਆ ਕਮਿਸ਼ਨ ਨੂੰ ਸੁਣਾਈ ।
ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਆਗੂਆਂ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਅਤੇ ਭਾਈ ਦਰਸ਼ਨ ਸਿੰਘ ਘੋਲੀਆ ਨੇ ਦੱਸਿਆ ਕਿ ਕਮਿਸ਼ਨ ਨੇ ਮਾਮਲੇ ਦੀ ਸੁਣਵਾਈ 9 ਅਪ੍ਰੈਲ ‘ਤੇ ਪਾ ਦਿੱਤੀ ਹੈ ।
ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਕਰ ਰਹੇ ਗਰਗ ਕਮਿਸ਼ਨ ਦੀ ਮਿਆਦ 31 ਮਾਰਚ ਨੂੰ ਸਮਾਪਤ ਹੋ ਰਹੀ ਹੈ । ਸਰਕਾਰ ਨੂੰ ਚਾਹੀਦਾ ਹੈ ਕਿ ਉਹ ਗੁੜਗਾਉਂ ਪਟੌਦੀ ਦੇ ਕੇਸਾਂ ਦੇ ਨਿਪਟਾਰੇ ਤੱਕ ਇਸ ਨੂੰ ਦੀ ਮਿਆਦ ਨੂੰ ਵਧਾਵੇ । ਇਸ ਮੌਕੇ ਉਨ੍ਹਾਂ ਨਾਲ ਲਖਵੀਰ ਸਿੰਘ ਰੰਡਿਆਲ਼ਾ, ਗਿਆਨ ਸਿੰਘ ਖਾਲਸਾ ਅਤੇ ਸੰਜੀਵ ਸਿੰਘ ਹਿਸਾਰ ਆਦਿ ਵੀ ਹਾਜ਼ਰ ਸਨ ।